- ਵੱਖ-ਵੱਖ ਵਿਭਾਗਾਂ ਵਲੋਂ ਸਰਕਾਰੀ ਸਕੂਲ ਬਜਵਾੜਾ ਵਿਖੇ ਅਪੰਗ ਵਿਅਕਤੀਆਂ ਲਈ ਲਗਾਇਆ ਵਿਸ਼ੇਸ਼ ਕੈਂਪ
ਹੁਸ਼ਿਆਰਪੁਰ, 11 ਮਾਰਚ: ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਦੀ ਅਗਵਾਈ ਵਿੱਚ ਅਪੰਗ ਵਿਅਕਤੀਆਂ ਨੂੰ ਵੱਖ-ਵੱਖ ਵਿਭਾਗਾਂ ਵਲੋਂ ਚਲਾਈਆਂ ਜਾਂਦੀਆਂ ਲੋਕ ਭਲਾਈ ਸਕੀਮਾਂ ਅਤੇ ਸੇਵਾਵਾਂ ਮੁਹੱਈਆ ਕਰਵਾਉਣ ਸਬੰਧੀ ਇਕ ਵਿਸ਼ੇਸ਼ ਅਪੰਗਤਾ ਕੈਂਪ ਐਸ.ਬੀ.ਏ.ਸੀ. ਸੀਨੀਅਰ ਸੈਕੰਡਰੀ ਸਕੂਲ ਬਜਵਾੜਾ ਵਿਖੇ ਲਗਾਇਆ ਗਿਆ। ਕੈਂਪ ਵਿੱਚ ਪੀ.ਸੀ.ਐਸ (ਅੰਡਰ ਟ੍ਰੇਨਿੰਗ) ਸ਼੍ਰੀ ਅਮਿਤ ਸਰੀਨ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।
ਸ੍ਰੀ ਸਰੀਨ ਨੇ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਯੋਗ ਲਾਭਪਾਤਰੀਆਂ ਲਈ ਬੇਹੱਦ ਫਾਇਦੇਮੰਦ ਸਾਬਤ ਹੁੰਦੇ ਹਨ। ਕੈਂਪ ਦੌਰਾਨ ਜਿਥੇ ਵੱਖ-ਵੱਖ ਵਿਭਾਗਾਂ ਵਲੋਂ ਸਬੰਧਤ ਸੇਵਾਵਾਂ ਮੁਹੱਈਆਂ ਕਰਵਾਈਆਂ ਜਾਂਦੀਆਂ ਹਨ, ਉਥੇ ਮੌਕੇ 'ਤੇ ਹੀ ਜ਼ਰੂਰਤਮੰਦਾਂ ਦੇ ਸਾਰੇ ਸਰਕਾਰੀ ਕੰਮ ਇਕੋ ਛੱਤ ਹੇਠਾਂ ਹੋ ਜਾਂਦੇ ਹਨ ਅਤੇ ਇਸ ਤਰ੍ਹਾਂ ਉਨ੍ਹਾਂ ਦਾ ਸਮਾਂ ਤਾਂ ਬੱਚਦਾ ਹੀ ਹੈ, ਨਾਲ ਹੀ ਵਿਭਾਗਾਂ ਵਲੋਂ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਸਬੰਧੀ ਜਾਣਕਾਰੀ ਵੀ ਮਿਲ ਜਾਂਦੀ ਹੈ।
ਸ੍ਰੀ ਸਰੀਨ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਵੱਖ-ਵੱਖ ਸਬੰਧਤ ਵਿਭਾਗਾਂ ਵਲੋਂ ਅਪੰਗਤਾ ਸਰਟੀਫਿਕੇਟ ਦੇ 26 , ਅਪੰਗਤਾ ਪੈਨਸ਼ਨ ਦੇ 36, ਹੈਲਥ ਇੰਸ਼ੋਰੈਂਸ ਸਕੀਮ 'ਨਿਰਮਾਇਆ' ਦੇ 50, ਵੀਲ੍ਹ ਚੇਅਰਜ਼ ਦੇ 6, ਸ਼ਨਾਖਤੀ ਕਾਰਡ (ਯੂ.ਡੀ.ਆਈ.ਡੀ) ਦੇ 315 ਫਾਰਮ ਅਤੇ ਰੁਜਗਾਰ ਮੁਹੱਈਆ ਕਰਾਉਣ ਲਈ 2 ਫਾਰਮ ਭਰਵਾ ਕੇ ਸ਼ਨਾਖਤ ਕੀਤੀ ਗਈ ਹੈ। ਕੈਂਪ ਦੌਰਾਨ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ, ਸਿਹਤ ਵਿਭਾਗ, ਸਿੱਖਿਆ ਵਿਭਾਗ, ਰੈਡ ਕਰਾਸ ਸੁਸਾਇਟੀ, ਜ਼ਿਲ੍ਹਾ ਰੁਜ਼ਗਾਰ ਤੇ ਜਨਰੇਸ਼ਨ ਵਿਭਾਗ ਤੋਂ ਇਲਾਵਾ ਹੋਰ ਵਿਭਾਗਾਂ ਸਮੇਤ ਐਨ.ਜੀ.ਓਜ਼ ਰਿਸ਼ੀ ਫਾਉਂਡੇਸ਼ਨ, ਕਰਵਟ ਏਕ ਬਦਲਾਵ, ਯੂਥ ਕੇਅਰ ਵੈਲਫੇਅਰ ਸੁਸਾਇਟੀ ਅਤੇ ਸਟੇਟ ਨੋਡਲ ਏਜੰਸੀ ਵਲੋਂ ਸੇਵਾਵਾਂ ਮੁਹੱਈਆਂ ਕਰਵਾਈਆਂ ਗਈਆਂ ਹਨ।
ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀ ਜਗਦੀਸ਼ ਮਿੱਤਰ, ਸਟੇਟ ਨੋਡਲ ਏਜੰਸੀ ਦੇ ਡਾ. ਚੰਦਰੇਸ਼ ਕੁਮਾਰ, ਸੇਵਾ ਕੇਂਦਰ ਦੇ ਇੰਚਾਰਜ ਸ਼੍ਰੀ ਗੁਰਪ੍ਰੀਤ ਸਿੰਘ, ਮਿਸ ਇੰਦਰਜੀਤ ਨੰਦਨ, ਸ਼੍ਰੀ ਪ੍ਰਦੀਪ ਕੁਮਾਰ, ਸ਼੍ਰੀ ਰਾਹੁਲ ਪੱਟੀ, ਸ਼੍ਰੀ ਆਯੂਸ਼ ਸ਼ਰਮਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
No comments:
Post a Comment