- ਦੰਦਾਲ ਰਾਹੀਂ ਇਕ ਏਕੜ ਪਰਾਲੀ ਨੂੰ ਕੇਵਲ 15 ਮਿੰਟਾਂ ਵਿਚ ਹੀ ਇਕੱਠਾ ਕੀਤਾ ਜਾ ਰਿਹੈ
- ਹੁਣ ਤੱਕ ਪਰਾਲੀ ਨੂੰ ਅੱਗ ਲਗਾਏ ਬਗੈਰ 600 ਏਕੜ ਵਿਚ ਹੋ ਚੁੱਕੀ ਹੈ ਕਣਕ ਦੀ ਸਿੱਧੀ ਬਿਜਾਈ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਬਾਕੀ ਅਗਾਂਹਵਧੂ ਕਿਸਾਨਾਂ ਤੋਂ ਇਲਾਵਾ ਪਿੰਡ ਅਜਮੇਰ ਦੇ ਅਗਾਂਹਵਧੂ ਕਿਸਾਨ ਸ਼੍ਰੀ ਬਰਕਤ ਅਲੀ ਨੇ ਦੰਦਾਲ ਨਾਲ ਪਰਾਲੀ ਇਕੱਠੀ ਕਰਕੇ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਵਿਚ ਯੋਗਦਾਨ ਪਾਇਆ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਬਰਕਤ ਅਲੀ ਦੰਦਾਲ ਨਾਲ ਇਕ ਏਕੜ ਰਕਬੇ ਦੀ ਪਰਾਲੀ ਕੇਵਲ 15 ਮਿੰਟਾਂ ਵਿਚ ਇਕੱਠੀ ਕਰ ਰਿਹਾ ਹੈ ਅਤੇ ਇਸਨੇ ਆਪਣੀ ਜ਼ਮੀਨ ਤੋਂ ਇਲਾਵਾ ਬਾਕੀ ਕਿਸਾਨਾਂ ਦੀ ਵੀ ਪਰਾਲੀ ਇਕੱਠੀ ਕਰਨ ਵਿਚ ਅਹਿਮ ਯੋਗਦਾਨ ਪਾਉਣ ਤੋਂ ਇਲਾਵਾ ਜਾਗਰੂਕਤਾ ਵੀ ਫੈਲਾਈ ਹੈ ਕਿ ਪਰਾਲੀ ਨੂੰ ਖਾਦ ਅਤੇ ਪਸ਼ੂਆਂ ਦੇ ਚਾਰੇ ਵਜੋਂ ਵਰਤਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਅਗਾਂਹਵਧੂ ਕਿਸਾਨ ਵਲੋਂ ਹਰ ਸਾਲ 50 ਏਕੜ ਖੇਤਾਂ ਦੀ ਪਰਾਲੀ ਪਸ਼ੂਆਂ ਦੇ ਚਾਰੇ ਵਜੋਂ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਹੋਰ ਫਸਲਾਂ ਦੀ ਰਹਿੰਦ-ਖੂੰਹਦ ਜਿਵੇਂ ਗੰਨੇ ਦੀ ਖੋਰੀ ਆਦਿ ਵੀ ਦੰਦਾਲ ਨਾਲ ਇਕੱਠੀ ਕੀਤੀ ਜਾ ਰਹੀ ਹੈ, ਜੋ ਬਾਅਦ ਵਿਚ ਵਰਤੋਂ ਵਿਚ ਆ ਰਹੀ ਹੈ।
ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਕੋਟਲਾ ਪਿੰਡ ਦੇ ਦੋ ਅਗਾਂਹਵਧੂ ਕਿਸਾਨਾਂ ਸ਼੍ਰੀ ਗੁਲਾਬ ਸਿੰਘ ਅਤੇ ਸ੍ਰੀ ਦਲੇਰ ਸਿੰਘ ਵਲੋਂ ਕਰੀਬ 200 ਏਕੜ ਵਿੱਚ ਹੈਪੀ ਸੀਡਰ ਮਸ਼ੀਨ ਰਾਹੀਂ ਕਣਕ ਦੀ ਸਿੱਧੀ ਬੀਜਾਈ ਕਰਨ ਤੋਂ ਇਲਾਵਾ ਸ੍ਰੀ ਦਲੇਰ ਸਿੰਘ ਆਪਣੀ ਕੰਬਾਇਨ ਹਾਰਵੈਸਟਰ ਨਾਲ ਲਗਾਏ ਸੁਪਰ ਐਸ.ਐਮ.ਐਸ. ਸਿਸਟਮ ਨਾਲ ਤਕਰੀਬਨ 300 ਏਕੜ ਰਕਬੇ ਵਿੱਚ ਝੋਨੇ ਦੀ ਕਟਾਈ ਦਾ ਕੰਮ ਕਰ ਚੁੱਕਾ ਹੈ ਅਤੇ ਅਜੇ ਵੀ ਭਾਰੀ ਗਿਣਤੀ ਵਿਚ ਕਿਸਾਨ ਇਸ ਤਕਨੀਕ ਨਾਲ ਕਟਾਈ ਕਰਵਾ ਰਹੇ ਹਨ। ਇਨ੍ਹਾਂ ਤੋਂ ਇਲਾਵਾ ਪਿੰਡ ਫਿਰੋਜ ਰੋਲੀਆਂ ਦੇ ਅਗਾਂਹਵਧੂ ਕਿਸਾਨ ਭਰਾਵਾਂ ਸ੍ਰੀ ਰਵਿੰਦਰ ਸਿੰਘ ਅਤੇ ਸ੍ਰੀ ਜਸਬੀਰ ਸਿੰਘ ਨੇ ਸੇਮ ਪ੍ਰਭਾਵਿਤ ਜ਼ਮੀਨ ਹੋਣ ਦੇ ਬਾਵਜੂਦ ਸਿੱਧੀ ਬੀਜਾਈ ਕਰਕੇ ਵੱਧ ਝਾੜ ਪ੍ਰਾਪਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਹੈਪੀ ਸੀਡਰ ਮਸ਼ੀਨ ਦੀ ਖਰੀਦ ਦੌਰਾਨ 44 ਹਜ਼ਾਰ ਰੁਪਏ ਸਬਸਿਡੀ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੈਪੀ ਸੀਡਰ ਮਸ਼ੀਨ ਦੀ ਖਰੀਦ 'ਤੇ ਇਹ ਸਬਸਿਡੀ ਹਾਸਲ ਕਰਨ ਲਈ ਜ਼ਿਲ੍ਹੇ ਦੇ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਅਗਾਂਹਵਧੂ ਕਿਸਾਨਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਉਹ ਵਧਾਈ ਦੇ ਪਾਤਰ ਹਨ ਅਤੇ ਬਾਕੀ ਕਿਸਾਨਾਂ ਨੂੰ ਵੀ ਅਜਿਹੇ ਅਗਾਂਹਵਧੂ ਕਿਸਾਨਾਂ ਤੋਂ ਸੇਧ ਲੈਕੇ ਵਾਤਾਰਣ ਨੂੰ ਸਾਫ-ਸੁਥਰਾ ਰੱਖਣ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਅਤੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਕਿਸਾਨ ਝੋਨੇ ਦੀ ਪਰਾਲੀ/ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ, ਬਲਕਿ ਖੇਤੀਬਾੜੀ ਵਿਭਾਗ ਦੀਆਂ ਸਿਫਾਰਸ਼ਾਂ ਅਨੁਸਾਰ ਨਵੀਆਂ ਤਕਨੀਕਾਂ ਅਪਨਾਉਣ ਨੂੰ ਤਰਜ਼ੀਹ ਦੇਣ।
No comments:
Post a Comment