- 237 ਦਾਨੀ ਸੱਜਣਾਂ ਨੇ ਪਾਇਆ ਯੋਗਦਾਨ, 195 ਵਿਸ਼ੇਸ਼ ਦਿਨ ਹੋਏ ਬੁੱਕ ਅਤੇ 57 ਹਜ਼ਾਰ ਵਿਅਕਤੀਆਂ ਨੇ ਹੁਣ ਤੱਕ 'ਸਾਂਝੀ ਰਸੋਈ' ਵਿੱਚ ਖਾਧਾ ਪੌਸ਼ਟਿਕ ਖਾਣਾ
- ਯੋਗਦਾਨ ਪਾਉਣ ਵਾਲੇ ਦਾਨੀ ਸੱਜਣਾਂ ਦਾ ਡਿਪਟੀ ਕਮਿਸ਼ਨਰ ਨੇ ਕੀਤਾ ਧੰਨਵਾਦ
- ਕਿਹਾ, ਲੋੜਵੰਦਾਂ ਦੀ ਇਸ ਸਹੂਲਤ 'ਚ ਯੋਗਦਾਨ ਪਾਉਣ ਲਈ ਵੱਧ ਤੋਂ ਵੱਧ ਦਾਨੀ ਸੱਜਣ ਅੱਗੇ ਆਉਣ
ਹੁਸ਼ਿਆਰਪੁਰ, 3 ਨਵੰਬਰ: ਪੰਜਾਬ ਸਰਕਾਰ ਵਲੋਂ ਲੋੜਵੰਦਾਂ ਨੂੰ ਪੇਟ ਭਰ ਖਾਣਾ ਮੁਹੱਈਆ ਕਰਵਾਉਣ ਦਾ ਜੋ ਉਪਰਾਲਾ ਕੀਤਾ ਗਿਆ ਹੈ, ਉਸ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਹੁਸ਼ਿਆਰਪੁਰ ਨੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਾਰਥਕ ਸਾਬਤ ਕਰ ਦਿੱਤਾ ਹੈ। ਜੇਕਰ ਇਹ ਕਹਿ ਲਿਆ ਜਾਵੇ ਕਿ ਹੁਸ਼ਿਆਰਪੁਰ ਵਾਸੀਆਂ ਦੀ ਸਾਂਝ ਨੇ 'ਸਾਂਝੀ ਰਸੋਈ' ਨੂੰ ਪੰਜਾਬ ਵਿੱਚੋਂ ਮੋਹਰੀ ਬਣਾ ਦਿੱਤਾ ਹੈ, ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਜ਼ਿਲੇ 'ਚ ਖੁੱਲੀ 'ਸਾਂਝੀ ਰਸੋਈ' ਲੋੜਵੰਦ ਵਿਅਕਤੀਆਂ ਲਈ ਵਰਦਾਨ ਸਾਬਤ ਹੋ ਰਹੀ ਹੈ, ਕਿਉਂਕਿ ਇਥੇ ਕੇਵਲ 10 ਰੁਪਏ ਵਿੱਚ ਪੇਟ ਭਰ ਪੌਸ਼ਟਿਕ ਖਾਣਾ ਖੁਆਇਆ ਜਾ ਰਿਹਾ ਹੈ। ਬੇਘਰੇ, ਬੇਸਹਾਰਾ ਅਤੇ ਗਰੀਬ ਵਿਅਕਤੀ ਜ਼ਿਲ਼਼੍ਹਾ ਰੈਡ ਕਰਾਸ ਸੁਸਾਇਟੀ ਵਲੋਂ ਖੋਲੀ ਹੈ।
'ਸਾਂਝੀ ਰਸੋਈ' ਦੀ ਭਰਪੂਰ ਸ਼ਲਾਘਾ ਕਰ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲਾ ਰੈਡ ਕਰਾਸ ਸੁਸਾਇਟੀ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ 'ਸਾਂਝੀ ਰਸੋਈ' ਵਿੱਚ ਖਾਣੇ ਦੀ ਕੁਆਲਟੀ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਸਮੇਂ-ਸਮੇਂ 'ਤੇ ਖਾਣੇ ਦੀ ਚੈਕਿੰਗ ਵੀ ਸਿਹਤ ਵਿਭਾਗ ਵਲੋਂ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ 'ਸਾਂਝੀ ਰਸੋਈ' ਨੂੰ ਸਫ਼ਲ ਬਣਾਉਣ ਲਈ ਦਾਨੀ ਸੱਜਣਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ਅਤੇ ਹੁਣ ਤੱਕ 237 ਦਾਨੀ ਸੱਜਣ ਸਾਹਮਣੇ ਆਏ ਹਨ, ਜਿਨਾ ਵਲੋਂ 21 ਲੱਖ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਉਨਾਂ ਦੱਸਿਆ ਕਿ ਇਨਾਂ ਤੋਂ ਇਲਾਵਾ 195 ਦਾਨੀ ਸੱਜਣਾਂ ਵਲੋਂ ਆਪਣੇ ਵਿਸ਼ੇਸ਼ ਦਿਨ ਵੀ ਬੁੱਕ ਕਰਵਾਏ ਜਾ ਚੁੱਕੇ ਹਨ। ਉਨਾਂ ਦੱਸਿਆ ਕਿ ਹੁਣ ਤੱਕ 57 ਹਜ਼ਾਰ ਵਿਅਕਤੀ 'ਸਾਂਝੀ ਰਸੋਈ' ਵਿੱਚ ਆ ਕੇ ਖਾਣਾ ਖਾ ਚੁੱਕੇ ਹਨ ਅਤੇ ਇਨਾਂ ਵਿੱਚੋਂ ਕਈ ਅਜਿਹੇ ਲੋੜਵੰਦ ਵਿਅਕਤੀ ਹਨ, ਜੋ ਹਰ ਰੋਜ਼ ਇਸ ਸਹੂਲਤ ਦਾ ਲਾਹਾ ਲੈ ਰਹੇ ਹਨ।
ਸ੍ਰੀ ਵਿਪੁਲ ਉਜਵਲ ਨੇ ਦਾਨੀ ਸੱਜਣਾਂ ਵਲੋਂ ਪਾਏ ਗਏ ਯੋਗਦਾਨ ਸਦਕਾ ਜਿਥੇ ਧੰਨਵਾਦ ਪ੍ਰਗਟ ਕੀਤਾ ਹੈ, ਉਥੇ ਬਾਕੀ ਦਾਨੀ ਸੱਜਣਾਂ ਨੂੰ ਅਪੀਲ ਵੀ ਕੀਤੀ ਹੈ ਕਿ 'ਸਾਂਝੀ ਰਸੋਈ' ਲਈ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ ਅਤੇ ਆਪਣੇ ਤੇ ਸਕੇ ਸਨੇਹੀਆਂ ਦੇ ਜਨਮ ਦਿਨ, ਵਿਆਹ ਦੀ ਵਰਿਗੰਢ ਆਦਿ ਵਿਸ਼ੇਸ਼ ਦਿਨ 'ਇਕ ਦਿਨ ਸਾਂਝੀ ਰਸੋਈ ਦੇ ਨਾਲ' ਮਨਾਇਆ ਜਾਵੇ। ਉਨਾਂ ਕਿਹਾ ਕਿ ਵਿਸ਼ੇਸ਼ ਦਿਨ ਇਥੇ ਮਨਾਉਣ ਨਾਲ ਦਾਨੀ ਸੱਜਣਾਂ ਨੂੰ ਮਾਨਵਤਾ ਦੀ ਸੇਵਾ ਕਰਨ ਦਾ ਮੌਕਾ ਵੀ ਮਿਲਦਾ ਹੈ। ਉਨਾਂ ਕਿਹਾ ਕਿ ਹੁਣ ਤੱਕ 57 ਹਜ਼ਾਰ ਵਿਅਕਤੀ 'ਸਾਂਝੀ ਰਸੋਈ' ਵਿੱਚੋਂ ਖਾਣਾ ਖਾ ਚੁੱਕੇ ਹਨ ਅਤੇ ਜ਼ਿਲਾਂ ਪ੍ਰਸ਼ਾਸ਼ਨ ਨੂੰ ਖੁਸ਼ੀ ਹੈ ਕਿ ਉਸ ਨੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਜ਼ਰੂਰਤਮੰਦਾਂ ਦਾ ਕੇਵਲ 10 ਰੁਪਏ ਵਿੱਚ ਪੇਟ ਭਰਿਆ ਹੈ।
ਸਕੱਤਰ ਜ਼ਿਲਾਂ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਗੁਪਤਾ ਨੇ ਦੱਸਿਆ ਕਿ 'ਸਾਂਝੀ ਰਸੋਈ' ਵਿੱਚ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਜੇਕਰ ਕੋਈ ਦਾਨੀ ਸੱਜਣ 'ਸਾਂਝੀ ਰਸੋਈ' ਲਈ ਯੋਗਦਾਨ ਪਾਉਣਾ ਚਾਹੁੰਦਾ ਹੈ, ਤਾਂ ਉਹ ਜ਼ਿਲਾਂ ਰੈਡ ਕਰਾਸ ਸੁਸਾਇਟੀ ਨਾਲ ਸੰਪਰਕ ਕਰ ਸਕਦਾ ਹੈ।
No comments:
Post a Comment