- ਚਾਹਵਾਨ ਕਿਸਾਨ ਅਰਜੀ ਫਾਰਮ ਬਲਾਕ ਖੇਤੀਬਾੜੀ ਦਫ਼ਤਰਾਂ 'ਚ ਕਰਵਾ ਸਕਦੇ ਨੇ ਜਮ੍ਹਾਂ
- ਅਰਜੀਆਂ ਪ੍ਰਾਪਤ ਕਰਨ ਅਤੇ ਬੀਜ ਦੀ ਵੰਡ ਕਰਨ ਲਈ ਛੁੱਟੀਆਂ ਵਾਲੇ ਦਿਨ ਵੀ ਖੁੱਲ੍ਹੇ ਰਹਿਣਗੇ ਖੇਤੀਬਾੜੀ ਦਫ਼ਤਰ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਕੌਮੀ ਅੰਨ ਸੁਰੱਖਿਆ ਮਿਸ਼ਨ ਸ੍ਰੀ ਵਿਪੁਲ ਉਜਵਲ ਨੇ ਦੱੱਸਿਆ ਕਿ ਜ਼ਿਲ੍ਹੇ ਵਿੱਚ 7350 ਕੁਇੰਟਲ ਕਣਕ ਦਾ ਤਸਦੀਕਸ਼ੁਦਾ ਬੀਜ ਸਬਸਿਡੀ 'ਤੇ ਦਿੱਤਾ ਜਾ ਰਿਹਾ ਹੈ,
ਜਿਸ ਦੀ ਕੁੱਲ ਰਕਮ 73.50 ਲੱਖ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਦਫ਼ਤਰ ਅਰਜੀਆਂ ਪ੍ਰਾਪਤ ਕਰਨ ਅਤੇ ਬੀਜ ਦੀ ਵੰਡ ਕਰਨ ਲਈ ਸਨਿੱਚਰਵਾਰ, ਐਤਵਾਰ ਅਤੇ ਸਰਕਾਰੀ ਛੁੱਟੀ ਵਾਲੇ ਦਿਨ ਵੀ ਖੁੱਲ੍ਹੇ ਰਹਿਣਗੇ। ਉਨ੍ਹਾਂ ਦੱਸਿਆ ਕਿ ਸਰਕਾਰੀ ਜਾਂ ਅਰਧ ਸਰਕਾਰੀ ਸੰਸਥਾਵਾਂ ਤੋਂ ਬੀਜ ਖਰੀਦਣ 'ਤੇ ਹੀ ਸਬਸਿਡੀ ਮਿਲੇਗੀ ਅਤੇ ਇਕ ਕਿਸਾਨ ਨੂੰ ਵੱਧ ਤੋਂ ਵੱਧ 2 ਹੈਕਟੇਅਰ ਦੇ ਬੀਜ 'ਤੇ ਸਬਸਿਡੀ ਦੀ ਰਕਮ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਣਕ ਦੇ ਤਸਦੀਕਸ਼ੁਦਾ ਬੀਜ ਦਾ 50 ਫੀਸਦੀ ਜਾਂ ਵੱਧ ਤੋਂ ਵੱਧ 1000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਕਿਸਾਨਾਂ ਦੇ ਸਿੱਧਾ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾਈ ਜਾਵੇਗੀ।
ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਕਿਸਾਨ ਪਰਮਿਟ ਦੇ ਅਧਾਰ 'ਤੇ ਬੀਜ ਖਰੀਦਣ ਉਪਰੰਤ ਤਸ਼ਦੀਕਸ਼ੁਦਾ ਬੀਜ਼ ਦਾ ਬਿੱਲ ਸਬੰਧਤ ਬਲਾਕ ਖੇਤੀਬਾੜੀ ਦਫ਼ਤਰ ਵਿੱਚ 10 ਦਿਨਾਂ ਦੇ ਅੰਦਰ-ਅੰਦਰ ਜਮ੍ਹਾਂ ਕਰਾਉਣਗੇ। ਉਨ੍ਹਾਂ ਦੱਸਿਆ ਕਿ ਪਰਮਿਟ ਜਾਰੀ ਕਰਨ ਵਿਚ 2.5 ਏਕੜ ਤੋਂ ਘੱਟ ਮਾਲਕੀ ਵਾਲੇ ਕਿਸਾਨਾਂ ਨੂੰ ਪਹਿਲ ਮਿਲੇਗੀ, ਪਰ ਜੇਕਰ ਅਰਜੀਆਂ ਘੱਟ ਆਈਆਂ ਤਾਂ 5 ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਨੂੰ ਬੀਜ ਪਰਮਿਟ ਜਾਰੀ ਕੀਤੇ ਜਾਣਗੇ ਅਤੇ ਫਿਰ ਵੀ ਜੇਕਰ ਕੋਟਾ ਬਾਕੀ ਬਚਿਆ ਤਾਂ 5 ਏਕੜ ਤੋਂ ਵੱਧ ਜਮੀਨ ਦੀ ਮਾਲਕੀ ਵਾਲੇ ਕਿਸਾਨਾਂ ਨੂੰ ਪਰਮਿਟ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਕਿਸਾਨ ਪੀ.ਬੀ.ਡਬਲਯੂ.-725, 677, 621, 550, 502, 658, 590, 660, 644, ਐਚ.ਡੀ.-3086, 2967, ਡਬਲਯੂ.ਐਚ.ਡੀ. 943, ਡਬਲਯੂ.ਐਚ. 1105 ਅਤੇ ਡੀ.ਬੀ. ਡਬਲਯੂ. 17 ਤਸਦੀਕਸ਼ੁਦਾ ਕਿਸਮਾਂ ਦਾ ਬੀਜ ਹੀ ਖਰੀਦ ਕਰ ਸਕਣਗੇ।
ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੈ ਕੁਮਾਰ ਨੇ ਦੱਸਿਆ ਕਿ ਸਬਸਿਡੀ ਪ੍ਰਾਪਤ ਕਰਨ ਲਈ ਫਾਰਮ ਵੈਬਸਾਈਟ www.agripb.gov.in ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਅਰਜੀ ਫਾਰਮ ਹਰ ਬਲਾਕ ਖੇਤੀਬਾੜੀ ਦਫ਼ਤਰਾਂ ਵਿੱਚ ਉਪਲਬੱਧ ਹੈ। ਜ਼ਿਆਦਾ ਅਰਜੀਆਂ ਪ੍ਰਾਪਤ ਹੋਣ ਦੀ ਸੂਰਤ ਵਿੱਚ ਕਿਸਾਨਾਂ ਦੀ ਚੋਣ ਲਾਟਰੀ ਡਰਾਅ ਰਾਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਿਸਾਨ ਆਪਣੀਆਂ ਅਰਜ਼ੀਆਂ ਮੁਕੰਮਲ ਕਰਨ ਉਪਰੰਤ 3 ਨਵੰਬਰ ਤੱਕ ਜਮ੍ਹਾਂ ਕਰਵਾ ਸਕਦੇ ਹਨ ਅਤੇ ਕਣਕ ਬੀਜ਼ ਲਈ ਪਰਮਿਟ 4 ਨਵੰਬਰ ਤੋਂ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ 01882-222102 ਤੋਂ ਇਲਾਵਾ ਖੇਤੀਬਾੜੀ ਦਫਤਰਾਂ ਵਿੱਚ ਵੀ ਸੰਪਰਕ ਕੀਤਾ ਜਾ ਸਕਦਾ ਹੈ।
No comments:
Post a Comment