- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੋਟਰ ਸੂਚੀਆਂ ਦਾ ਵਿਸ਼ਲੇਸ਼ਣ ਕਰਦੇ ਹੋਏ ਦਿੱਤੇ ਦਿਸ਼ਾ-ਨਿਰਦੇਸ਼
ਹੁਸ਼ਿਆਰਪੁਰ, 15 ਮਾਰਚ:ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੋਟਰ ਸੂਚੀਆਂ ਦਾ ਵਿਸ਼ਲੇਸ਼ਣ ਕਰਨ ਸਬੰਧੀ ਆਯੋਜਿਤ ਬੈਠਕ ਨੂੰ ਸੰਬੋਧਨ ਕਰਦਿਆਂ ਕਿਹਾ ਕਿ 18-19 ਸਾਲ ਉਮਰ ਵਰਗ ਦੇ ਵੋਟਰਾਂ ਦੀਆਂ ਵੋਟਾਂ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਯੁਵਾ ਵੋਟਰਾਂ ਦੀਆਂ ਵੋਟਾਂ ਬਣਾਉਣ ਦੇ ਲਈ ਐਨ.ਜੀ.ਓਜ., ਮੁਹੱਲਾ ਫੈਲਫੇਅਰ ਸੁਸਾਇਟੀਆਂ, ਯੂਥ ਅਤੇ ਸਪੋਰਟਸ ਕਲੱਬਾਂ ਦੀ ਸਹਾਇਤਾ ਲਈ ਜਾਵੇ ਅਤੇ ਯੁਵਾ ਵੋਟਰਾਂ ਨੂੰ ਵੱਖਰੇ ਤੌਰ 'ਤੇ ਵੋਟਾਂ ਬਣਾਉਣ ਲਈ ਉਤਸ਼ਾਹਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਸਕੂਲਾਂ/ਕਾਲਜਾਂ ਦੇ ਹੈਡ ਮਾਸਟਰਾਂ, ਪ੍ਰਿੰਸੀਪਲਾਂ, ਕੈਂਪਸ ਐਂਬੈਸਡਰਾਂ ਨਾਲ ਮਹੀਨੇ ਵਿੱਚ 2 ਵਾਰ ਮੀਟਿੰਗ ਜ਼ਰੂਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਐਨ.ਆਰ.ਆਈ. ਵਿਅਕਤੀਆਂ ਦੀਆਂ ਵੋਟਾਂ ਬਣਾਉਣ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਣ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੋਟਾਂ ਸਬੰਧੀ ਡਾਟਾ ਐਂਟਰੀ ਕਰਦੇ ਸਮੇਂ ਪੂਰੀ ਸਾਵਧਾਨੀ ਵਰਤੀ ਜਾਵੇ, ਤਾਂ ਜੋ ਵਾਰ-ਵਾਰ ਕਲੈਰੀਕਲ ਗਲਤੀਆਂ ਨੂੰ ਠੀਕ ਕਰਦਿਆਂ ਸਮਾਂ ਖਰਾਬ ਨਾ ਹੋਵੇ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਪਾਹਜ ਵਿਅਕਤੀਆਂ ਨੂੰ ਉਨ੍ਹਾਂ ਦੀ ਅਪੰਗਤਾ ਦੀ ਕਿਸਮ ਮੁਤਾਬਿਕ ਸ਼੍ਰੇਣੀਬੱਧ ਕੀਤਾ ਜਾਵੇ, ਤਾਂ ਜੋ ਵੋਟਾਂ ਦੌਰਾਨ ਇਨ੍ਹਾਂ ਲਈ ਬੂਥ ਲੈਵਲ 'ਤੇ ਵੋਟਾਂ ਪਾਉਣ ਲਈ ਜ਼ਰੂਰਤ ਅਨੁਸਾਰ ਵੀਲਚੇਅਰਜ਼ ਅਤੇ ਹੋਰ ਵਿਸ਼ੇਸ਼ ਪ੍ਰਬੰਧ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵਲੋਂ ਬੂਥ ਲੈਵਲ ਅਫ਼ਸਰਾਂ ਨਾਲ ਮਹੀਨੇ ਵਿੱਚ ਇਕ ਵਾਰ ਬੈਠਕ ਕਰਨ ਨੂੰ ਵੀ ਯਕੀਨੀ ਬਣਾਇਆ ਜਾਵੇ। ਸ੍ਰੀਮਤੀ ਕਲੇਰ ਨੇ ਵਿਦਿਅਕ ਅਦਾਰਿਆਂ ਵਿੱਚ ਯੁਵਾ ਸਿਖਿਆਰਥੀਆਂ ਨੂੰ ਵੋਟਾਂ ਸਬੰਧੀ ਜਾਣਕਾਰੀ ਦੇਣ ਲਈ ਲੇਖ, ਸਲੋਗਨ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਉਣ ਲਈ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਸਵੀਪ ਦੀਆਂ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ, ਵਿਦਿਅਕ ਸੰਸਥਾਵਾਂ ਵਿੱਚ ਐਨ.ਸੀ.ਸੀ., ਐਨ.ਐਸ.ਐਸ., ਸਕਾਊਟਸ ਅਤੇ ਗਾਇਡਜ਼ ਦੇ ਇੰਚਾਰਜਾਂ ਨਾਲ ਤਾਲਮੇਲ ਕਰਕੇ ਵੱਧ ਤੋਂ ਵੱਧ ਵੋਟਾਂ ਬਣਵਾਉਣ ਅਤੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ।
ਇਸ ਮੌਕੇ 'ਤੇ ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਾਲ, ਐਸ.ਡੀ.ਐਮ. ਦਸੂਹਾ ਸ੍ਰੀ ਹਿਮਾਂਸ਼ੂ ਅਗਰਵਾਲ, ਸਹਾਇਕ ਕਮਿਸ਼ਨਰ (ਜ) ਸ੍ਰੀ ਅਮਰਜੀਤ ਸਿੰਘ, ਤਹਿਸੀਲਦਾਰ ਚੋਣਾਂ ਸ੍ਰੀ ਕਰਨੈਲ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
No comments:
Post a Comment