- ਅੰਤਰਰਾਜੀ ਕੈਂਪਾਂ 'ਚ ਹਿੱਸਾ ਲੈਣ ਲਈ ਕਿਰਾਏ, ਖਾਣ-ਪੀਣ ਅਤੇ ਰਿਹਾਇਸ਼ ਦੀ ਦਿੱਤੀ ਜਾ ਰਹੀ ਹੈ ਮੁਫ਼ਤ ਸਹੂਲਤ
- ਨੌਜਵਾਨਾਂ ਨੂੰ ਕੈਂਪਾਂ ਦੌਰਾਨ ਕਰਵਾਈ ਜਾ ਰਹੀ ਟ੍ਰੈਕਿੰਗ ਨਾਲ ਮਿਲ ਸਕਦੇ ਨੇ ਰੁਜ਼ਗਾਰ ਦੇ ਮੌਕੇ
- ਨੌਜਵਾਨਾਂ ਨੂੰ ਨਸ਼ੇ ਵਰਗੀਆਂ ਅਲਾਮਤਾਂ ਤੋਂ ਦੂਰ ਰੱਖਣ ਲਈ ਸਰਕਾਰ ਦਾ ਸ਼ਲਾਘਾਯੋਗ ਉਪਰਾਲਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਅਨੁਪਮ ਕਲੇਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਯੁਵਕ ਸੇਵਾਵਾਂ ਵਿਭਾਗ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਦੇ ਬੌਧਿਕ ਵਿਕਾਸ ਲਈ ਕਈ ਯੋਜਨਾਵਾਂ ਉਲੀਕੀਆਂ ਗਈਆਂ ਹਨ, ਜਿਨ੍ਹਾਂ ਤਹਿਤ ਨੌਜਵਾਨਾਂ ਨੂੰ ਅੰਤਰਰਾਜੀ ਦੌਰੇ, ਯੂਥ ਲੀਡਰਸ਼ਿਪ ਟਰੇਨਿੰਗ ਕੈਂਪ, ਹਾਈਕਿੰਗ ਟ੍ਰੈਕਿੰਗ ਕੈਂਪ, ਯੁਵਕ ਮੇਲੇ, ਯੁਵਕ ਦਿਵਸ, ਯੂਥ ਐਕਸਚੇਂਜ ਪ੍ਰੋਗਰਾਮ ਆਦਿ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਕਿਰਾਏ ਤੋਂ ਲੈ ਕੇ ਖਾਣ-ਪੀਣ, ਰਿਹਾਇਸ਼ ਅਤੇ ਟ੍ਰੈਕਿੰਗ ਬਿਲਕੁੱਲ ਮੁਫ਼ਤ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਸਰੀਰਕ ਕਸਰਤ, ਬੌਧਿਕ ਗਤੀਵਿਧੀਆਂ, ਟ੍ਰੈਕਿੰਗ, ਸਭਿਆਚਾਰਕ ਮੁਕਾਬਲਿਆਂ ਤੋਂ ਇਲਾਵਾ ਇਤਿਹਾਸਕ ਸਥਾਨਾਂ ਦੇ ਦੌਰੇ ਆਦਿ ਕਰਵਾਏ ਜਾਂਦੇ ਹਨ।
ਸ਼੍ਰੀਮਤੀ ਕਲੇਰ ਨੇ ਦੱਸਿਆ ਕਿ ਕੈਂਪਾਂ ਦੌਰਾਨ ਪੰਜਾਬ ਦੇ 22 ਜ਼ਿਲ੍ਹਿਆਂ ਤੋਂ ਕੈਂਪਰ ਇਕੱਠੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਆਪਸ ਵਿੱਚ ਮਿਲ ਬੈਠ ਕੇ ਵਿਚਾਰ ਚਰਚਾ ਦਾ ਮੌਕਾ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਇਕ ਦੂਸਰੇ ਦੇ ਭਾਸ਼ਾਈ ਵੱਖਰੇਵੇਂ, ਖਾਣ-ਪੀਣ, ਸਭਿਆਚਾਰ ਸਬੰਧੀ ਜਾਣਕਾਰੀ ਮਿਲਦੀ ਹੈ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਆਪਣੀ ਜਿੰਦਗੀ ਨੂੰ ਅਸਲੀ ਤਰੀਕੇ ਨਾਲ ਜਿਉਣ ਦੀ ਸੋਝ ਕਰਵਾਈ ਜਾਂਦੀ ਹੈ ਅਤੇ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸੀਬਤਾਂ ਲਈ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨ ਜਿੱਥੇ ਨਸ਼ੇ ਵਰਗੀਆਂ ਅਲਾਮਤਾਂ ਤੋਂ ਦੂਰ ਰਹਿੰਦੇ ਹਨ, ਉਥੇ ਮਿਲਗੋਭਾ ਸਭਿਆਚਾਰ ਨੂੰ ਵੀ ਬੜਾਵਾ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਲਈ ਪਹਾੜੀ ਖੇਤਰਾਂ ਵਿੱਚ ਕਰਵਾਈ ਜਾ ਰਹੀ ਟ੍ਰੈਕਿੰਗ ਨਾਲ 'ਟ੍ਰੈਕਿੰਗ ਗਾਈਡ' ਬਣਨ ਦੇ ਮੌਕੇ ਵੀ ਪ੍ਰਦਾਨ ਹੁੰਦੇ ਹਨ।
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ਼੍ਰੀ ਪ੍ਰੀਤ ਕੋਹਲੀ ਨੇ ਦੱਸਿਆ ਕਿ ਇਸ ਸਾਲ ਵਿਭਾਗ ਵਲੋਂ ਜ਼ਿਲ੍ਹੇ ਦੇ ਲੜਕੇ-ਲੜਕੀਆਂ ਦੇ ਮਨਾਲੀ ਵਿਖੇ ਯੂਥ ਲੀਡਰਸ਼ਿਪ ਟਰੇਨਿੰਗ ਕੈਂਪ ਲਗਾਉਣ ਤੋਂ ਇਲਾਵਾ ਕਾਲਜ ਵਿਦਿਆਰਥੀਆਂ, ਗੈਰ-ਵਿਦਿਆਰਥੀਆਂ, ਕੌਮੀ ਸੇਵਾ ਯੋਜਨਾ ਵਲੰਟੀਅਰਾਂ, 9ਵੀਂ-10ਵੀਂ ਕਲਾਸ ਦੇ ਵਿਦਿਆਰਥੀਆਂ ਅਤੇ 11ਵੀਂ-12ਵੀਂ ਕਲਾਸ ਦੇ ਵਿਦਿਆਰਥੀਆਂ ਦੇ ਕੈਂਪ ਵੀ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਜ਼ਿਲ੍ਹੇ ਦੇ 30 ਕਾਲਜਾਂ ਵਿੱਚ 30 ਰੈਡ ਰਿਬਨ ਕਲੱਬ ਵੀ ਖੋਲ੍ਹੇ ਗਏ ਹਨ ਅਤੇ ਇਨ੍ਹਾਂ ਕਲੱਬਾਂ ਦੁਆਰਾ ਲੋੜ ਪੈਣ 'ਤੇ ਆਪਣੇ ਵਲੰਟੀਅਰ ਖੂਨਦਾਨੀ ਦੇ ਰੂਪ ਵਿੱਚ ਵੀ ਭੇਜੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਕੋਲ ਇਸ ਸਮੇਂ 50 ਕੌਮੀ ਸੇਵਾ ਯੋਜਨਾ ਯੂਨਿਟ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚ 5253 ਵਲੰਟੀਅਰ ਭਰਤੀ ਕੀਤੇ ਗਏ ਹਨ, ਜੋ ਕਿ ਵੱਖ-ਵੱਖ ਤਰ੍ਹਾਂ ਦੇ ਸਮਾਜ ਭਲਾਈ ਦੇ ਕੰਮਾਂ ਵਿੱਚ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਲੰਟੀਅਰਾਂ ਵਲੋਂ ਹੁਣ ਤੱਕ ਵੱਡੀ ਗਿਣਤੀ ਵਿੱਚ ਇਕ ਰੋਜ਼ਾ ਕੈਂਪ ਲਗਾਏ ਗਏ ਹਨ, ਜਿਨ੍ਹਾਂ ਵਿੱਚ ਇਨ੍ਹਾਂ ਸਕੂਲਾਂ ਵਲੋਂ ਅਡਾਪਟ ਕੀਤੇ ਗਏ ਪਿੰਡਾਂ ਅਤੇ ਬਸਤੀਆਂ ਵਿੱਚ ਸਫ਼ਾਈ ਕਰਕੇ ਸਵੱਛਤਾ ਅਭਿਆਨ ਵਿਚ ਯੋਗਦਾਨ ਪਾਇਆ ਗਿਆ।
No comments:
Post a Comment