|
ਸਕੂਲ ਦਾ ਦ੍ਰਿਸ਼: ਪਹਿਲਾਂ |
ਤਲਵਾੜਾ, 21 ਨਵੰਬਰ: ਬਲਾਕ ਤਲਵਾੜਾ ਦੇ ਸਰਕਾਰੀ ਮਿਡਲ ਸਕੂਲ ਹਲੇੜ੍ਹ ਦੇ ਅਧਿਆਪਕਾਂ ਨੇ ਸ਼ੌਕ ਤੇ ਦ੍ਰਿੜ ਇਰਾਦੇ ਦੀ ਮਿਸਾਲ ਪੇਸ਼ ਕਰਦਿਆਂ ਸਕੂਲ ਦਾ ਪੂਰੀ ਤਰਾਂ ਕਾਇਆਕਲਪ ਕਰਕੇ ਇਲਾਕੇ ਵਿੱਚ ਨਵੀਂ ਮਿਸਾਲ ਪੈਦਾ ਕੀਤੀ ਹੈ ਅਤੇ ਇਸ ਸਕੂਲ ਨੂੰ ਕੌਮੀ ਪੱਧਰ ਤੇ ਸਵੱਛ ਵਿਦਿਆਲਿਆ ਦਾ ਅਵਾਰਡ ਵੀ ਹਾਸਿਲ ਹੋਇਆ ਹੈ।
ਇਸ ਸਬੰਧੀ ਸਕੂਲ ਦੇ ਮੁਖੀ ਰਾਮ ਭਜਨ ਚੌਧਰੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਨਾਮਾਤਰ ਸਰਕਾਰੀ ਗਰਾਂਟਾਂ ਤੋਂ ਇਲਾਵਾ ਅਧਿਆਪਕਾਂ ਤੇ ਇਲਾਕਾ ਵਾਸੀਆਂ ਦੇ ਸੁਹਿਰਦ ਸਹਿਯੋਗ ਨਾਲ ਅਜਿਹਾ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਸਕੂਲ ਦੀ ਇਮਾਰਤ ਨੂੰ ਖ਼ੂਬਸੂਰਤ ਤੇ ਹਰਾ-ਭਰਾ ਬਣਾਉਣ ਤੋਂ ਇਲਾਵਾ ਇਸ ਵਿੱਚ ਟਾਇਲਾਂ, ਸਾਫ਼-ਸੁਥਰੇ ਤੇ ਆਧੁਨਿਕ ਟਾਇਲੈੱਟ, ਕਲਾਸ ਰੂਮ ਤੇ ਹੋਰ ਸਾਜੋ-ਸਾਮਾਨ ਨਾਲ ਤਿਆਰ ਕੀਤਾ ਗਿਆ ਹੈ ਅਤੇ ਸੁਧਾਰ ਦਾ ਸਿਲਸਿਲਾ ਬਾਕਾਇਦਾ ਨਿਰੰਤਰ ਜਾਰੀ ਹੈ।
|
ਸਕੂਲ ਦਾ ਦ੍ਰਿਸ਼: ਕਾਇਆਕਲਪ ਮਗਰੋਂ |
ਉਨ੍ਹਾਂ ਦੱਸਿਆ ਕਿ ਸਕੂਲ ਦੀ ਇਮਾਰਤ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗਣ ਦੇ ਮੰਤਵ ਨਾਲ ਤਿੰਨ ਰੰਗਾਂ ਨਾਲ ਰੰਗਿਆ ਗਿਆ ਹੈ ਅਤੇ ਸਕੂਲ ਦੇ ਸਟਾਫ ਵੱਲੋਂ ਛੁੱਟੀ ਤੋਂ ਬਾਦ ਵੀ ਵਾਧੂ ਸਮਾਂ ਲਗਾ ਕੇ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਕੁਝ ਹੀ ਸਮੇਂ ਵਿੱਚ ਅਧਿਆਪਕਾਂ ਦੇ ਯਤਨਾਂ ਸਦਕਾ ਇਹ ਸਕੂਲ ਆਸ-ਪਾਸ ਦੇ ਨਿੱਜੀ ਸਕੂਲਾਂ ਨੂੰ ਵੀ ਮਾਤ ਦਿੰਦਾ ਪ੍ਰਤੀਤ ਹੋ ਰਿਹਾ ਹੈ। ਰਾਮ ਭਜਨ ਚੌਧਰੀ ਨੇ ਦੱਸਿਆ ਕਿ ਇਲਾਕੇ ਲੋਕਾਂ ਵੱਲੋਂ ਇਸ ਵਡਮੁੱਲੇ ਕਾਰਜ ਲਈ ਖੁੱਲ੍ਹੇ ਦਿਲ ਨਾਲ ਸਹਾਇਤਾ ਕੀਤੀ ਜਾ ਰਹੀ ਹੈ ਅਤੇ ਅਧਿਆਪਕਾਂ ਨੇ ਵੀ ਆਪਣੀ ਇੱਕ ਇੱਕ ਮਹੀਨੇ ਦੀ ਤਨਖਾਹ ਤੱਕ ਸਕੂਲ ਦੇ ਵਿਕਾਸ ਲਈ ਲਗਾ ਦਿੱਤੀ। ਲੋਕਾਂ ਵਿਚ ਇਹ ਸਕੂਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
No comments:
Post a Comment