- ਕਿਹਾ, ਕਿਸੇ ਵੀ ਪ੍ਰਸਿਥਤੀਆਂ ਦਾ ਸਾਹਮਣੇ ਕਰਦੇ ਹੋਏ ਆਪਣਾ ਇਕ ਵੱਖਰਾ ਮੁਕਾਮ ਬਣਾ ਸਕਦੀਆਂ ਹਨ ਮਹਿਲਾਵਾਂ
- ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਰਿਆਤ ਬਾਹਰਾ ਇੰਸਟੀਚਿਊਟ ਵਿਖੇ ਕਰਵਾਇਆ ਗਿਆ ਅੰਤਰ ਰਾਸ਼ਟਰੀ ਮਹਿਲਾ ਦਿਵਸ ਸਬੰਧੀ ਵਿਸ਼ੇਸ਼ ਸਮਾਗਮ
ਹੁਸ਼ਿਆਰਪੁਰ, 16 ਮਾਰਚ: ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ ਨੇ ਕਿਹਾ ਕਿ ਸਮਾਜਿਕ ਕੁਰੀਤੀਆਂ ਦੇ ਖਾਤਮੇ ਲਈ ਮਹਿਲਾਵਾਂ ਨੂੰ ਇਕਜੁੱਟ ਹੋਣ ਦੀ ਲੋੜ ਹੈ। ਮਹਿਲਾਵਾਂ ਵਿੱਚ ਐਨੀਆਂ ਯੋਗਤਾਵਾਂ ਹਨ ਕਿ ਉਹ ਕਿਸੇ ਵੀ ਪ੍ਰਸਿਥਤੀਆਂ ਦਾ ਸਾਹਮਣਾ ਕਰਦੇ ਹੋਏ ਆਪਣਾ ਇਕ ਵੱਖਰਾ ਮੁਕਾਮ ਬਣਾ ਸਕਦੀਆਂ ਹਨ। ਉਹ ਅੱਜ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਰਿਆਤ ਬਾਹਰਾ ਇੰਸਟੀਚਿਊਟ ਵਿਖੇ ਅੰਤਰ-ਰਾਸ਼ਟਰੀ ਮਹਿਲਾ ਦਿਵਸ ਦੇ ਸੰਦਰਭ ਵਿੱਚ ਕਰਵਾਏ ਗਏ ਜ਼ਿਲ੍ਹਾ ਪੱਧਰੀ ਅੰਤਰ-ਰਾਸ਼ਟਰੀ ਮਹਿਲਾ ਦਿਵਸ ਸਮਾਗਮ ਵਿੱਚ ਮੌਜੂਦ ਮਹਿਲਾਵਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਪੀ.ਸੀ.ਐਸ. (ਅੰਡਰ ਟਰੇਨਿੰਗ) ਸ੍ਰੀ ਅਮਿਤ ਸਰੀਨ, ਰਿਆਤ ਬਾਹਰਾ ਕੈਂਪਸ ਦੇ ਡਾਇਰੈਕਟਰ ਡਾ. ਚੰਦਰ ਮੋਹਨ, ਮੈਡੀਕਲ ਅਫ਼ਸਰ ਡਾ. ਸੁਖਮੀਤ ਬੇਦੀ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ. ਕੁਲਦੀਪ ਸਿੰਘ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਵਧੀਕ ਡਿਪਟੀ ਕਮਿਸ਼ਨਰ ਨੇ ਮਹਿਲਾਵਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਦਿਆਂ ਕਿਹਾ ਕਿ ਮਹਿਲਾਵਾਂ ਵਿੱਚ ਸੰਜਮ, ਇਮਾਨਦਾਰੀ, ਆਤਮ-ਵਿਸ਼ਵਾਸ਼ ਅਤੇ ਨਿਮਰਤਾ ਦੀ ਭਾਵਨਾ ਸਮੇਤ ਕਈ ਤਰ੍ਹਾਂ ਦੇ ਗੁਣ ਹੁੰਦੇ ਹਨ। ਇਹ ਗੁਣ ਮਹਿਲਾਵਾਂ ਨੂੰ ਹਰ ਚੁਨੌਤੀ ਦਾ ਸਾਹਮਣਾ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਲੋੜ ਸਿਰਫ਼ ਇਨ੍ਹਾਂ ਗੁਣਾਂ ਨੂੰ ਪਹਿਚਾਨਣ ਦੀ ਹੈ। ਉਨ੍ਹਾਂ ਮਹਿਲਾਵਾਂ ਨੂੰ ਇਕ ਦੂਜੇ ਦਾ ਸਨਮਾਨ ਕਰਨ ਅਤੇ ਸਮਾਜ ਵਿੱਚ ਇਕ ਵੱਖਰਾ ਰੁਤਬਾ ਕਾਇਮ ਕਰਨ ਲਈ ਸਾਰਿਆਂ ਨੂੰ ਨਾਲ ਲੈ ਕੇ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਮਾਜ ਨੂੰ ਵੀ ਮਹਿਲਾ ਪ੍ਰਤੀ ਅਪਨਾਈ ਜਾਂਦੀ ਗਲਤ ਧਾਰਨਾ ਨੂੰ ਬਦਲਣਾ ਚਾਹੀਦਾ ਅਤੇ ਕੰਨਿਆ ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਪ੍ਰਤੀ ਇਕਜੁੱਟ ਹੋਣਾ ਪਵੇਗਾ। ਉਨ੍ਹਾਂ ਮਹਿਲਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਮਾਜਿਕ ਕੁਰੀਤੀਆਂ ਦੇ ਖਾਤਮੇ ਲਈ ਖੁਦ ਅੱਗੇ ਆਉਣ ਅਤੇ ਸਰੀਰਕ ਤੇ ਮਾਨਸਿਕ ਤੌਰ 'ਤੇ ਮਜ਼ਬੂਤ ਬਣ ਕੇ ਇਨ੍ਹਾਂ ਬੁਰਾਈਆਂ ਦੇ ਖਾਤਮੇ ਲਈ ਅੱਗੇ ਵੱਧਣ। ਉਨ੍ਹਾਂ ਮਹਿਲਾਵਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਹੋਣ ਲਈ ਸਖਤ ਮਿਹਨਤ ਕਰਕੇ ਆਪਣੇ ਪੈਰ੍ਹਾਂ 'ਤੇ ਖੜ੍ਹਾ ਹੋਣ ਲਈ ਪ੍ਰੇਰਿਤ ਕੀਤਾ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵਲੋਂ ਅਹਿਮ ਪ੍ਰਾਪਤੀਆਂ ਕਰਨ ਵਾਲੀਆਂ ਜ਼ਿਲ੍ਹੇ ਦੀਆਂ ਮਹਿਲਾਵਾਂ ਵਿੱਚੋਂ ਸਮਾਜ ਸੇਵਕਾ ਅਤੇ ਨੈਸ਼ਨਲ ਸੰਸਕ੍ਰਿਤ ਅਵਾਰਡੀ ਪਹਿਲੀ ਪੰਜਾਬੀ ਕਵੀਤਰੀ ਇੰਦਰਜੀਤ ਨੰਦਨ, ਪੀ.ਪੀ.ਐਸ. ਅਫ਼ਸਰ ਮਨਪ੍ਰੀਤ ਸ਼ੀਮਾਰ, ਲੋਕ ਸਭਾ ਲਈ ਸ਼ਰਬਤ ਤਿਆਰ ਕਰਨ ਵਾਲੀ ਪਿੰਡ ਮੈਲੀ ਦੀ ਸੰਸਥਾ ਤੋਂ ਵਿਨੋਦ ਕੁਮਾਰੀ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਹੋਰ ਖੇਤਰਾਂ ਵਿੱਚ ਉਪਲਬੱਧੀਆਂ ਹਾਸਲ ਕਰਨ ਵਾਲੀਆਂ ਮਹਿਲਾਵਾਂ ਡਾ. ਜੈਸੀ, ਸਾਰਨਪ੍ਰੀਤ, ਗਾਇਕਾ ਅਰੋੜਾ, ਰਜਿੰਦਰ ਕੌਰ, ਜਤਿੰਦਰ ਕੌਰ, ਮਾਧਵੀ ਸਿੰਘ, ਸਤਵੰਤ ਕੌਰ ਕਲੋਟੀ, ਰੇਖਾ ਸ਼ਰਮਾ, ਰਵਿੰਦਰ ਕੌਰ, ਡਿੰਪਲ, ਇੰਦਰਜੀਤ ਕੌਰ, ਸੁਖਮੀਤ ਬੇਦੀ, ਸੁਖਚੰਚਲ ਕੌਰ, ਮੋਨਿਕਾ ਅਤੇ ਡੀ.ਸੀ.ਪੀ.ਓ. ਡਾ. ਹਰਪ੍ਰੀਤ ਕੌਰ ਨੂੰ ਵਿਸ਼ੇਸ਼ ਤੌਰ 'ਤੇ ਵੱਖ-ਵੱਖ ਉਪਲਬੱਧੀਆਂ ਹਾਸਲ ਕਰਨ 'ਤੇ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਸ਼ਿਵਾਨੀ ਮਲਹੋਤਰਾ, ਆਸ਼ੀਮਾ, ਪ੍ਰੋ: ਸ਼ੈਲੀ ਖੌਂਸਲਾ ਸਮੇਤ ਵੱਖ-ਵੱਖ ਬੁਲਾਰਿਆਂ ਵਲੋਂ ਮਹਿਲਾਵਾਂ ਨੂੰ ਆਪਣੇ ਅਧਿਕਾਰਾਂ ਲਈ ਇਕਜੁੱਟ ਹੋਣ ਸਬੰਧੀ ਪ੍ਰੇਰਿਤ ਵੀ ਕੀਤਾ ਗਿਆ। ਇਸ ਦੌਰਾਨ ਲੜਕੀਆਂ ਵਲੋਂ ਨਾਟਕ ਅਤੇ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ।
ਅਖੀਰ ਵਿੱਚ ਪੀ.ਸੀ.ਐਸ. (ਅੰਡਰ ਟਰਨਿੰਗ) ਸ੍ਰੀ ਅਮਿਤ ਸਰੀਨ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸਮੁੱਚੇ ਪੰਜਾਬ ਵਿੱਚ 23 ਮਾਰਚ ਨੂੰ ਖਟਕੜਕਲਾਂ ਵਿਖੇ ਸ਼ੁਰੂ ਕੀਤੀ ਜਾ ਰਹੀ ਮੁਹਿੰਮ 'ਨਸ਼ੇ ਰੋਕੂ ਅਫ਼ਸਰ' (ਡਰੱਗ ਅਬਿਊਜ਼ ਪ੍ਰੀਵੈਨਸ਼ਨ ਆਫਿਸਰ) ਡੇਪੋ ਸਬੰਧੀ ਵਲੰਟੀਅਰਾਂ ਨੂੰ ਰਜਿਸਟਰੇਸ਼ਨ ਕਰਵਾਉਣ ਲਈ ਪ੍ਰੇਰਿਤ ਕੀਤਾ ਅਤੇ ਨਸ਼ਿਆਂ ਦੀ ਰੋਕਥਾਮ ਲਈ ਸਾਰਿਆਂ ਨੂੰ ਸਹੁੰ ਵੀ ਚੁਕਾਈ। ਇਸ ਮੌਕੇ ਐਨ.ਜੀ.ਓ. ਕਰਵਟ ਏਕ ਬਦਲਾਵ, ਆਂਗਣਵਾੜੀ ਟਰੇਨਿੰਗ ਸੈਂਟਰ ਹੁਸ਼ਿਆਰਪੁਰ ਦੇ ਮੈਂਬਰਾਂ ਤੋਂ ਇਲਾਵਾ ਭਾਰੀ ਸੰਖਿਆ ਵਿੱਚ ਇੰਸਟੀਚਿਊਟ ਦੀਆਂ ਵਿਦਿਆਰਥਣਾਂ ਵੀ ਮੌਜੂਦ ਸਨ।
No comments:
Post a Comment