- ਲੋਕ ਫ਼ਤਵੇ ਅਤੇ ਲੋਕਤੰਤਰ ਦਾ ਮਖ਼ੌਲ ਉਡਾਉਣ ਦੇ ਆਦੀ ਨੇ ਕੈਪਟਨ ਅਮਰਿੰਦਰ ਸਿੰਘ।
- ਦਸੂਹਾ ਸੀਟ ਵਿਕਾਸ ਤੇ ਖੁਸ਼ਹਾਲੀ ਦੀ ਰਾਜਨੀਤੀ ਦੀ ਝੋਲੀ ਪਵੇਗੀ।
ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਜ਼ਿੰਮੇਵਾਰ ਆਗੂਆਂ ਵੱਲੋਂ ਕਿਸੇ ਵੀ ਚੋਣ ਤੋਂ ਪਹਿਲਾਂ ਅਜਿਹੇ ਗ਼ੈਰਜ਼ਿੰਮੇਵਾਰਾਨਾ ਬਿਆਨ ਦੇਣੇ ਕੋਈ ਨਵੀਂ ਗੱਲ ਨਹੀਂ, ਸਗੋਂ ਇਸ ਪਾਰਟੀ ਦਾ ਪਿਛਲੇ ਇਕ ਦਹਾਕੇ ਦਾ ਇਤਿਹਾਸ ਹੈ ਕਿ ਇਸ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਹਰੇਕ ਚੋਣ ਵਿੱਚ ਵੋਟਰਾਂ ਦੇ ਫ਼ਤਵੇ ਦਾ ਮਖ਼ੌਲ ਉਡਾਇਆ ਹੈ। ਆਪਣੀਆਂ ਲਗ਼ਤਾਰ ਹਾਰਾਂ ਤੋਂ ਕੋਈ ਸਬਕ ਲੈਣ ਅਤੇ ਆਪਣੀ ਕਾਰਜਸ਼ੈਲੀ ਵਿਚਲੀਆਂ ਊਣਤਾਈਆਂ ਨੂੰ ਸੁਧਾਰਨ ਦੀ ਬਜਾਏ ਕਦੇ ਅਕਾਲੀਆਂ ਅਤੇ ਕਦੇ ਮਸ਼ੀਨਾਂ ਵਿੱਚ ਨੁਕਸ ਕੱਢਣੇ ਕੈਪਟਨ ਦੀ ਆਦਤ ਬਣ ਚੁੱਕੀ ਹੈ। ਉਹਨਾਂ ਕਿਹਾ ਕਿ ਬਿਜਲਈ ਵੋਟਿੰਗ ਮਸ਼ੀਨਾਂ ‘ਤੇ ਕਿੰਤੂ ਕਰਨ ਤੋਂ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਨੂੰ ਦਸੂਹਾ ਉ¤ਪ ਚੋਣ ਵਿੱਚ ਆਪਣੀ ਹਾਰ ਸਾਫ਼ ਦਿਖਾਈ ਦੇਣ ਲੱਗ ਪਈ ਹੈ ਅਤੇ ਸੀਨੀਅਰ ਕਾਂਗਰਸੀ ਆਗੂ ਇਸ ਸੰਭਾਵੀ ਹਾਰ ਦੀ ਜ਼ਿੰਮੇਵਾਰੀ ਤੋਂ ਭੱਜਣ ਦੇ ਬਹਾਨੇ ਵੀ ਘੜਨ ਲੱਗ ਪਏ ਹਨ। ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਸਮੇਤ ਸਮੁੱਚੀ ਕਾਂਗਰਸ ਪਾਰਟੀ ਦੀ ਸਿਆਸੀ ਜਮ੍ਹਾਂ-ਘਟਾਓ ਮੂਲੋਂ ਹੀ ਗ਼ਲਤ ਹੋ ਜਾਣ ਤੋਂ ਬਾਅਦ ਨਿਗ਼ਮ ਚੋਣਾਂ ਵੀ ਮਿਲੀ ਵੱਡੀ ਹਾਰ ਦਾ ਜ਼ਿਕਰ ਕਰਦਿਆਂ ਮਜੀਠੀਆ ਨੇ ਕਿਹਾ ਕਿ ਦਸੂਹਾ ਚੋਣ ਨੇਪਰੇ ਚੜ੍ਹਦਿਆਂ ਹੀ ਕਾਂਗਰਸੀ ਆਗੂਆਂ ਨੂੰ 2014 ਦੀਆਂ ਸੰਸਦੀ ਚੋਣਾਂ ਵਿੱਚ ਮਿਲਣ ਵਾਲੀ ਲੱਕ-ਤੋੜਵੀਂ ਹਾਰ ਦੇ ਬਹਾਨੇ ਘੜਨ ਦਾ ਕੰਮ ਪੈਣ ਵਾਲਾ ਹੈ।
ਮਜੀਠੀਆ ਨੇ ਕਿਹਾ ਕਿ ਅਸਲ ਮੁੱਦਾ ਕਾਂਗਰਸ ਨੂੰ ਮਸ਼ੀਨਾਂ ਬਾਰੇ ਭਰੋਸਾ ਹੋਣ ਦਾ ਨਹੀਂ ਸਗੋਂ ਅਸਲੀਅਤ ਤਾਂ ਇਹ ਹੈ ਕਿ ਕਾਂਗਰਸ ਨੂੰ ਲੋਕਾਂ ‘ਤੇ ਅਤੇ ਲੋਕਾਂ ਨੂੰ ਕਾਂਗਰਸ ‘ਤੇ ਭਰੋਸਾ ਨਹੀਂ ਰਿਹਾ। ਹੋਰ ਤਾਂ ਹੋਰ ਇੱਥੋਂ ਤੱਕ ਕਿ ਖ਼ੁਦ ਕਾਂਗਰਸ ਪਾਰਟੀ ਨੂੰ ਆਪਣੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ‘ਤੇ ਹੀ ਭਰੋਸਾ ਨਹੀਂ ਰਿਹਾ। ਉਹਨਾਂ ਕਿਹਾ ਕਿ ਕੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਹੋਣ ਦੇ ਨਾਤੇ ਵੋਟਿੰਗ ਮਸ਼ੀਨਾਂ ਬਾਰੇ ਬਿਆਨ ਦੇਣ ਵਾਲੇ ਕੈਪਟਨ ਅਮਰਿੰਦਰ ਸਿੰਘ ਲੋਕਾਂ ਨੂੰ ਸਪੱਸ਼ਟ ਕਰਨਗੇ ਕਿ ਪਾਰਟੀ ਦੀ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਵੀ ਉਹਨਾਂ ਦੇ ਸਟੈਂਡ ਨਾਲ ਸਹਿਮਤ ਹੈ ਜਾਂ ਨਹੀਂ? ਮਜੀਠੀਆ ਨੇ ਕਿਹਾ ਕਿ ਦਸੂਹਾ ਸੀਟ, ਵਿਕਾਸ ਅਤੇ ਖ਼ੁਸ਼ਹਾਲੀ ਦੀ ਰਾਜਨੀਤੀ ਕਰ ਰਹੇ ਅਕਾਲੀ-ਭਾਜਪਾ ਗੱਠਜੋੜ ਦੀ ਝੋਲੀ ਪਵੇਗੀ ਅਤੇ ਹਲਕੇ ਦੇ ਸੂਝਵਾਨ ਵੋਟਰ ਇਸ ਹਲਕੇ ਦੀ ਵਿਧਾਨ ਸਭਾ ਵਿੱਚ ਪ੍ਰਤੀਨਿੱਧਤਾ ਕਰਨ ਵਾਲੇ ਸਵ: ਅਮਰਜੀਤ ਸਿੰਘ ਸਾਹੀ ਦੇ ਅਧੂਰੇ ਰਹੇ ਸੁਫ਼ਨਿਆਂ ਦੀ ਪੂਰਤੀ ਲਈ ਬੀਬੀ ਸੁਖਜੀਤ ਕੌਰ ਸਾਹੀ ਨੂੰ ਭਾਰੀ ਫ਼ਰਕ ਨਾਲ ਜਿਤਾ ਕੇ ਦਸੂਹਾ ਹਲਕੇ ਵਿੱਚ ਵਿਕਾਸ ਤੇ ਸਹੂਲਤਾਂ ਦੀ ਲਹਿਰ ਨੂੰ ਮੁੜ ਪ੍ਰਚੰਡ ਕਰਨ ਵਿੱਚ ਆਪਣਾ ਪੂਰਾ ਯੋਗਦਾਨ ਪਾਉਣਗੇ।
No comments:
Post a Comment