- ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਕੀਤਾ ਉਦਘਾਟਨ
- ਅਪੰਗ ਵਿਅਕਤੀ ਸਥਾਪਿਤ ਕੀਤੇ ਕਾਉਂਟਰ ਅਤੇ 11 ਨੂੰ ਲੱਗਣ ਵਾਲੇ ਵਿਸ਼ੇਸ਼ ਕੈਂਪ ਦਾ ਲਾਹਾ ਲੈਣ : ਵਿਪੁਲ ਉਜਵਲ
ਹੁਸ਼ਿਆਰਪੁਰ, 9 ਮਾਰਚ : ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ ਬਣੇ ਸੇਵਾ ਕੇਂਦਰ ਵਿਚ ਅੱਜ ਅਪੰਗ ਵਿਅਕਤੀਆਂ ਦੀਆਂ ਪੈਨਸ਼ਨਾਂ ਸਬੰਧੀ ਸਹੂਲਤ ਲਈ ਇਕ ਵਿਸ਼ੇਸ਼ ਕਾਉਂਟਰ ਸਥਾਪਿਤ ਕਰ ਦਿੱਤਾ ਗਿਆ ਹੈ, ਜਿਸਦਾ ਉਦਘਾਟਨ ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀਮਤੀ ਅਨੁਪਮ ਕਲੇਰ ਵੀ ਸਨ।
ਇਸ ਕਾਉਂਟਰ ਦਾ ਉਦਘਾਟਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਨਾਲ ਅਪੰਗ ਵਿਅਕਤੀਆਂ ਨੂੰ ਕਾਫੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਅਪੰਗ ਵਿਅਕਤੀ ਪੈਨਸ਼ਨਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਇਸ ਕਾਉਂਟਰ ਤੋਂ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਕਾਉਂਟਰ ਵਿਚ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਦੇ ਨੁਮਾਇੰਦੇ ਰੋਜ਼ਾਨਾ ਡਿਊਟੀ ਦੇਣਗੇ, ਤਾਂ ਜੋ ਪੈਨਸ਼ਨਾਂ ਸਬੰਧੀ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ।
ਸ਼੍ਰੀ ਵਿਪੁਲ ਉਜਵਲ ਨੇ ਕਿਹਾ ਕਿ ਜ਼ਿਲ੍ਹਾ ਵਾਸੀਆਂ ਨੂੰ ਸਾਫ-ਸੁਥਰਾ ਪ੍ਰਸ਼ਾਸ਼ਨ ਦੇਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰ ਵਿਚ ਜਿੱਥੇ ਬਾਕੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਉਥੇ ਅਪੰਗ ਵਿਅਕਤੀਆਂ ਦੀ ਸਹੂਲਤ ਲਈ ਵੀ ਇਹ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਅਪੰਗ ਵਿਅਕਤੀਆਂ ਲਈ ਇਕ ਵਿਸ਼ੇਸ਼ ਕੈਂਪ 11 ਮਾਰਚ ਨੂੰ ਐਸ.ਬੀ.ਏ.ਸੀ. ਸੀਨੀਅਰ ਸੈਕੰਡਰੀ ਸਕੂਲ ਬਜਵਾੜਾ ਵਿਖੇ ਸਵੇਰੇ 10 ਵਜੇ ਤੋਂ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕੈਂਪ ਵਿਚ ਅਪੰਗਤਾ ਸਰਟੀਫਿਕੇਟ, ਅਪੰਗਤਾ ਪੈਨਸ਼ਨ, ਹੈਲਥ ਇੰਸ਼ੋਰੈਂਸ ਸਕੀਮ 'ਨਿਰਮਾਇਆ', ਵੀਲ੍ਹ ਚੇਅਰਜ਼, ਸ਼ਨਾਖਤੀ ਕਾਰਡ (ਯੂ.ਡੀ.ਆਈ.ਡੀ) ਆਦਿ ਸੇਵਾਵਾਂ ਦੇਣ ਲਈ ਫਾਰਮ ਭਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਕੈਂਪ ਵਿਚ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ, ਸਿਹਤ ਵਿਭਾਗ, ਸਿੱਖਿਆ ਵਿਭਾਗ ਤੋਂ ਇਲਾਵਾ ਹੋਰ ਵਿਭਾਗ ਅਤੇ ਐਨ.ਜੀ.ਓਜ਼ ਰਿਸ਼ੀ ਫਾਉਂਡੇਸ਼ਨ, ਕਰਵਟ ਏਕ ਬਦਲਾਵ, ਯੂਥ ਕੇਅਰ ਵੈਲਫੇਅਰ ਸੋਸਾਇਟੀ ਆਦਿ ਵਲੋਂ ਸੇਵਾਵਾਂ ਦਿੱਤੀਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਨੇ ਅਪੀਲ ਕਰਦਿਆਂ ਕਿਹਾ ਕਿ ਅਪੰਗ ਵਿਅਕਤੀ ਇਸ ਵਿਸ਼ੇਸ਼ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈਣ। ਉਨ੍ਹਾਂ ਕਿਹਾ ਕਿ ਆਪਣੇ ਨਾਲ ਰਿਹਾਇਸ਼ੀ ਸਬੂਤ, ਤਿੰਨ ਫੋਟੋਜ਼ ਤੋਂ ਇਲਾਵਾ ਅਪੰਗਤਾ ਸਬੰਧੀ ਜੇਕਰ ਕੋਈ ਹੋਰ ਦਸਤਾਵੇਜ਼/ਸਰਟੀਫਿਕੇਟ ਬਣੇ ਹੋਏ ਹਨ, ਤਾਂ ਉਹ ਵੀ ਨਾਲ ਲਿਆਂਦੇ ਜਾਣ।
ਇਸ ਮੌਕੇ ਪੀ.ਸੀ.ਐਸ (ਅੰਡਰ ਟ੍ਰੇਨਿੰਗ) ਸ਼੍ਰੀ ਅਮਿਤ ਸਰੀਨ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀ ਜਗਦੀਸ਼ ਮਿੱਤਰ, ਸੇਵਾ ਕੇਂਦਰ ਦੇ ਇੰਚਾਰਜ ਸ਼੍ਰੀ ਗੁਰਪ੍ਰੀਤ ਸਿੰਘ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਮਿਸ ਇੰਦਰਜੀਤ ਨੰਦਨ, ਸ਼੍ਰੀ ਪ੍ਰਦੀਪ ਕੁਮਾਰ, ਸ਼੍ਰੀ ਰਾਹੁਲ ਪੱਟੀ, ਸ਼੍ਰੀ ਆਯੂਸ਼ ਸ਼ਰਮਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
No comments:
Post a Comment