- ਏ.ਡੀ.ਸੀ. ਅਨੁਪਮ ਕਲੇਰ ਨੇ ਆਪਣੀਆਂ ਦੋ ਬੇਟੀਆਂ ਦੇ ਨਾਂ 'ਤੇ ਪਾਇਆ ਯੋਗਦਾਨ
ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ
ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਬੁੱਧੀਜੀਵੀ ਵਰਗ ਨਾਲ ਵਿਚਾਰ ਚਰਚਾ ਕਰਨ ਉਪਰੰਤ 'ਸਮਰਪਣ' ਨਾਮ ਦੀ ਸੰਸਥਾ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਰਾਹੀਂ ਇਕੱਤਰ ਸਹਾਇਤਾ ਫੰਡ ਨਾਲ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤੀ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 'ਸਮਰਪਣ' ਨਾਲ ਜੁੜਨ ਲਈ ਵੱਧ ਤੋਂ ਵੱਧ ਦਾਨੀ ਸੱਜਣ ਅੱਗੇ ਆਉਣ, ਤਾਂ ਜੋ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾ ਸਕੇ। ਉਨ੍ਹਾਂ ਕਿਹਾ ਕਿ ਰੋਜ਼ਾਨਾ ਇਕ ਰੁਪਏ ਦੇ ਹਿਸਾਬ ਨਾਲ ਸਲਾਨਾ 365 ਰੁਪਏ ਦੀ 'ਸਮਰਪਣ' ਤਹਿਤ ਪਰਚੀ ਕਟਵਾਈ ਜਾ ਸਕਦੀ ਹੈ ਅਤੇ ਪਰਚੀ ਕਟਵਾਉਣ ਵਾਲੇ ਦਾਨੀ ਸੱਜਣ ਨੂੰ 'ਸਮਰਪਣ' ਸੰਸਥਾ ਵਲੋਂ ਉਸ ਦੇ ਵਿਸ਼ੇਸ਼ ਦਿਨ 'ਤੇ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਇਕ ਸਟਿੱਕਰ ਵੀ ਸੌਂਪਿਆ ਜਾਵੇਗਾ, ਜੋ ਦਾਨੀ ਸੱਜਣ ਆਪਣੇ ਵਾਹਨ 'ਤੇ ਲਗਾ ਸਕੇਗਾ ਅਤੇ ਇਸ ਤੋਂ ਸਾਬਤ ਹੋਵੇਗਾ ਕਿ ਉਹ 'ਸਮਰਪਣ' ਦਾ ਮੈਂਬਰ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦਾਨ ਕੀਤਾ ਗਿਆ ਇਕ ਰੁਪਿਆ ਕਿਸੇ ਲੋੜਵੰਦ ਲਈ ਵਰਦਾਨ ਸਾਬਤ ਹੋ ਸਕਦਾ ਹੈ, ਇਸ ਲਈ ਇਸ ਪ੍ਰੋਜੈਕਟ ਨੂੰ ਜਨ ਮੁਹਿੰਮ ਬਣਾਉਣ ਲਈ ਇਕਜੁੱਟਤਾ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਕਜੁੱਟਤਾ ਨਾਲ ਇਸ ਮੁਹਿੰਮ ਨੂੰ ਉਚਾਈਆਂ 'ਤੇ ਲਿਜਾ ਕੇ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਹਾਣ ਦਾ ਬਣਾਇਆ ਜਾ ਸਕਦਾ ਹੈ। ਸ੍ਰੀ ਵਿਪੁਲ ਉਜਵਲ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਜਾਂ ਆਪਣੇ ਬੱਚਿਆਂ ਦੇ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਜਾਂ ਵਿਸ਼ੇਸ਼ ਪਰਿਵਾਰਕ ਦਿਨ 'ਤੇ ਹਰ ਸਾਲ 365 ਰੁਪਏ ਦੀ ਪਰਚੀ 'ਸਮਰਪਣ' ਲਈ ਕਟਵਾ ਸਕਦੇ ਹਨ, ਤਾਂ ਜੋ ਸਰਕਾਰੀ ਸਕੂਲਾਂ ਨੂੰ ਸਮੇਂ ਦੇ ਹਾਣ ਦਾ ਬਣਾਇਆ ਜਾ ਸਕੇ।
No comments:
Post a Comment