ਹੁਸ਼ਿਆਰਪੁਰ, 8 ਨਵੰਬਰ: ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਵਲੋਂ ਵੱਖ-ਵੱਖ ਪਾਬੰਦੀਆਂ ਦੇ 6 ਹੁਕਮ ਜਾਰੀ ਕੀਤੇ ਗਏ ਹਨ। ਜਾਰੀ ਕੀਤੇ ਪਹਿਲੇ ਹੁਕਮ ਅਨੁਸਾਰ ਜ਼ਿਲ੍ਹੇ ਦੀ ਹੱਦ ਅੰਦਰ ਮਿਲਟਰੀ ਵਰਦੀ ਅਤੇ ਉਲਾਈਵ ਹਰੇ ਰੰਗ (ਮਿਲਟਰੀ ਰੰਗ) ਦੀਆਂ ਜੀਪਾਂ, ਮੋਟਰ ਸਾਈਕਲਾਂ, ਮੋਟਰ ਗੱਡੀਆਂ ਦੀ ਵਰਤੋਂ ਕਰਨ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਹੁਕਮ ਮਿਲਟਰੀ ਅਧਿਕਾਰੀਆਂ 'ਤੇ ਲਾਗੂ ਨਹੀਂ ਹੋਵੇਗਾ।
ਇਕ ਹੋਰ ਹੁਕਮ ਜਾਰੀ ਕਰਦਿਆਂ ਜ਼ਿਲ੍ਹਾ ਮੈਜਿਸਟਰੇਟ ਨੇ ਪਾਬੰਦੀ ਲਗਾਈ ਹੈ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਕੋਈ ਵੀ ਵਿਅਕਤੀ ਜਾਂ ਪੰਚਾਇਤ ਜਾਂ ਨਗਰ ਕੌਂਸਲ ਜਾਂ ਨਗਰ ਪੰਚਾਇਤ ਸਬੰਧਤ ਉਪ-ਮੰਡਲ ਮੈਜਿਸਟਰੇਟ ਦੀ ਲਿਖਤੀ ਪੂਰਵ ਪ੍ਰਵਾਨਗੀ ਤੋਂ ਬਿਨ੍ਹਾਂ ਕੋਈ ਛੱਪੜ ਨਹੀਂ ਪੂਰੇਗਾ।
ਉਕਤ ਹੁਕਮਾਂ ਤੋਂ ਇਲਾਵਾ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਵਿਪੁਲ ਉਜਵਲ ਵਲੋਂ ਜ਼ਿਲ੍ਹੇ ਵਿੱਚ ਗਰਮੀਆਂ ਨੂੰ ਸ਼ਾਮ 6 ਵਜੇ ਤੋਂ ਸਵੇਰੇ 6 ਵਜੇ ਤੱਕ ਅਤੇ ਸਰਦੀਆਂ ਨੂੰ ਸ਼ਾਮ 5 ਵਜੇ ਤੋਂ ਸਵੇਰੇ 7 ਵਜੇ ਤੱਕ ਗਊ ਵੰਸ਼ ਦੀ ਢੋਆ-ਢੁਆਈ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਹੁਕਮ ਰਾਹੀਂ ਜਿਨ੍ਹਾਂ ਲੋਕਾਂ ਨੇ ਗਊ ਵੰਸ਼ ਰੱਖੇ ਹੋਏ ਹਨ, ਉਨ੍ਹਾਂ ਨੂੰ ਪਸ਼ੂ ਪਾਲਣ ਵਿਭਾਗ ਪਾਸ ਰਜਿਸਟਰਡ ਕਰਾਉਣ ਦੇ ਆਦੇਸ਼ ਦਿੱਤੇ ਗਏ ਹਨ। ਜ਼ਿਲ੍ਹਾ ਮੈਜਿਸਟਰੇਟ ਵਲੋਂ ਜਾਰੀ ਕੀਤੇ ਇਕ ਹੋਰ ਹੁਕਮ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੀ ਹਦੂਦ ਦੇ ਅੰਦਰ ਵੱਡੀਆਂ-ਛੋਟੀਆਂ ਨਹਿਰਾਂ, ਚੋਅ ਦੇ ਬੰਧ ਅਤੇ ਦਰਿਆ ਬਿਆਸ ਦੇ ਕੰਡੇ ਬਣੇ ਧੁਸੀ ਬੰਧ ਵਿੱਚ ਕਿਸੇ ਵੀ ਵਿਅਕਤੀ ਵਲੋਂ ਡੰਗਰਾਂ ਨੂੰ ਪਾਣੀ ਪਿਲਾਉਣ ਜਾਂ ਨਹਾਉਣ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ।
ਇਕ ਹੋਰ ਹੁਕਮ ਅਨੁਸਾਰ ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਦੀ ਹਦੂਦ ਅੰਦਰ ਆਮ ਜਨਤਾ ਦੁਆਰਾ ਆਰਮਡ ਫੋਰਸਿਸ, ਪੰਜਾਬ ਪੁਲਿਸ ਅਤੇ ਬੀ.ਐਸ.ਐਫ. ਦੀ ਵਰਦੀ ਦੀ ਵਰਤੋਂ ਕਰਨ 'ਤੇ ਪਾਬੰਦੀ ਲਗਾਈ ਹੈ। ਇਸ ਤੋਂ ਇਲਾਵਾ ਇਸ ਤਰ੍ਹਾਂ ਦੀਆਂ ਵਰਦੀਆਂ ਵੇਚਣ ਅਤੇ ਖਰੀਦ ਕਰਨ 'ਤੇ ਵੀ ਪਾਬੰਦੀ ਹੋਵੇਗੀ। ਇਹ ਹੁਕਮ ਆਰਮਡ ਫੋਰਸਿਸ, ਪੰਜਾਬ ਪੁਲਿਸ ਅਤੇ ਬੀ.ਐਸ.ਐਫ. ਅਧਿਕਾਰੀਆਂ 'ਤੇ ਲਾਗੂ ਨਹੀਂ ਹੋਵੇਗਾ।
ਜ਼ਿਲ੍ਹਾ ਮੈਜਿਸਟਰੇਟ ਵਲੋਂ ਜ਼ਿਲ੍ਹੇ ਦੇ ਪੋਲਟਰੀ ਫਾਰਮਾਂ/ਰਾਇਸ ਸ਼ੈਲਰਾਂ/ਭੱਠਿਆਂ ਅਤੇ ਹੋਰ ਸਮਾਲ ਸਕੇਲ ਇੰਡਸਟਰੀਜ਼ ਦੇ ਮਾਲਕਾਂ ਦੇ ਨਾਲ-ਨਾਲ ਨੌਕਰ ਰੱਖਣ ਵਾਲਿਆਂ ਦੇ ਨਾਮ ਹੁਕਮ ਜਾਰੀ ਕੀਤੇ ਗਏ ਹਨ ਕਿ ਉਹ ਆਪਣੇ ਅਧੀਨ ਕੰਮ ਕਰਨ ਵਾਲੇ ਵਿਅਕਤੀਆਂ ਦਾ ਨਾਮ, ਪੂਰਾ ਪਤਾ, ਤਿੰਨ ਫੋਟੋਆਂ (ਸੱਜੇ, ਖੱਬੇ ਅਤੇ ਸਾਹਮਣੇ ਤੋਂ ਪੋਜ਼), ਆਪਣੇ ਘਰਾਂ ਵਿੱਚ ਰਜਿਸਟਰ ਲਾ ਕੇ ਰੱਖਣ ਤੋਂ ਇਲਾਵਾ ਉਨ੍ਹਾਂ ਦੇ ਸਾਰੇ ਰਿਸ਼ਤੇਦਾਰਾਂ ਦੇ ਐਡਰੈਸ ਵੀ ਲਿਖ ਕੇ ਰੱਖਣ। ਜਾਰੀ ਕੀਤੇ ਗਏ ਹੁਕਮ ਵਿੱਚ ਕਿਹਾ ਗਿਆ ਹੈ ਕਿ ਨੌਕਰ ਦੇ ਫਿੰਗਰ ਪ੍ਰਿੰਟ ਮਾਲਕ ਆਪਣੇ ਰਜਿਸਟਰ ਵਿੱਚ ਲਾ ਕੇ ਰੱਖਣ ਅਤੇ ਇਹ ਸਾਰਾ ਰਿਕਾਰਡ ਇਲਾਕੇ ਦੇ ਥਾਣੇ ਜਾਂ ਪੁਲਿਸ ਚੌਂਕੀ ਵਿੱਚ ਵੀ ਤੁਰੰਤ ਦਰਜ ਕਰਾਉਣ। ਇਹ ਉਪਰੋਕਤ 6 ਹੁਕਮ 6 ਜਨਵਰੀ 2018 ਤੱਕ ਲਾਗੂ ਰਹਿਣਗੇ।
No comments:
Post a Comment