- ਪਿੰਡ ਫਿਰੋਜ ਰੋਲੀਆਂ ਦੇ ਅਗਾਂਹਵਧੂ ਕਿਸਾਨ ਭਰਾ ਸੇਮ ਪ੍ਰਭਾਵਿਤ ਜ਼ਮੀਨ 'ਚ ਸਿੱਧੀ ਬੀਜਾਈ ਕਰਕੇ ਬਣੇ ਪ੍ਰੇਰਨਾ ਸਰੋਤ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਇਹ ਦੋਵੇਂ ਕਿਸਾਨ ਕਰੀਬ 24 ਏਕੜ ਵਿੱਚ ਕਣਕ ਅਤੇ ਝੋਨੇ ਦੀ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਵਜੋਂ ਡੇਅਰੀ ਦਾ ਕੰਮ ਵੀ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੇ ਆਪਣੀ ਸੂਝਬੂਝ ਸਦਕਾ ਅਤੇ ਖੇਤੀਬਾੜੀ ਵਿਭਾਗ ਦੀ ਮਦਦ ਨਾਲ ਕਈ ਸੰਦ ਵੀ ਵਿਕਸਿਤ ਕੀਤੇ ਹਨ, ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ 'ਤੇ ਸਪੇਸ਼ੀਅਲ ਸੀਡ ਡਰਿੱਲ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਸਾਲ 2016 ਵਿੱਚ ਇਨ੍ਹਾਂ ਕਿਸਾਨਾਂ ਵਲੋਂ ਝੋਨੇ ਦੀ ਪੀ.ਆਰ. 121 ਕਿਸਮ ਦੀ ਸਿੱਧੀ ਬੀਜਾਈ ਕੀਤੀ ਗਈ ਸੀ, ਜਿਸ ਦਾ ਝਾੜ ਆਮ ਬੀਜਾਈ ਨਾਲੋਂ ਵੱਧ ਨਿਕਲਿਆ। ਪਿਛਲੇ ਸਾਲ ਦੇ ਤਜ਼ਰਬੇ ਤੋਂ ਉਤਸ਼ਾਹਿਤ ਹੋ ਕੇ ਇਨ੍ਹਾਂ ਨੇ ਇਸ ਸਾਲ ਵੀ 5 ਏਕੜ ਦੇ ਕਰੀਬ ਝੋਨੇ ਦੀ ਸਿੱਧੀ ਬੀਜਾਈ ਕੀਤੀ, ਜਿਸ ਦਾ ਝਾੜ ਔਸਤ 35 ਕੁਇੰਟਲ ਦੇ ਕਰੀਬ ਪ੍ਰਾਪਤ ਕੀਤਾ। ਸਾਲ 2016 ਵਿੱਚ ਵੀ ਇਨ੍ਹਾਂ ਕਿਸਾਨਾਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਗੈਰ ਆਪਣੇ ਵਲੋਂ ਵਿਕਸਿਤ ਸਪੇਸ਼ੀਅਲ ਸੀਡ ਡਰਿੱਲ ਨਾਲ ਬੀਜਾਈ ਕੀਤੀ ਸੀ ਅਤੇ ਇਸ ਸਾਲ ਵੀ ਝੋਨੇ ਦੀ ਕਟਾਈ ਸੁਪਰ ਸਟਰਾਅ ਮੈਨੇਜਮੈਂਟ ਤਕਨੀਕੀ ਵਾਲੀ ਕੰਬਾਇਨ ਨਾਲ ਕਰਵਾ ਕੇ ਕਣਕ ਦੀ ਕਰੀਬ 11 ਏਕੜ ਬੀਜਾਈ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਹੈਪੀ ਸੀਡਰ ਮਸ਼ੀਨ ਨਾਲ ਸਿੱਧੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਿਸਾਨਾਂ ਵੱਲ ਦੇਖ ਕੇ ਇਲਾਕੇ ਦੇ ਹੋਰ ਕਿਸਾਨ ਵੀ ਇਸ ਤਕਨੀਕ ਵੱਲ ਉਤਸ਼ਾਹਿਤ ਹੋ ਰਹੇ ਹਨ ਅਤੇ ਇਹ ਕਿਸਾਨ ਇਲਾਕੇ ਲਈ ਪ੍ਰੇਰਨਾ ਸਰੋਤ ਬਣੇ ਹੋਏ ਹਨ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਅਤੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ, ਬਲਕਿ ਖੇਤੀਬਾੜੀ ਵਿਭਾਗ ਦੀਆਂ ਸਿਫਾਰਸ਼ਾਂ ਅਨੁਸਾਰ ਨਵੀਆਂ ਤਕਨੀਕਾਂ ਅਪਨਾਉਣ ਨੂੰ ਤਰਜ਼ੀਹ ਦੇਣ। ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਨਵੀਆਂ ਵਿਕਸਿਤ ਕੀਤੀਆਂ ਮਸ਼ੀਨਾਂ 'ਤੇ 40 ਤੋਂ 50 ਫੀਸਦੀ ਤੱਕ ਸਬਸਿਡੀ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਹੁਸ਼ਿਆਰਪੁਰ ਕੋਲੋਂ ਅਜੇ ਵੀ ਹੈਪੀ ਸੀਡਰ ਮਸ਼ੀਨ ਅਤੇ ਮੋਲਡ ਬੋਲਡ ਪਲਾਓ ਦੀ ਖਰੀਦ 'ਤੇ ਸਬਸਿਡੀ ਦੀ ਸਹੂਲਤ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਹੈਪੀ ਸੀਡਰ ਮਸ਼ੀਨ ਦੀ ਖਰੀਦ ਦੌਰਾਨ 44 ਹਜ਼ਾਰ ਰੁਪਏ ਸਬਸਿਡੀ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਣਕ ਦੀ ਸਿੱਧੀ ਬੀਜਾਈ ਦੀ ਫ਼ਸਲ 15 ਤੋਂ 20 ਦਿਨ ਤੱਕ ਅਗੇਤੀ ਬੀਜੀ ਜਾ ਸਕਦੀ ਹੈ, ਜਿਸ ਨਾਲ 3 ਤੋਂ 4 ਕੁਇੰਟਲ ਵਾਧੂ ਝਾੜ ਮਿਲਦਾ ਹੈ ਅਤੇ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਨਿਜ਼ਾਤ ਪਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਝੋਨੇ ਦੀ ਪਰਾਲੀ ਨੂੰ ਪਸ਼ੂਆਂ ਲਈ ਸੁੱਕੇ ਚਾਰੇ/ਆਚਾਰ ਵਜੋਂ ਵੀ ਵਰਤ ਸਕਦੇ ਹਨ।
ਅਗਾਂਹਵਧੂ ਕਿਸਾਨ ਭਰਾਵਾਂ ਸ੍ਰੀ ਰਵਿੰਦਰ ਸਿੰਘ ਅਤੇ ਸ੍ਰੀ ਜਸਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਜ਼ਮੀਨ ਕਲਰਾਠੀ ਅਤੇ ਸੇਮ ਵਾਲੀ ਹੋਣ ਦੇ ਬਾਵਜੂਦ ਸਖਤ ਮਿਹਨਤ ਅਤੇ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਸਿੱਧੀ ਬੀਜਾਈ ਕਰਕੇ ਵਧੀਆ ਝਾੜ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਪਿੰਡ ਦੇ ਬਾਕੀ ਕਿਸਾਨਾਂ ਵਲੋਂ ਵੀ ਕਣਕ ਅਤੇ ਝੋਨੇ ਦੀ ਸਿੱਧੀ ਬੀਜਾਈ ਕਰਨ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ।
No comments:
Post a Comment