- ਕੌਮੀ ਆਫ਼ਤ ਪ੍ਰਬੰਧਨ ਫੋਰਸ ਵਲੋਂ ਲਗਾਏ ਵਿਸ਼ੇਸ਼ ਕੈਂਪ 'ਚ ਮੋਕ ਡਰਿੱਲ ਰਾਹੀਂ ਦਿੱਤੀ ਅਹਿਮ ਜਾਣਕਾਰੀ
ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੁਦਰਤੀ ਆਫਤਾਂ ਸਮੇਂ ਜਨਤਾ ਦੀ ਜਾਨ-ਮਾਲ ਨੂੰ ਬਚਾਉਣ ਲਈ ਕੌਮੀ ਆਫਤ ਪ੍ਰਬੰਧਨ ਫੋਰਸ ਦੇ ਜਵਾਨ ਮੁੱਖ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਭੂਚਾਲ, ਹੜ੍ਹ, ਅੱਗ ਦੀਆਂ ਘਟਨਾਵਾਂ, ਰੇਲ ਜਾਂ ਸੜਕ ਦੁਰਘਟਨਾਵਾਂ ਦੇ ਸਮੇਂ ਹੋਈ ਜਾਨ-ਮਾਲ ਨੂੰ ਬਚਾਉਣ ਲਈ ਨਵੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅੱਜ ਜੋ ਇਸ ਸਕੂਲ ਵਿੱਚ ਕੈਂਪ ਲਗਾਇਆ ਗਿਆ ਹੈ, ਉਸ ਵਿੱਚ ਇਨ੍ਹਾਂ ਨਵੀਆਂ ਤਕਨੀਕਾਂ ਅਤੇ ਵਰਤੋਂ ਵਿੱਚ ਲਿਆਂਦੇ ਜਾਣ ਵਾਲੇ ਸਾਧਨਾਂ ਨੂੰ ਮੋਕ ਡਰਿੱਲ ਰਾਹੀਂ ਦਰਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਆਫਤਾਂ ਤੋਂ ਬਚਾਅ ਲਈ ਸਾਨੂੰ ਮੁਢਲੀ ਜਾਣਕਾਰੀ ਹੋਣੀ ਚਾਹੀਦੀ ਹੈ। ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਦ ਕਦੇ ਅਚਾਨਕ ਭੂਚਾਲ ਆਉਂਦਾ ਹੈ, ਤਾਂ ਫੌਰੀ ਤੌਰ 'ਤੇ ਕਿਵੇਂ ਅਸੀਂ ਆਪਣੀ ਅਤੇ ਦੂਜਿਆਂ ਦੀਆਂ ਜਾਨਾਂ ਬਚਾ ਸਕਦੇ ਹਾਂ। ਇਸ ਦੌਰਾਨ ਉਨ੍ਹਾਂ ਨੇ ਪ੍ਰਬੰਧਨ ਫੋਰਸ ਵਲੋਂ ਲਗਾਏ ਗਏ ਬਚਾਅ ਦੇ ਸਾਧਨਾਂ ਸਬੰਧੀ ਵੀ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ।
ਇਸ ਦੌਰਾਨ ਕੌਮੀ ਆਫ਼ਤ ਪ੍ਰਬੰਧਨ ਫੋਰਸ ਦੇ ਇੰਸਪੈਕਟਰ ਹਰੀ ਓਮ ਨੇ ਦੱਸਿਆ ਕਿ ਸਕੂਲਾਂ ਅਤੇ ਪਿੰਡਾਂ ਵਿੱਚ ਲਗਾਏ ਗਏ ਇਸ ਕੈਂਪ ਦਾ ਮੁਖ ਉਦੇਸ਼ ਵਿਦਿਆਰਥੀ ਅਤੇ ਪਿੰਡ ਵਾਸੀਆਂ ਨੂੰ ਕੁਦਰਤੀ ਆਫਤਾਂ ਦੇ ਸਮੇਂ ਆਪਣੀ ਅਤੇ ਦੂਜਿਆ ਦੀ ਜਾਨ ਬਚਾਉਣ ਸਬੰਧੀ ਮੁਢਲੀ ਜਾਣਕਾਰੀ ਦੇਣਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਵਿਸ਼ੇਸ਼ ਕੈਂਪ ਵਿੱਚ ਜਵਾਨਾਂ ਵਲੋਂ ਮੋਕ ਡਰਿੱਲ ਕਰਕੇ ਦੱਸਿਆ ਗਿਆ ਹੈ ਕਿ ਹਾਦਸਿਆਂ ਸਮੇਂ ਅਸੀਂ ਕਿਸ ਤਰ੍ਹਾਂ ਦੁਰਘਟਨਾਂ ਗ੍ਰਸਤ ਲੋਕਾਂ ਦੀ ਜਾਨ ਬਚਾ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਕੈਂਪ ਜ਼ਿਲ੍ਹੇ ਦੇ ਬਾਕੀ ਸਕੂਲਾਂ ਅਤੇ ਕਾਲਜਾਂ ਵਿੱਚ ਵੀ ਲਗਾਏ ਜਾ ਰਹੇ ਹਨ। ਇਸ ਦੇ ਤਹਿਤ 28 ਨਵੰਬਰ ਨੂੰ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਡੱਲੇਵਾਲ, 29 ਅਤੇ 30 ਨਵੰਬਰ ਨੂੰ ਬੀ.ਬੀ.ਐਮ. ਵੀ ਤਲਵਾੜਾ, 2 ਦਸੰਬਰ ਨੂੰ ਐਸ.ਪੀ.ਐਨ. ਕਾਲਜ ਮੁਕੇਰੀਆਂ, 4 ਦਸੰਬਰ ਨੂੰ ਦਸ਼ਮੇਸ਼ ਗਰਲਜ਼ ਕਾਲਜ ਮੁਕੇਰੀਆਂ, 5 ਦਸੰਬਰ ਨੂੰ ਬ੍ਰਹਮ ਕਮਲ ਪੋਲੀਟੈਕਨੀਕਲ ਕਾਲਜ ਮੁਕੇਰੀਆਂ, 6 ਦਸੰਬਰ ਨੂੰ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਅਤੇ 7 ਦਸੰਬਰ ਨੂੰ ਸਰਕਾਰੀ ਕਾਲਜ ਟਾਂਡਾ ਵਿਖੇ ਲਗਾਏ ਜਾਣਗੇ।
ਇਸ ਮੌਕੇ ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਅਮਨਪਾਲ ਸਿੰਘ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਅਜੇ ਕੁਮਾਰ, ਸਬ-ਇੰਸਪੈਕਟਰ ਸ੍ਰੀ ਚੰਦਨ ਤੇ ਮਹਿੰਦਰ ਸਿੰਘ, ਹੌਲਦਾਰ ਸ੍ਰੀ ਰਵਿੰਦਰ ਸਮੇਤ ਪ੍ਰਬੰਧਨ ਫੋਰਸ ਦੇ ਜਵਾਨਾਂ ਤੋਂ ਇਲਾਵਾ ਭਾਰੀ ਸੰਖਿਆ ਵਿੱਚ ਪ੍ਰਬੰਧਨ ਸਕੂਲ ਦੇ ਵਿਦਿਆਰਥੀ ਮੌਜੂਦ ਸਨ।
No comments:
Post a Comment