- ਕਿਹਾ, ਸਰਕਾਰ ਵਲੋਂ ਨਿਭਾਈ ਜਾਵੇਗੀ ਮ੍ਰਿਤਕ ਦੇਹਾਂ ਲਿਆਉਣ ਦੀ ਜਿੰਮੇਵਾਰੀ
ਹੁਸ਼ਿਆਰਪੁਰ, 21 ਮਾਰਚ:ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਪੰਜਾਬ ਸਰਕਾਰ ਵਲੋਂ ਉਨ੍ਹਾਂ ਪੀੜਤ ਪਰਿਵਾਰਾਂ ਨਾਲ ਅੱਜ ਦੁੱਖ ਸਾਂਝਾ ਕੀਤਾ, ਜਿਨ੍ਹਾਂ ਪਰਿਵਾਰਾਂ ਦੇ ਦੋ ਨੌਜਵਾਨਾਂ ਦੀ ਇਰਾਕ ਵਿੱਚ ਮੌਤ ਹੋ ਗਈ ਸੀ। ਇਹ ਨੌਜਵਾਨ ਪਿੰਡ ਜੈਤਪੁਰ ਅਤੇ ਪਿੰਡ ਛਾਉਣੀ ਕਲਾਂ ਦੇ ਰਹਿਣ ਵਾਲੇ ਸਨ ਅਤੇ ਇਰਾਕ ਵਿੱਚ ਮਰਨ ਵਾਲੇ 39 ਭਾਰਤੀਆਂ ਵਿੱਚ ਸ਼ਾਮਲ ਸਨ।
ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਕੇਂਦਰੀ ਵਿਦੇਸ਼ ਮੰਤਰਾਲਿਆ ਭਾਰਤ ਸਰਕਾਰ ਵਲੋਂ ਇਰਾਕ ਵਿੱਚ ਸਥਿਤ ਭਾਰਤੀ ਦੂਤਾਵਾਸ ਰਾਹੀਂ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਨੌਜਵਾਨਾਂ ਦੀ ਮ੍ਰਿਤਕ ਦੇਹ ਭਾਰਤ ਪੁੱਜੇਗੀ, ਉਸੇ ਵੇਲੇ ਪੰਜਾਬ ਸਰਕਾਰ ਵਲੋਂ ਮ੍ਰਿਤਕ ਦੇਹਾਂ ਨੂੰ ਲਿਆਉਣ ਲਈ ਪੂਰਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਪੀੜਤ ਪਰਿਵਾਰਾਂ ਨਾਲ ਪੰਜਾਬ ਸਰਕਾਰ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਇਰਾਕ ਵਿੱਚ 39 ਭਾਰਤੀਆਂ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਛਾਉਣੀ ਕਲਾਂ ਅਤੇ ਪਿੰਡ ਜੈਤਪੁਰ ਵਿਖੇ ਵੀ ਮਾਤਮ ਛਾ ਗਿਆ, ਕਿਉਂਕਿ ਇਨ੍ਹਾਂ 39 ਭਾਰਤੀਆਂ ਵਿੱਚੋਂ ਦੋ ਨੌਜਵਾਨ ਕਮਲਜੀਤ ਸਿੰਘ (ਪਿੰਡ ਛਾਉਣੀਕਲਾਂ) ਅਤੇ ਗੁਰਦੀਪ ਸਿੰਘ (ਪਿੰਡ ਜੈਤਪੁਰ) ਸ਼ਾਮਲ ਸਨ। ਗੁਰਦੀਪ ਸਿੰਘ ਆਪਣੇ ਪਿੱਛੇ ਮਾਤਾ, ਪਤਨੀ ਅਤੇ ਦੋ ਬੱਚੇ ਛੱਡ ਗਏ ਹਨ, ਜਦਕਿ ਕਮਲਜੀਤ ਸਿੰਘ ਆਪਣੇ ਪਿੱਛੇ ਮਾਤਾ-ਪਿਤਾ, ਪਤਨੀ ਅਤੇ ਦੋ ਬੱਚੇ ਛੱਡ ਗਏ ਹਨ।
No comments:
Post a Comment