- ਕਿਹਾ, ਨਸ਼ਾ ਤਸਕਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਪਹਿਲਾਂ ਨਾਲੋਂ ਜ਼ਿਆਦਾ ਮੁਸਤੈਦ ਹਨ ਜਵਾਨ
- ਜਵਾਬੀ ਕਾਰਵਾਈ ਕਰਕੇ ਸੀਜ਼ਫਾਇਰ ਦੀਆਂ ਘਟਨਾਵਾਂ 'ਤੇ ਪਾਇਆ ਜਾਂਦਾ ਹੈ ਕਾਬੂ
ਹੁਸ਼ਿਆਰਪੁਰ, 19 ਮਈ:
ਸੀਮਾ ਸੁਰੱਖਿਆ ਬੱਲ ਦੇ ਡਾਇਰੈਕਟਰ ਜਨਰਲ ਸ੍ਰੀ ਕੇ.ਕੇ. ਸ਼ਰਮਾ ਨੇ ਕਿਹਾ ਕਿ ਬਾਰਡਰ 'ਤੇ ਅਮਨ ਅਤੇ ਸ਼ਾਂਤੀ ਬਣਾਏ ਰੱਖਣ ਲਈ ਬੀ.ਐਸ.ਐਫ. ਵਚਨਬੱਧ ਹੈ। ਨਸ਼ਾ ਤਸਕਰੀ ਦੀਆਂ ਘਟਨਾਵਾਂ 'ਤੇ ਬੀ.ਐਸ.ਐਫ. ਜਵਾਨਾਂ ਵਲੋਂ ਪਹਿਲਾਂ ਨਾਲੋਂ ਜ਼ਿਆਦਾ ਮੁਸਤੈਦੀ ਵਰਤੀ ਜਾ ਰਹੀ ਹੈ ਅਤੇ ਸੀਜ਼ਫਾਇਰ ਦਾ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਹੈ। ਉਹ ਅੱਜ ਸਹਾਇਕ ਸਿਖਲਾਈ ਕੇਂਦਰ ਸੀਮਾ ਸੁਰੱਖਿਆ ਬਲ ਖੜਕਾਂ ਵਿਖੇ ਹੋਈ ਪਾਸਿੰਗ ਆਊਟ ਪਰੇਡ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਡਾਇਰੈਕਟਰ ਜਨਰਲ ਨੇ ਕਿਹਾ ਕਿ ਪਾਕਿਸਤਾਨ ਵਲੋਂ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਭਾਰਤੀ ਸੀਮਾ ਅੰਦਰ ਭੇਜ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇ, ਪਰ ਸੀਮਾ ਸੁਰੱਖਿਆ ਬੱਲ ਦੇ ਜਵਾਨ ਇਸ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਮੁਸਤੈਦ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਗਵਾਂਢੀ ਦੇਸ਼ ਪਾਕਿਸਤਾਨ ਵਲੋਂ ਲਗਾਤਾਰ ਸੀਜ਼ਫਾਇਰ ਦਾ ਉਲੰਘਣ ਕੀਤਾ ਜਾਂਦਾ ਹੈ। ਸੀਜ਼ਫਾਇਰ ਨੂੰ ਰੋਕਣ ਲਈ ਬੀ.ਐਸ.ਐਫ. ਦੇ ਜਵਾਨ ਸਖਤੀ ਨਾਲ ਜਵਾਬੀ ਕਾਰਵਾਈ ਕਰਕੇ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੀ ਨੀਤੀ ਅਮਨ ਅਤੇ ਸ਼ਾਂਤੀ ਕਾਇਮ ਰੱਖਣ ਵਿੱਚ ਵਿਸ਼ਵਾਸ਼ ਰੱਖਦੀ ਹੈ। ਇਸ ਲਈ ਸੀਮਾ 'ਤੇ ਹਰ ਸਮੇਂ ਅਮਨ ਅਤੇ ਸ਼ਾਂਤੀ ਵਾਲਾ ਮਾਹੌਲ ਕਾਇਮ ਰੱਖਣ ਲਈ ਭਾਰਤ ਵਲੋਂ ਯਤਨ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਗੁਜਰਾਤ, ਪੱਛਮੀ ਬੰਗਾਲ, ਪੰਜਾਬ ਅਤੇ ਹੋਰ ਰਾਜਾਂ ਵਿੱਚ ਜਿਥੇ ਕਿਤੇ ਵੀ ਬਾਰਡਰ 'ਤੇ ਸੰਵੇਦਨਸ਼ੀਲ ਸਥਿਤੀ ਪੈਦਾ ਹੁੰਦੀ ਹੈ, ਤਾਂ ਉਥੇ ਜ਼ਰੂਰਤ ਅਨੁਸਾਰ ਵਾਧੂ ਫੋਰਸ ਤਾਇਨਾਤ ਕਰ ਦਿੱਤੀ ਜਾਂਦੀ ਹੈ।
ਡਾਇਰੈਕਟਰ ਜਨਰਲ ਸ੍ਰੀ ਕੇ.ਕੇ. ਸ਼ਰਮਾ ਨੇ ਕਿਹਾ ਕਿ ਪੁਰਸ਼ਾਂ ਦੇ ਮੁਕਾਬਲੇ ਲੜਕੀਆਂ ਕਿਸੇ ਨਾਲੋਂ ਘੱਟ ਨਹੀਂ ਹਨ ਅਤੇ ਸੀਮਾ ਸੁਰੱਖਿਆ ਬੱਲ ਵਿੱਚ ਵੀ ਵੱਧ ਤੋਂ ਵੱਧ ਮਹਿਲਾਵਾਂ ਨੂੰ ਭਰਤੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀ.ਐਸ.ਐਫ. ਵਿੱਚ ਹੁਣ ਤੱਕ ਢਾਈ ਪ੍ਰਤੀਸ਼ਤ ਤੋਂ ਵੱਧ ਮਹਿਲਾਵਾਂ ਦੀ ਤਾਇਨਾਤੀ ਕੀਤੀ ਗਈ ਹੈ, ਜਿਥੇ ਉਹ ਬੜੀ ਬਹਾਦਰੀ ਨਾਲ ਆਪਣੀ ਡਿਊਟੀ ਨਿਭਾ ਰਹੀਆਂ ਹਨ। ਇਸ ਮੌਕੇ 'ਤੇ ਇੰਸਪੈਕਟਰ ਜਨਰਲ, ਐਸ.ਟੀ.ਸੀ. ਖੜਕਾਂ ਸ੍ਰੀ ਪੀ.ਐਸ.ਬੈਂਸ ਅਤੇ ਇੰਸਪੈਕਟਰ ਜਨਰਲ, ਆਈ.ਪੀ.ਐਸ. ਪੰਜਾਬ ਫਰੰਟੀਅਰ ਸ੍ਰੀ ਮੁਕਲ ਗੋਇਲ, ਆਈ.ਜੀ. ਐਚ.ਆਰ. ਚੰਡੀਗੜ੍ਹ ਡਾ. ਪੀ.ਕੇ. ਰੌਸ਼ਨ ਵੀ ਮੌਜੂਦ ਸਨ।
No comments:
Post a Comment