- ਕਿਹਾ, ਡੇਪੋ ਦੀ ਰਜਿਸਟਰੇਸ਼ਨ ਲਈ ਵੱਧ ਤੋਂ ਵੱਧ ਨੌਜਵਾਨਾਂ ਨੂੰ ਕੀਤਾ ਜਾਵੇ ਪ੍ਰੇਰਿਤ
ਹੁਸ਼ਿਆਰਪੁਰ, 16 ਮਾਰਚ:ਪੀ.ਸੀ.ਐਸ. (ਅੰਡਰ ਟਰੇਨਿੰਗ) ਸ੍ਰੀ ਅਮਿਤ ਸਰੀਨ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ਼ 23 ਮਾਰਚ ਨੂੰ ਖਟਕੜਕਲਾਂ ਤੋਂ ਸ਼ੁਰੂ ਕੀਤੀ ਜਾ ਰਹੀ ਨਿਵੇਕਲੀ ਪਹਿਲ 'ਨਸ਼ਾ ਰੋਕੂ ਅਫ਼ਸਰ (ਡਰੱਗ ਅਬਿਊਜ਼ ਪ੍ਰੀਵੈਨਸ਼ਨ ਆਫਿਸਰਜ਼-ਡੇਪੋ) ਲਈ ਵੱਧ ਤੋਂ ਵੱਧ ਵਲੰਟੀਅਰਾਂ ਦੀ ਰਜਿਸਟਰੇਸ਼ਨ ਕੀਤੀ ਜਾਵੇ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡੇਪੋ ਮੁਹਿੰਮ ਸਬੰਧੀ ਜ਼ਿਲ੍ਹੇ ਦੇ ਸਿੱਖਿਆ ਸੰਸਥਾਵਾਂ ਨਾਲ ਵਿਸ਼ੇਸ਼ ਬੈਠਕ ਕਰ ਰਹੇ ਸਨ।
ਸ੍ਰੀ ਅਮਿਤ ਸਰੀਨ ਨੇ ਸਿੱਖਿਆ ਸੰਸਥਾਵਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਜਾ ਰਹੀ 'ਨਸ਼ਾ ਰੋਕੂ ਅਫ਼ਸਰ' (ਡੇਪੋ ਵਲੰਟੀਅਰ) ਮੁਹਿੰਮ ਵਿੱਚ ਵੱਧ ਤੋਂ ਵੱਧ ਵਲੰਟੀਅਰਾਂ ਦੀ ਰਜਿਸਟਰੇਸ਼ਨ ਕਰਾਉਣ ਲਈ ਆਪਣੇ-ਆਪਣੇ ਵਿਦਿਅਕ ਸੰਸਥਾਵਾਂ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਨਸ਼ਾ ਰੋਕੂ ਅਫ਼ਸਰ ਬਣਨ ਲਈ ਨਿਰਧਾਰਤ ਕੀਤਾ ਗਿਆ ਪ੍ਰੋਫਾਰਮਾ ਭਰਨਾ ਹੋਵੇਗਾ, ਜਿਸ ਵਿੱਚ ਉਨ੍ਹਾਂ ਵਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਸਵੈਇੱਛਤ ਅਤੇ ਬਿਨਾਂ ਕਿਸੇ ਮਿਹਨਤਾਨੇ ਦੇ ਹੋਣ ਸਬੰਧੀ ਸ਼ਰਤਾਂ ਹੋਣਗੀਆਂ। ਉਨ੍ਹਾਂ ਕਿਹਾ ਕਿ ਬਣਾਏ ਗਏ ਵਲੰਟੀਅਰ ਨਸ਼ਾ ਰੋਕਣ ਲਈ ਵਿਸ਼ੇਸ਼ ਭੂਮਿਕਾ ਨਿਭਾਉਣਗੇ ਅਤੇ ਉਹ ਨਸ਼ੇ ਦੀ ਗ੍ਰਿਫ਼ਤ ਵਿੱਚ ਆਏ ਨੌਜਵਾਨਾਂ ਨੂੰ ਪ੍ਰੇਰਿਤ ਕਰਨਗੇ ਕਿ ਉਹ ਕਿਸ ਤਰ੍ਹਾਂ ਨਸ਼ੇ ਦੀ ਦਲਦਲ ਵਿੱਚੋਂ ਨਿਕਲ ਸਕਦੇ ਹਨ।
ਇਸ ਮੌਕੇ 'ਤੇ ਐਸ.ਡੀ. ਕਾਲਜ ਤੋਂ ਪ੍ਰੋ: ਮੋਨਿਕਾ ਕੰਵਰ, ਪ੍ਰੋ: ਰਣਜੀਤ ਕੌਰ, ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਐਸ.ਐਸ. ਸ਼ਰਮਾ, ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਦੇ ਪ੍ਰਿੰਸੀਪਲ ਐਮ.ਪੀ.ਐਸ. ਸੋਲੰਕੀ, ਸ੍ਰੀ ਗੁਰੂ ਰਾਮ ਦਾਸ ਕਾਲਜ ਆਫ਼ ਨਰਸਿੰਗ ਤੋਂ ਪ੍ਰਭਜੋਤ ਕੌਰ, ਸਰਕਾਰੀ ਆਈ.ਟੀ.ਆਈ (ਵੋਮੈਨ) ਹੁਸ਼ਿਆਰਪੁਰ ਤੋਂ ਹਰਵਿੰਦਰ ਕੌਰ ਅਤੇ ਡਾਇਟ ਅੱਜੋਵਾਲ ਤੋਂ ਸੁਨੀਤੀ ਕੌਰ ਸਮੇਤ ਵਿਦਿਅਕ ਸੰਸਥਾਵਾਂ ਦੇ ਪ੍ਰਤੀਨਿੱਧੀ ਮੌਜੂਦ ਸਨ।
No comments:
Post a Comment