ਹੁਸ਼ਿਆਰਪੁਰ 21 ਨਵੰਬਰ:ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਵਿਪੁਲ ਉਜਵਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਚਲਾਈ ਜਾ ਰਹੀ 'ਸਾਂਝੀ ਰਸੋਈ' ਨੂੰ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਦਾਨੀ ਸੱਜਣਾਂ ਅਤੇ ਸਰਕਾਰੀ ਅਧਿਕਾਰੀਆਂ ਵਲੋਂ ਭਰਵਾਂ ਸਹਿਯੋਗ ਮਿਲ ਰਿਹਾ ਹੈ। ਪਿਛਲੇ ਦਿਨੀ ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਾਲ ਨੇ ਆਪਣੇ ਨਜਦੀਕੀ
ਰਿਸ਼ਤੇਦਾਰ ਸ੍ਰੀ ਵਰੁਣ ਕੁਮਾਰ (ਬ੍ਰਦਰ ਇਨ ਲਾਅ) ਦੇ ਜਨਮ ਦਿਨ ਦੀ ਖੁਸ਼ੀ 'ਸਾਂਝੀ ਰਸੋਈ' ਵਿੱਚ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੂੰ 5 ਹਜ਼ਾਰ ਰੁਪਏ ਦਾਨ ਵਜੋਂ ਵੀ ਸੌਂਪੇ। ਇਸ ਮੌਕੇ ਐਸ.ਡੀ.ਐਮ. ਸ੍ਰੀ ਜਿਤੇਂਦਰ ਜੋਰਵਾਲ ਦੀ ਧਰਮ ਪਤਨੀ ਸ੍ਰੀਮਤੀ ਪ੍ਰਤਿਭਾ ਜੋਰਵਾਲ ਅਤੇ ਭਰਾ ਸ੍ਰੀ ਪੁਸ਼ਪੇਂਦਰ ਵੀ ਮੌਜੂਦ ਸਨ।
ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਾਲ ਨੇ ਜ਼ਿਲ੍ਹਾ ਰੈਡ ਕਰਾਸ ਵਲੋਂ ਚਲਾਏ ਜਾ ਰਹੇ 'ਸਾਂਝੀ ਰਸੋਈ' ਪ੍ਰੋਜੈਕਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜਨਮ ਦਿਨ ਦੀ ਖੁਸ਼ੀ 'ਸਾਂਝੀ ਰਸੋਈ' ਵਿੱਚ ਸਾਂਝੀ ਕਰਨ ਨਾਲ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋੜਵੰਦਾਂ ਨੂੰ ਕੇਵਲ 10 ਰੁਪਏ ਵਿੱਚ ਪੌਸ਼ਟਿਕ ਖਾਣਾ ਖੁਆਉਣਾ ਇਕ ਮਿਸਾਲੀ ਉਪਰਾਲਾ ਹੈ। ਉਨ੍ਹਾਂ ਪਰਿਵਾਰਕ ਮੈਂਬਰਾਂ ਸਮੇਤ ਲਗਭਗ 450 ਲੋੜਵੰਦ ਵਿਅਕਤੀਆਂ ਨਾਲ ਦੁਪਹਿਰ ਦਾ ਭੋਜਨ ਸਾਂਝਾ ਕਰਦਿਆਂ ਇਸ ਪ੍ਰੋਜੈਕਟ ਦੀ ਹੋਰ ਸਫਲਤਾ ਦੀ ਕਾਮਨਾ ਕੀਤੀ।
ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਗੁਪਤਾ ਨੇ ਦੱਸਿਆ ਕਿ ਜੇਕਰ ਕੋਈ ਦਾਨੀ ਸੱਜਣ 'ਸਾਂਝੀ ਰਸੋਈ' ਲਈ ਯੋਗਦਾਨ ਪਾਉਣਾ ਚਾਹੁੰਦਾ ਹੈ ਜਾਂ ਆਪਣਾ ਵਿਸ਼ੇਸ਼ ਦਿਨ ਬੁੱਕ ਕਰਵਾਉਣਾ ਚਾਹੁੰਦਾ ਹੈ, ਤਾਂ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਸੁਸਾਇਟੀ ਵਲੋਂ ਕੇਕ ਦੀ ਰਸਮ ਅਦਾ ਕਰਨ ਤੋਂ ਇਲਾਵਾ ਪਰਿਵਾਰ ਨੂੰ 'ਸਾਂਝੀ ਰਸੋਈ' ਵਲੋਂ ਇਕ ਸਨਮਾਨ ਚਿੰਨ ਵੀ ਭੇਟ ਕੀਤਾ ਗਿਆ। ਇਸ ਮੌਕੇ ਸ੍ਰੀਮਤੀ ਰੁਪਿੰਦਰ ਕੌਰ ਹਨੀ ਅਤੇ ਸ੍ਰੀਮਤੀ ਡੋਲੀ ਚੀਮਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
No comments:
Post a Comment