- ਪਿੰਡ ਚੱਕ ਹਾਜੀਪੁਰ ਅਤੇ ਬਡਾਲਾ ਮਾਹੀ 'ਚ ਲਗਾਏ ਕੈਂਪ ਦਾ ਸੈਂਕੜੇ ਦੁੱਧ ਉਤਪਾਦਕਾਂ ਨੇ ਲਿਆ ਲਾਹਾ
- ਡੇਅਰੀ ਵਿਕਾਸ ਵਿਭਾਗ ਵਲੋਂ ਸੂਬੇ ਦੇ ਪਿੰਡਾਂ 'ਚ 500 ਕੈਂਪ ਲਗਾਏ ਜਾਣਗੇ : ਡਿਪਟੀ ਡਾਇਰੈਕਟਰ
ਹੁਸ਼ਿਆਰਪੁਰ, 23 ਮਈ:
ਡੇਅਰੀ ਵਿਕਾਸ ਵਿਭਾਗ ਵਲੋਂ ਡੇਅਰੀ ਸਿਖਲਾਈ ਅਤੇ ਵਿਸਥਾਰ ਸੇਵਾ ਕੈਂਪਾਂ ਦੀ ਲੜੀ ਤਹਿਤ ਪਿੰਡ ਚੱਕ ਹਾਜੀਪੁਰ ਅਤੇ ਬਡਾਲਾ ਮਾਹੀ ਵਿਖੇ ਇਕ ਵਿਸ਼ੇਸ਼ ਕੈਂਪ ਲਗਾਇਆ ਗਿਆ, ਜਿਸ ਵਿੱਚ ਮਾਹਰਾਂ ਵਲੋਂ ਦੁੱਧ ਉਤਪਾਦਕਾਂ ਨੂੰ ਦੁਧਾਰੂ ਪਸ਼ੂਆਂ ਦੀ ਸੁਚੱਜੀ ਸਾਂਭ-ਸੰਭਾਲ ਦੇ ਤੌਰ ਤਰੀਕਿਆਂ ਬਾਰੇ ਜਾਣੂ ਕਰਵਾਇਆ ਗਿਆ।
ਰਿਸੋਰਸ ਪਰਸਨ ਡਾ. ਵਿਪਨ ਮਰਵਾਹਾ ਅਤੇ ਸ੍ਰੀ ਬਲਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੁਧਾਰੂ ਪਸ਼ੂਆਂ ਦੀ ਖਾਦ ਖੁਰਾਕ ਬਹੁਤ ਮਹੱਤਵਪੂਰਨ ਹੈ ਅਤੇ ਉਸ ਵਿੱਚ ਧਾਤਾਂ ਦਾ ਚੂਰਾ ਵਿਸ਼ੇਸ਼ ਮਹੱਤਵ ਰੱਖਦਾ ਹੈ। ਉਨ੍ਹਾਂ ਦੱਸਿਆ ਕਿ ਚੰਗੀ ਨਸਲ ਦੀ ਵੱਛੀਆਂ ਹਾਸਲ ਕਰਨ ਲਈ ਮਨਸੂਈ ਗਰਭਦਾਨ ਜ਼ਰੂਰੀ ਹੁੰਦਾ ਹੈ। ਇਸ ਤੋਂ ਇਲਾਵਾ ਦੁਧਾਰੂ ਪਸ਼ੂਆਂ ਦੀ ਰਿਹਾਇਸ਼ ਅਤੇ ਸਾਫ਼-ਸਫ਼ਾਈ ਸਬੰਧੀ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਪਸ਼ੂਆਂ ਨੂੰ ਲੱਗਣ ਵਾਲੀਆਂ ਆਮ ਬਿਮਾਰੀਆਂ ਮੈਸਟਾਈਟਸ, ਗੱਲਘੋਟੂ ਅਤੇ ਮੂੰਹਖੁਰ ਤੋਂ ਬਚਾਉਣ ਲਈ ਪ੍ਰਹੇਜ਼ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ, ਤਾਂ ਡਾਕਟਰ ਦੀ ਸਲਾਹ ਅਨੁਸਾਰ ਇਲਾਜ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਸਾਫ਼ ਦੁੱਧ ਪੈਦਾ ਕਰਨ ਅਤੇ ਦੁੱਧ ਤੋਂ ਦੁੱਧ ਪਦਾਰਥ ਬਣਾਉਣ ਸਬੰਧੀ ਸੰਭਾਵਨਾਵਾਂ ਬਾਰੇ ਵੀ ਦੁੱਧ ਉਤਪਾਦਕਾਂ ਨੂੰ ਬਰੀਕੀ ਨਾਲ ਜਾਣੂ ਕਰਵਾਇਆ।
ਪਿੰਡ ਦੇ ਦੁੱਧ ਉਤਪਾਦਕਾਂ ਅਤੇ ਸਰਪੰਚ ਸਮੇਤ ਪੰਚਾਇਤ ਨੇ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਾਹਰਾਂ ਵਲੋਂ ਦਿੱਤੀ ਜਾਣਕਾਰੀ ਨਾਲ ਦੁੱਧ ਉਤਪਾਦਕਾਂ ਨੂੰ ਘਰ ਬੈਠਿਆਂ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਯਤਨ ਨਾਲ ਪਿੰਡ ਦੇ ਦੁੱਧ ਉਤਪਾਦਕ ਖਾਸ ਤੌਰ 'ਤੇ ਛੋਟੇ ਦੁੱਧ ਉਤਪਾਦਕ ਮਾਹਰਾਂ ਵਲੋਂ ਦਿੱਤੇ ਸੁਝਾਅ ਅਮਲ ਵਿੱਚ ਲਿਆ ਕੇ ਦੁਧਾਰੂ ਪਸ਼ੂਆਂ ਤੋਂ ਵੱਧ ਮੁਨਾਫ਼ਾ ਲੈ ਸਕਦੇ ਹਨ ਅਤੇ ਆਪਣਾ ਜੀਵਨ ਪੱਧਰ ਉਚਾ ਚੁੱਕ ਸਕਦੇ ਹਨ।
ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਹੁਸ਼ਿਆਰਪੁਰ ਸ੍ਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਡੇਅਰੀ ਵਿਕਾਸ ਵਿਭਾਗ ਰਾਹੀਂ ਅਨੁਸੂਚਿਤ ਜਾਤੀ ਨਾਲ ਸਬੰਧਤ ਦੁੱਧ ਉਤਪਾਦਕਾਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਅਤੇ ਡੇਅਰੀ ਧੰਦੇ ਨਾਲ ਜੋੜਨ ਲਈ ਡੇਅਰੀ ਸਿਖਲਾਈ ਅਤੇ ਵਿਸਥਾਰ ਸੇਵਾ ਕੈਂਪਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਅਨੁਸੂਚਿਤ ਜਾਤੀ ਦੇ ਦੁੱਧ ਉਤਪਾਦਕ ਦੂਰ-ਦੁਰਾਡੇ ਹੁੰਦੇ ਸੈਮੀਨਾਰ, ਵਰਕਸ਼ਾਪ ਅਤੇ ਸਿਖਲਾਈ ਕੈਂਪਾਂ ਵਿੱਚ ਹਾਜ਼ਰ ਨਹੀਂ ਹੋ ਸਕਦੇ ਸਨ, ਉਨ੍ਹਾਂ ਲਈ ਇਹ ਲੜੀ ਵਿਸ਼ੇਸ਼ ਤੌਰ 'ਤੇ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ 'ਤੇ ਸੂਬੇ ਦੇ ਪਿੰਡਾਂ ਵਿੱਚ ਇਸ ਸਾਲ 500 ਅਜਿਹੇ ਕੈਂਪ ਲਗਾਏ ਜਾਣਗੇ, ਤਾਂ ਜੋ ਵੱਧ ਤੋਂ ਵੱਧ ਉਤਪਾਦਕਾਂ ਨੂੰ ਇਸ ਸਹਾਇਕ ਧੰਦੇ ਨਾਲ ਜੋੜਿਆ ਜਾ ਸਕੇ। ਉਕਤ ਕੈਂਪਾਂ ਵਿੱਚ ਭਾਰੀ ਗਿਣਤੀ ਵਿੱਚ ਦੁੱਧ ਉਤਪਾਦਕ ਮੌਜੂਦ ਸਨ।
No comments:
Post a Comment