- ਕਿਹਾ, ਕਮਿਸ਼ਨ ਨੇ ਅਪ੍ਰੈਲ ਮਹੀਨੇ ਦੌਰਾਨ 134 ਕੇਸਾਂ ਦਾ ਕੀਤਾ ਨਿਪਟਾਰਾ
- ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕੇਂਦਰੀ ਜੇਲ੍ਹ ਦਾ ਦੌਰਾ ਕਰਕੇ ਮਹਿਲਾ ਕੈਦੀਆਂ ਦੀਆਂ ਸੁਣੀਆਂ ਸਮੱਸਿਆਵਾਂ
- ਸਮੱਸਿਆਵਾਂ ਦੇ ਹੱਲ ਲਈ ਜੇਲ੍ਹ ਅਧਿਕਾਰੀਆਂ ਨੂੰ ਮੌਕੇ 'ਤੇ ਦਿੱਤੇ ਨਿਰਦੇਸ਼
ਹੁਸ਼ਿਆਰਪੁਰ, 25 ਮਈ:
ਮਹਿਲਾਵਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਜਦੋਂ ਮਹਿਲਾਵਾਂ ਆਪਣੇ ਅਧਿਕਾਰਾਂ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਹੋ ਜਾਣਗੀਆਂ, ਤਾਂ ਸਮਾਜ ਵਿੱਚ ਦਾਜ, ਬਲਤਕਾਰ ਅਤੇ ਘਰੇਲੂ ਝਗੜਿਆਂ ਵਰਗੀਆਂ ਸਮਾਜਿਕ ਬੁਰਾਈਆਂ ਆਪਣੇ-ਆਪ ਦੂਰ ਹੋ ਜਾਣਗੀਆਂ। ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਮਨੀਸ਼ਾ ਗੁਲਾਟੀ ਨੇ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਵਿਖੇ ਮਹਿਲਾ ਕੈਦੀਆਂ ਨਾਲ ਮੁਲਾਕਾਤ ਦੌਰਾਨ ਇਹ ਗੱਲ ਕਹੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕੇਂਦਰੀ ਜੇਲ੍ਹ ਦਾ ਦੌਰਾ ਕਰਕੇ ਮਹਿਲਾ ਕੈਦੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਜੇਲ੍ਹ ਅਧਿਕਾਰੀਆਂ ਨੂੰ ਸਮੱਸਿਆਵਾਂ ਦੇ ਹੱਲ ਲਈ ਨਿਰਦੇਸ਼ ਦਿੱਤੇ।
ਪੰਜਾਬ ਰਾਜ ਮਹਿਲਾ ਕਮਿਸ਼ਨ ਬਾਰੇ ਗੱਲ ਕਰਦਿਆਂ ਉਨ੍ਹਾਂ
ਕਿਹਾ ਕਿ ਕਮਿਸ਼ਨ ਨੂੰ ਅਪ੍ਰੈਲ ਮਹੀਨੇ ਦੌਰਾਨ ਦਾਜ, ਬਲਾਤਕਾਰ, ਜਾਇਦਾਦ, ਘਰੇਲੂ ਝਗੜੇ/ਮਾਰਕੁੱਟ, ਸੈਕਸੁਅਲ ਹਰਾਸਮੈਂਟ ਸਬੰਧੀ ਕੁੱਲ 140 ਸ਼ਿਕਾਇਤਾਂ ਮਿਲੀਆਂ ਸਨ, ਜਿਨ੍ਹਾਂ ਵਿੱਚੋਂ ਕਮਿਸ਼ਨ ਵਲੋਂ 134 ਕੇਸਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਾਜ ਵਿੱਚ ਸਭ ਤੋਂ ਜ਼ਿਆਦਾ ਮਾਮਲੇ ਐਨ.ਆਰ.ਆਈ. ਲੜਕਿਆਂ ਵਲੋਂ ਪੀੜਤ ਮਹਿਲਾਵਾਂ ਦੇ ਆਉਂਦੇ ਹਨ, ਜੋ ਪੰਜਾਬ ਦੀਆਂ ਕੁੜੀਆਂ ਨਾਲ ਵਿਆਹ ਤਾਂ ਕਰ ਲੈਂਦੇ ਹਨ, ਪਰ ਉਨ੍ਹਾਂ ਨੂੰ ਵਿਚਕਾਰ ਹੀ ਛੱਡ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਨੂੰ ਹੱਲ ਕਰਨ ਲਈ ਕੇਂਦਰ ਸਰਕਾਰ ਵਿਦੇਸ਼ਾਂ ਦੀਆਂ ਅੰਬੈਂਸੀਆਂ ਨਾਲ ਸੰਪਰਕ ਕਰਕੇ ਵਧੀਆ ਢੰਗ ਨਾਲ ਹੱਲ ਕਰ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਐਨ.ਆਰ.ਆਈਜ਼ ਨਾਲ ਵਿਆਹ ਕਰਾਉਣ ਤੋਂ ਪਹਿਲਾਂ ਲੜਕੀਆਂ ਨੂੰ ਪੂਰੀ ਤਰ੍ਹਾਂ ਨਾਲ ਲੜਕਿਆਂ ਸਬੰਧੀ ਪੁੱਛ ਪੜਤਾਲ ਕਰ ਲੈਣੀ ਚਾਹੀਦੀ ਹੈ, ਤਾਂ ਜੋ ਬਾਅਦ ਵਿੱਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨਾ ਆਉਣ।
ਇਸ ਤੋਂ ਬਾਅਦ ਸ੍ਰੀਮਤੀ ਗੁਲਾਟੀ ਨੇ ਮਹਿਲਾ ਕੈਦੀਆਂ ਨਾਲ ਨਿੱਜੀ ਤੌਰ 'ਤੇ ਮੁਲਾਕਾਤ ਵੀ ਕੀਤੀ ਅਤੇ ਜੇਲ੍ਹ ਅੰਦਰ ਪੇਸ਼ ਆਉਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਸਮੱਸਿਆਵਾਂ ਸੁਣਨ ਤੋਂ ਬਾਅਦ ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜੇਲ੍ਹ ਅੰਦਰ ਮਹਿਲਾ ਕੈਦੀਆਂ ਦੀ ਸਿਹਤ ਸਹੂਲਤਾਂ ਲਈ ਮਹਿਲਾ ਡਾਕਟਰ ਦੀ ਤਾਇਨਾਤੀ ਕਰਨ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਮਹਿਲਾਵਾਂ ਲਈ ਵਿਸ਼ੇਸ਼ ਤੌਰ 'ਤੇ ਕੌਂਸਲਰ, ਕਾਨੂੰਨੀ ਸਲਾਹਕਾਰ, ਐਨ.ਜੀ.ਓ. ਵਲੋਂ ਕਿੱਤਾਮੁਖੀ ਕੋਰਸ, ਐਨ.ਆਰ.ਆਈ. ਸੈਲ, ਰਿਹੈਬਲੀਟੇਸ਼ਨ ਸੈਂਟਰ, ਸੈਨਟਰੀ ਨੈਪਕਿਨ, ਸਾਫ ਪਾਣੀ ਤੋਂ ਇਲਾਵਾ ਸਾਫ਼ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ 2 ਮਹਿਲਾ ਬੰਦੀਆਂ ਅੱਗੇ ਪੜ੍ਹਨਾ ਵੀ ਚਾਹੁੰਦੀਆਂ ਹਨ। ਇਸ ਲਈ ਉਨ੍ਹਾਂ ਦੀ ਅਗਲੇਰੀ ਪੜ੍ਹਾਈ ਸਬੰਧੀ ਵਿਸ਼ੇਸ਼ ਤੌਰ 'ਤੇ ਪ੍ਰਬੰਧ ਕੀਤੇ ਜਾਣ। ਉਨ੍ਹਾਂ ਮਹਿਲਾ ਕੈਦੀਆਂ ਨੂੰ ਵੀ ਜਾਗਰੂਕ ਕਰਦਿਆਂ ਕਿਹਾ ਕਿ ਜੇਲ੍ਹ ਅੰਦਰ ਬੁਨਿਆਦੀ ਸਹੂਲਤਾਂ ਲੈਣਾ ਉਨ੍ਹਾਂ ਦਾ ਹੱਕ ਹੈ ਅਤੇ ਇਸ ਸਬੰਧੀ ਸਮੇਂ-ਸਮੇਂ ਸਿਰ ਜੇਲ੍ਹ ਸੁਪਰਡੈਂਟ ਨੂੰ ਜਾਣੂ ਕਰਵਾ ਕੇ ਹਰ ਸੰਭਵ ਸਹਾਇਤਾ ਹਾਸਲ ਕੀਤੀ ਜਾ ਸਕਦੀ ਹੈ।
ਇਸ ਮੌਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਕੌਂਸਲਰ ਅਤੇ ਸਲਾਹਕਾਰ ਸ੍ਰੀ ਲਵ ਸ਼ਰਮਾ, ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਾਲ, ਐਸ.ਪੀ. ਸ੍ਰੀ ਹਰਪ੍ਰੀਤ ਸਿੰਘ ਮੰਡੇਰ, ਡੀ.ਐਸ.ਪੀ. ਸ਼੍ਰੀ ਸੁਖਵਿੰਦਰ ਸਿੰਘ, ਡਿਪਟੀ ਸੁਪਰਡੈਂਟ ਜੇਲ੍ਹ ਸ੍ਰੀ ਹਰਭਜਨ ਸਿੰਘ, ਐਡਵੋਕੇਟ ਸ਼ਿਵਾਂਕਰ ਗੁਲਾਟੀ ਤੋਂ ਇਲਾਵਾ ਕੇਂਦਰੀ ਜੇਲ੍ਹ ਦੇ ਸਟਾਫ਼ ਮੈਂਬਰ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਮੌਜੂਦ ਸਨ।
No comments:
Post a Comment