- ਅਪਾਹਜ਼ ਵਿਅਕਤੀ ਰੈਡ ਕਰਾਸ ਸੋਸਾਇਟੀ ਹੁਸ਼ਿਆਰਪੁਰ ਵਿਖੇ ਕਰ ਸਕਦੇ ਨੇ ਸੰਪਰਕ
ਹੁਸ਼ਿਆਰਪੁਰ, 24 ਮਈ: ਇਕ ਸੜਕੀ ਦੁਰਘਟਨਾ ਦੌਰਾਨ ਆਪਣੀ ਲੱਤ ਗੁਆ ਚੁੱਕੇ ਸ੍ਰੀ ਦੀਪਕ ਕੁਮਾਰ ਭਾਵੇਂ ਪਹਿਲਾਂ ਵਾਂਗ ਭੱਜ ਦੌੜ ਨਹੀਂ ਕਰ ਸਕੇਗਾ, ਪਰ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਹੁਸ਼ਿਆਰਪੁਰ ਨੇ ਮੁਫ਼ਤ ਬਣਾਉਟੀ ਲੱਤ ਲਗਵਾ ਕੇ ਉਸ ਨੂੰ ਚੱਲਣ ਫਿਰਨ ਦੇ ਕਾਬਲ ਬਣਾ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਕੁਮਾਰ ਗੁਪਤਾ ਨੇ ਦੱਸਿਆ ਕਿ ਜਦੋਂ ਸ੍ਰੀ ਦੀਪਕ ਦੀ ਲੱਤ ਬਾਰੇ ਉਘੇ ਦਾਨੀ ਸੱਜਣ ਸ੍ਰੀ ਪਿਆਰੇ ਲਾਲ ਸੈਣੀ ਨੇ ਸੋਸਾਇਟੀ ਦੇ ਧਿਆਨ ਵਿੱਚ ਲਿਆਂਦਾ, ਤਾਂ ਸੋਸਾਇਟੀ ਵਲੋਂ ਵਿਕਲਾਂਗ ਸੇਵਾ ਕੇਂਦਰ ਅੰਬਾਲਾ ਛਾਉਣੀ, ਹਰਿਆਣਾ ਵਿਖੇ ਸੰਪਰਕ ਕੀਤਾ ਗਿਆ। ਇਹ ਕੇਂਦਰ ਵਿਕਲਾਂਗ/ਅਪੰਗ ਵਿਅਕਤੀਆਂ ਦੀ ਬਿਲਕੁੱਲ ਮੁਫ਼ਤ ਬਣਾਉਟੀ ਲੱਤਾਂ ਆਦਿ ਲਗਾਉਣ ਦੀ ਸੇਵਾ ਕਰਦਾ ਹੈ। ਉਨ੍ਹਾਂ ਦੱਸਿਆ ਕਿ ਵਿਕਲਾਂਗ ਸੇਵਾ ਕੇਂਦਰ ਵਲੋਂ ਸ੍ਰੀ ਦੀਪਕ ਕੁਮਾਰ ਦੇ ਬਣਾਉਟੀ ਲੱਤ ਲਗਾ ਦਿੱਤੀ ਹੈ ਅਤੇ ਹੁਣ ਇਹ ਆਪਣੇ ਪੈਰਾਂ 'ਤੇ ਚੱਲ ਫ਼ਿਰ ਸਕਦਾ ਹੈ। ਇਸ ਮੌਕੇ ਸ੍ਰੀ ਦੀਪਕ ਅਤੇ ਉਸ ਦੇ ਪਰਿਵਾਰ ਵਲੋਂ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦਾ ਧੰਨਵਾਦ ਕੀਤਾ ਗਿਆ ਹੈ।
ਸ੍ਰੀ ਗੁਪਤਾ ਨੇ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੇ ਧਿਆਨ ਵਿੱਚ ਕੋਈ ਅਪੰਗ/ਵਿਕਲਾਂਗ ਵਿਅਕਤੀ ਹੋਵੇ, ਤਾਂ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਹੁਸ਼ਿਆਰਪੁਰ ਨਾਲ ਰਾਬਤਾ ਕਾਇਮ ਕੀਤਾ ਜਾਵੇ, ਤਾਂ ਜੋ ਅਜਿਹੇ ਜ਼ਰੂਰਤਮੰਦ ਵਿਅਕਤੀਆਂ ਦੀ ਮਦਦ ਕੀਤੀ ਜਾ ਸਕੇ।
No comments:
Post a Comment