- ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਵੱਲ ਧਿਆਨ ਦੇਣ ਦੀ ਕੀਤੀ ਅਪੀਲ
- ਗੜ੍ਹਸ਼ੰਕਰ ਦੇ ਪਿੰਡ ਸਮੂੰਦੜਾ ਵਿਖੇ ਕਲਚਰਲ ਕਲੱਬ ਸਮੂੰਦੜਾ ਵਲੋਂ ਸ਼ਹੀਦ ਅਜਮੇਰ ਸਿੰਘ ਮੱਲੀ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ
ਹੁਸ਼ਿਆਰਪੁਰ, 30 ਨਵੰਬਰ:ਸਪੀਕਰ ਪੰਜਾਬ ਵਿਧਾਨ ਸਭਾ ਸ੍ਰੀ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਖਾਤਮੇ ਲਈ ਵਚਨਬੱਧ ਹੈ। ਖੇਡਾਂ ਜਿਥੇ ਨੌਜਵਾਨਾਂ ਨੂੰ ਸਿਹਤ ਪੱਖੋਂ ਤੰਦਰੁਸਤ ਰੱਖਦੀਆਂ ਹਨ, ਉਥੇ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਵੀ ਬਚਿਆ ਜਾ ਸਕਦਾ ਹੈ। ਉਹ ਅੱਜ ਪਿੰਡ ਸਮੂੰਦੜਾ ਵਿਖੇ ਸ਼ਿਵ ਓਮ ਯੂਥ ਸਪੋਰਟਸ ਐਂਡ ਕਲਚਰਲ ਕਲੱਬ ਸਮੂੰਦੜਾ ਵਲੋਂ ਸ਼ਹੀਦ ਅਜਮੇਰ ਸਿੰਘ ਮੱਲੀ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਫਾਈਨਲ ਮੈਚ ਖੇਡਣ ਵਾਲੇ ਖਿਡਾਰੀਆਂ ਨਾਲ ਮੁਲਾਕਾਤ ਵੀ ਕੀਤੀ।
ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਤਰ੍ਹਾਂ ਦੀਆਂ ਅਗਾਂਹਵਧੂ ਨੀਤੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ, ਕਿ ਨੌਜਵਾਨਾਂ ਲਈ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਉਪਲਬੱਧ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਿਥੇ ਹਰੇਕ ਵਰਗ ਲਈ ਸਹੂਲਤਾਂ ਮੁਹੱਈਆ ਕਰਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਸਿੱਖਿਆ ਦਾ ਪੱਧਰ ਉਚਾ ਚੁੱਕਣ ਲਈ ਨਵੀਆਂ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਵੱਧ ਤੋਂ ਵੱਧ ਕਿੱਤਾਮੁਖੀ ਕੋਰਸਾਂ ਵਿੱਚ ਦਾਖਲਾ ਲੈ ਕੇ ਆਪਣੇ ਪੈਰ੍ਹਾਂ 'ਤੇ ਖੜ੍ਹੇ ਹੋ ਕੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦਾ ਤਿਆਗ ਕਰਕੇ ਆਪਣਾ ਧਿਆਨ ਪੜ੍ਹਾਈ ਅਤੇ ਖੇਡਾਂ ਵੱਲ ਲਗਾਉਣ। ਇਸ ਦੌਰਾਨ ਉਨ੍ਹਾਂ ਨੇ ਫੁੱਟਬਾਲ ਗਰਾਉਂਡ ਦੀ ਚਾਰਦੀਵਾਰੀ ਲਈ 4 ਲੱਖ ਰੁਪਏ ਦੇਣ ਦੀ ਘੋਸ਼ਣ ਵੀ ਕੀਤੀ ਅਤੇ ਆਉਣ ਵਾਲੇ ਸਮੇਂ ਦੌਰਾਨ ਪਿੰਡ ਦੇ ਸਕੂਲ ਨੂੰ ਅਪਗਰੇਡ ਕਰਨ ਦੀ ਗੱਲ ਵੀ ਆਖੀ। ਇਸ ਦੌਰਾਨ ਉਨ੍ਹਾਂ ਨੂੰ ਕਲੱਬ ਵਲੋਂ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਦੌਰਾਨ ਪਿੰਡ ਸਮੂੰਦੜਾ ਅਤੇ ਧਮਾਈ ਵਿਚਕਾਰ ਫਾਈਨਲ ਫੁੱਟਬਾਲ ਮੈਚ ਵੀ ਖੇਡਿਆ ਗਿਆ, ਜਿਸ ਵਿੱਚ ਧਮਾਈ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਜਿੱਤ ਦਰਜ ਕੀਤੀ। ਇਸ ਮੌਕੇ ਸਾਬਕਾ ਵਿਧਾਇਕ ਸ੍ਰੀ ਲਵ ਕੁਮਾਰ ਗੋਲਡੀ, ਸਹਾਇਕ ਕਮਿਸ਼ਨਰ (ਜ) ਸ੍ਰੀ ਅਮਰਜੀਤ ਸਿੰਘ, ਪੀ.ਸੀ.ਐਸ. ਅਧਿਕਾਰੀ (ਅੰਡਰ ਟਰੇਨਿੰਗ) ਸਹਾਇਕ ਕਮਿਸ਼ਨਰ ਸ੍ਰੀ ਅਮਿਤ ਸਰੀਨ, ਡੀ.ਐਸ. ਪੀ ਰਾਜ ਕੁਮਾਰ, ਬੀ.ਡੀ.ਪੀ.ਓ. ਸ੍ਰੀ ਰਣਜੀਤ ਸਿੰਘ, ਸਰਪੰਚ ਸਮੂੰਦੜਾ ਠਾਕੁਰ ਕਿਸ਼ਨ ਦੇਵ ਸਿੰਘ, ਦਵਿੰਦਰ ਸਿੰਘ, ਮਨੋਹਰ ਕੁਮਾਰ ਸੈਣੀ, ਵਰਿੰਦਰ ਸਿੰਘ, ਪੰਡਤ ਕਿਸ਼ੋਰ ਕੁਮਾਰ, ਸੁਰਜੀਤ ਧਮਾਈ, ਚਰਨਜੀਤ ਸਿੰਘ ਸਮੇਤ ਭਾਰੀ ਸੰਖਿਆ ਵਿੱਚ ਖੇਡ ਪ੍ਰੇਮੀ ਮੌਜੂਦ ਸਨ।