- ਕਿਹਾ, ਇਕਜੁੱਟਤਾ ਨਾਲ ਹੀ ਕੀਤੀ ਜਾ ਸਕਦੀ ਹੈ ਤੰਦਰੁਸਤ ਸਮਾਜ ਦੀ ਸਿਰਜਣਾ
- ਸ਼ਰਧਾ ਪੂਰਵਕ ਮਨਾਈ ਮਹਾਰਾਣਾ ਪ੍ਰਤਾਪ ਜੈਯੰਤੀ
ਹੁਸ਼ਿਆਰਪੁਰ, 06 ਮਈ:
ਸਪੀਕਰ ਪੰਜਾਬ ਵਿਧਾਨ ਸਭਾ ਸ੍ਰੀ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਢੋਲਵਾਹਾ ਡੈਮ ਦਾ ਨਾਂਅ ਮਹਾਰਾਣਾ ਪ੍ਰਤਾਪ ਜੀ ਦੇ ਨਾਂਅ 'ਤੇ ਰੱਖਣ ਲਈ ਪੰਜਾਬ ਸਰਕਾਰ ਨੂੰ ਸਿਫਾਰਿਸ਼ ਕੀਤੀ ਜਾਵੇਗੀ। ਉਹ ਅੱਜ ਹਰਿਆਣਾ ਦੇ ਪਰਾਈਮ ਰਿਜ਼ੋਰਟਸ ਵਿਖੇ ਮਨਾਈ ਗਈ ਮਹਾਰਾਣਾ ਪ੍ਰਤਾਪ ਜੀ ਦੀ 478ਵੀਂ ਜੈਯੰਤੀ ਸਮਾਰੋਹ ਮੌਕੇ ਸੰਬੋਧਨ ਕਰ ਰਹੇ ਸਨ। ਇਸ ਮੌਕੇ ਹਲਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਸ਼੍ਰੀ ਪਵਨ ਕੁਮਾਰ ਆਦੀਆ, ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ, ਐਸ.ਐਸ.ਪੀ ਸ਼੍ਰੀ ਜੇ. ਏਲਨਚੇਲੀਅਨ, ਐਸ.ਡੀ.ਐਮ. ਸ਼੍ਰੀ ਜਿਤੇਂਦਰ ਜ਼ੋਰਵਾਲ ਤੋਂ ਇਲਾਵਾ ਭਾਰੀ ਗਿਣਤੀ ਵਿਚ ਲੋਕ ਹਾਜ਼ਰ ਸਨ।
ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸਪੀਕਰ, ਪੰਜਾਬ ਵਿਧਾਨ ਸਭਾ ਨੇ ਕਿਹਾ ਕਿ ਢੋਲਵਾਹਾ ਡੈਮ ਦੇ ਨਾਂਅ ਤੋਂ ਇਲਾਵਾ ਇਥੇ ਮਹਾਰਾਣਾ ਪ੍ਰਤਾਪ ਜੀ ਦਾ ਬੁੱਤ ਅਤੇ ਪਾਰਕ ਬਣਾਉਣ ਲਈ ਵੀ ਸੂਬਾ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਮਹਾਰਾਣਾ ਪ੍ਰਤਾਪ ਜੀ ਦੇ ਬੁੱਤ ਲਈ ਉਹ ਆਪਣੇ ਕੋਲੋਂ 10 ਲੱਖ ਰੁਪਏ ਦੀ ਸੇਵਾ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਲੁਧਿਆਣਾ ਤੋਂ ਇਲਾਵਾ ਨੰਗਲ ਵਿਖੇ ਵੀ ਕਰੀਬ 45 ਲੱਖ ਰੁਪਏ ਦੀ ਲਾਗਤ ਨਾਲ ਮਹਾਰਾਣਾ ਪ੍ਰਤਾਪ ਜੀ ਦਾ ਬੁੱਤ ਲਗਾਇਆ ਗਿਆ ਹੈ।
ਸ੍ਰੀ ਰਾਣਾ ਕੇ.ਪੀ. ਸਿੰਘ ਨੇ ਸਿੱਖਿਆ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਕ ਤੰਦਰੁਸਤ ਸਮਾਜ ਦੀ ਚੰਗੀ ਸਿੱਖਿਆ ਨਾਲ ਹੀ ਕਲਪਨਾ ਕੀਤੀ ਜਾ ਸਕਦੀ ਹੈ, ਇਸ ਲਈ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਆ ਪ੍ਰਦਾਨ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਲੜਕੀਆਂ ਵੀ ਕਿਸੇ ਤੋਂ ਘੱਟ ਨਹੀਂ ਹਨ, ਇਸ ਲਈ ਲੜਕੀਆਂ ਨੂੰ ਵੀ ਲੜਕਿਆਂ ਵਾਂਗ ਬਰਾਬਰ ਦੇ ਮੌਕੇ ਪ੍ਰਦਾਨ ਕੀਤੇ ਜਾਣ। ਉਨ੍ਹਾਂ ਸਮਾਜਿਕ ਇਕੁਜੁੱਟਤਾ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਮਹਾਰਾਣਾ ਜੀ ਨੂੰ ਸੱਚੀ ਸ਼ਰਧਾਂਜ਼ਲੀ ਇਹੀ ਹੋਵੇਗੀ ਕਿ ਹਰ ਇਨਸਾਨ ਜਾਤ ਅਤੇ ਧਰਮ ਤੋਂ ਉਪਰ ਉਠ ਕੇ ਇਕਜੁੱਟਤਾ ਨਾਲ ਦੇਸ਼ ਅਤੇ ਸਮਾਜ ਲਈ ਆਪਣਾ ਯੋਗਦਾਨ ਪਾਵੇ। ਉਨ੍ਹਾਂ ਕਿਹਾ ਕਿ ਮਹਾਰਾਣਾ ਪ੍ਰਤਾਪ ਜੀ ਵਲੋਂ ਪਾਏ ਪੂਰਨਿਆਂ 'ਤੇ ਚੱਲ ਕੇ ਦੇਸ਼ ਅਤੇ ਕੌਮ ਲਈ ਬਹੁਤ ਕੁਝ ਕੀਤਾ ਜਾ ਸਕਦਾ ਹੈ, ਇਸ ਲਈ ਸਭ ਨੂੰ ਅੱਗੇ ਆਉਣ ਦੀ ਲੋੜ ਹੈ।
ਸ੍ਰੀ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਰਾਜਪੂਤ ਸਭਾ ਇਸ ਮਹਾਨ ਦਿਨ 'ਤੇ ਪ੍ਰਣ ਕਰੇ ਕਿ ਉਹ ਜਾਤ, ਧਰਮ, ਨਫਰਤ ਤੋਂ ਉਪਰ ਉਠ ਕੇ ਸਮਾਜਿਕ ਬੁਰਾਈਆਂ ਖਿਲਾਫ਼ ਇਕਜੁੱਟ ਹੋਵੇਗੀ, ਤਾਂ ਜੋ ਇਕ ਸੋਹਣੇ ਸਮਾਜ ਦੀ ਸਿਰਜਣਾ ਹੋ ਸਕੇ। ਉਨ੍ਹਾਂ ਨੌਜਵਾਨ ਵਰਗ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਨੌਜਵਾਨ ਹੀ ਦੇਸ਼ ਦਾ ਭਵਿੱਖ ਹਨ, ਇਸ ਲਈ ਨੌਜਵਾਨ ਵਰਗ ਨੂੰ ਪੜ੍ਹਾਈ ਦੇ ਖੇਤਰ ਵਿੱਚ ਮੱਲ੍ਹਾਂ ਮਾਰ ਕੇ ਸਮਾਜ ਅਤੇ ਦੇਸ਼ ਨੂੰ ਅੱਗੇ ਲਿਜਾਣਾ ਚਾਹੀਦਾ ਹੈ।
ਹਲਕਾ ਵਿਧਾਇਕ ਸ਼ਾਮ ਚੁਰਾਸੀ ਅਤੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਸ੍ਰੀ ਪਵਨ ਕੁਮਾਰ ਆਦੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਾਜਪੂਤ ਸਭਾ ਨੇ ਹਰ ਖੇਤਰ ਵਿੱਚ ਆਪਣਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਮਹਾਰਾਣਾ ਪ੍ਰਤਾਪ ਜੀ ਦੇ ਜੀਵਨ ਤੋਂ ਸੇਧ ਲੈ ਕੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਮਹਾਰਾਣਾ ਪ੍ਰਤਾਪ ਜੀ ਵਲੋਂ ਦਰਸਾਏ ਮਾਰਗਾਂ 'ਤੇ ਚੱਲ ਕੇ ਦੇਸ਼ ਅਤੇ ਕੌਮ ਦੀ ਭਲਾਈ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਸ਼੍ਰੀ ਆਦੀਆ ਨੇ ਹੀ ਸੰਬੋਧਨ ਦੌਰਾਨ ਢੋਲਵਾਹਾ ਡੈਮ ਦਾ ਨਾਂਅ ਮਹਾਰਾਣਾ ਪ੍ਰਤਾਪ ਜੀ ਦੇ ਨਾਂਅ 'ਤੇ ਰੱਖਣ, ਉਨ੍ਹਾਂ ਦਾ ਬੁੱਤ ਅਤੇ ਪਾਰਕ ਬਣਾਉਣ ਦੀ ਸਪੀਕਰ ਪੰਜਾਬ ਵਿਧਾਨ ਸਭਾ ਅੱਗੇ ਮੰਗ ਰੱਖੀ ਸੀ।
ਇਸ ਮੌਕੇ ਡੀ.ਐਸ.ਪੀ ਸ਼੍ਰੀ ਗੁਰਜੀਤ ਪਾਲ ਸਿੰਘ, ਹਰਿਆਣਾ ਰਾਜਪੂਤ ਸਭਾ ਦੇ ਪ੍ਰਧਾਨ ਸ਼੍ਰੀ ਵਿਨੋਦ ਠਾਕੁਰ, ਰਾਜਪੂਤ ਸਭਾ ਇਸਤਰੀ ਵਿੰਗ ਦੀ ਪ੍ਰਧਾਨ ਸ਼੍ਰੀਮਤੀ ਅਨੂ ਠਾਕੁਰ, ਜਨਰਲ ਸਕੱਤਰ ਸ਼੍ਰੀ ਮੁਕੇਸ਼ ਡਡਵਾਲ, ਸਕੱਤਰ ਸ਼੍ਰੀ ਇਕਬਾਲ ਸਿੰਘ, ਸ਼੍ਰੀ ਜਸਵੀਰ ਡਡਵਾਲ, ਰਾਜਪੂਤ ਸਭਾ ਹੁਸ਼ਿਆਰਪੁਰ ਦੇ ਪ੍ਰਧਾਨ ਠਾਕੁਰ ਸਰਜੀਵਨ ਸਿੰਘ, ਸ੍ਰੀ ਰਘੂਨਾਥ ਰਾਣਾ, ਨੌਜਵਾਨ ਸਭਾ ਦੇ ਪ੍ਰਧਾਨ ਸ਼੍ਰੀ ਮੋਂਟੀ ਠਾਕੁਰ, ਰਾਜਪੂਤ ਸਭਾ ਮੁਕੇਰੀਆਂ ਦੇ ਪ੍ਰਧਾਨ ਸ਼੍ਰੀ ਪ੍ਰਦੀਪ ਕਟੋਚ ਅਤੇ ਨੌਜਵਾਨ ਸਭਾ ਦੇ ਪ੍ਰਧਾਨ ਸ਼੍ਰੀ ਅੰਕਿਤ ਰਾਣਾ, ਰਾਜਪੂਤ ਏਕਤਾ ਚੇਤਨਾ ਦੇ ਪ੍ਰਧਾਨ ਸ਼੍ਰੀ ਵਿਜੈ ਰਾਣਾ ਤੋਂ ਇਲਾਵਾ ਹੋਰ ਵੀ ਵੱਖ-ਵੱਖ ਸਖਸ਼ੀਅਤਾਂ ਹਾਜ਼ਰ ਸਨ।
No comments:
Post a Comment