ਹੁਸ਼ਿਆਰਪੁਰ, 16 ਮਾਰਚ : ਕਣਕ ਦੀ ਨਾੜ ਨੂੰ ਅੱਗ ਲਗਾਉਣ ਕਾਰਨ ਵਾਤਾਵਰਣ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵਾਤਾਵਰਣ ਜਾਗਰੁਕਤਾ ਵੈਨ, ਜੋ ਕਿ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਚਲਾਈ ਜਾਣੀ ਹੈ, ਨੂੰ ਅੱਜ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਅਨੁਪਮ ਕਲੇਰ ਵਲੋਂ ਬੋਰਡ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਕਣਕ ਦੀ ਨਾੜ ਅਤੇ
ਹੋਰ ਰਹਿੰਦ-ਖੂੰਹਦ ਨੂੰ ਨਾ ਸਾੜਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਜਿੱਥੇ ਵਾਤਾਵਰਣ ਦੂਸ਼ਿਤ ਹੁੰਦਾ ਹੈ, ਉਥੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦਾ ਰੁਝਾਨ ਮਨੁੱਖੀ ਸਿਹਤ ਲਈ ਵੀ ਬੜਾ ਨੁਕਸਾਨਦੇਹ ਹੈ। ਉਨ੍ਹਾਂ ਕਿਹਾ ਕਿ ਬੋਰਡ ਵਲੋਂ ਕਣਕ ਦੀ ਨਾੜ ਨੂੰ ਸਾੜਨ ਕਾਰਨ ਹੋ ਰਹੇ ਨੁਕਸਾਨ ਅਤੇ ਇਸਦੀਆਂ ਕਾਨੂੰਨੀ ਪੇਚਦਗੀਆਂ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਉਣ ਲਈ ਵਿੱਢੀ ਜਾਗਰੂਕਤਾ ਮੁਹਿੰਮ ਤਹਿਤ ਖਾਸ ਤਰ੍ਹਾਂ ਦੇ ਆਡਿਓ ਪੈਕੇਜ ਨਾਲ ਗੁਰਬਾਣੀ ਅਤੇ ਪੰਜਾਬੀ ਫੋਕ 'ਤੇ ਆਧਾਰਿਤ ਇਹ 'ਵਾਤਾਵਰਣ ਜਾਗਰੂਕਤਾ ਵੈਨ' ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਵੈਨ ਜ਼ਿਲ੍ਹੇ ਦੇ ਹਰ ਪਿੰਡ ਤੱਕ ਪਹੁੰਚਕੇ ਕਣਕ ਦੀ ਨਾੜ ਨੂੰ ਅੱਗ ਨਾ ਲਗਾਉਣ ਸਬੰਧੀ ਕਿਸਾਨਾਂ ਨੂੰ ਇਕ ਚੰਗਾ ਸੁਨੇਹਾ ਦੇਵੇਗੀ।
ਇਸ ਮੌਕੇ 'ਤੇ ਸਹਾਇਕ ਵਾਤਾਵਰਣ ਇੰਜੀਨੀਅਰ ਸੁਖਵੰਤ ਸਿੰਘ, ਜੂਨੀਅਰ ਵਾਤਾਵਰਣ ਇੰਜੀਨੀਅਰ ਧਰਮਵੀਰ ਸਿੰਘ, ਪੰਜਾਬ ਪ੍ਰਦੁਸ਼ਣ ਰੋਕਥਾਮ ਬੋਰਡ, ਖੇਤਰੀ ਦਫਤਰ ਹੁਸ਼ਿਆਰਪੁਰ ਦਾ ਸਟਾਫ ਵੀ ਹਾਜ਼ਰ ਸੀ ।
No comments:
Post a Comment