- ਪੁਲਿਸ ਰਿਕਰੂਟਸ ਟਰੇਨਿੰਗ ਸੈਂਟਰ ਜਹਾਨਖੇਲਾਂ ਵਿਖੇ ਕਰਵਾਇਆ ਗਿਆ ਵਿਸ਼ੇਸ਼ ਸੈਮੀਨਾਰ
ਹੁਸ਼ਿਆਰਪੁਰ, 21 ਮਾਰਚ: ਪੁਲਿਸ ਰਿਕਰੂਟਸ ਟਰੇਨਿੰਗ ਸੈਂਟਰ ਜਹਾਨਖੇਲਾਂ ਵਿਖੇ ਡੀ.ਜੀ.ਪੀ./ਐਚ.ਆਰ.ਡੀ. ਪੰਜਾਬ ਚੰਡੀਗੜ੍ਹ ਸ੍ਰੀ ਐਸ. ਚਟੋਪਾਧਿਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 'ਸਮਾਜ ਵਿੱਚ ਨਸ਼ਿਆਂ ਦੀ ਬੁਰਾਈ ਰੋਕਣ ਵਿੱਚ ਪੁਲਿਸ ਅਤੇ ਸਮਾਜ ਦਾ ਯੋਗਦਾਨ' ਵਿਸ਼ੇ 'ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਐਸ.ਐਸ.ਪੀ. ਸ੍ਰੀ ਜੇ. ਏਲਨਚੇਲੀਅਨ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨਾਲ ਕਮਾਂਡੈਂਟ ਪੀ.ਆਰ.ਟੀ.ਸੀ. ਜਹਾਨਖੇਲਾਂ ਸ੍ਰੀ ਭੁਪਿੰਦਰ ਸਿੰਘ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਆਪਣੇ ਸੰਬੋਧਨ ਵਿੱਚ ਐਸ.ਐਸ.ਪੀ. ਸ੍ਰੀ ਜੇ. ਏਲਨਚੇਲੀਅਨ ਨੇ ਕਿਹਾ ਕਿ ਨਸ਼ਿਆਂ 'ਤੇ ਠੱਲ੍ਹ ਪਾਉਣ ਲਈ ਸਾਨੂੰ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਵੱਲ ਆਪਣਾ ਧਿਆਨ ਲਾਉਣਾ ਚਾਹੀਦਾ ਹੈ। ਉਨ੍ਹਾਂ ਨੇ ਨਸ਼ਿਆਂ ਦੇ ਤਿਆਗ ਲਈ ਵੱਧ ਤੋਂ ਵੱਧ ਜਾਗਰੂਕਤਾ ਲਿਆਉਣ ਲਈ ਵੀ ਜ਼ੋਰ ਦਿੱਤਾ। ਇਸ ਦੌਰਾਨ ਕਮਾਂਡੈਂਟ ਭੁਪਿੰਦਰ ਸਿੰਘ ਨੇ ਕਿਹਾ ਕਿ ਹਰ ਇਕ ਨੂੰ ਆਪਣੇ-ਆਪਣੇ ਪੱਧਰ 'ਤੇ ਨਸ਼ਿਆਂ ਦੇ ਖਾਤਮੇ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੈਂਟਰ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਚੰਗੀ ਸਿਹਤ ਬਣਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਰਿਕਰੂਟ ਸਿਪਾਹੀਆਂ ਨੂੰ ਫੀਲਡ ਵਿੱਚ ਜਿਨ੍ਹਾਂ ਹਲਾਤਾਂ ਵਿੱਚ ਗੁਜ਼ਰਨਾ ਪੈਂਦਾ ਹੈ, ਉਸ ਸਬੰਧੀ ਟਰੇਨਿੰਗ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਵੱਖ-ਵੱਖ ਵਿਸ਼ਿਆਂ 'ਤੇ ਸੈਮੀਨਾਰ ਲਗਾ ਕੇ ਨੌਜਵਾਨਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਹੈ। ਉਨ੍ਹਾਂ ਪੰਜਾਬ ਸਰਕਾਰ ਵਲੋਂ ਚਲਾਈ ਜਾਣ ਵਾਲੀ ਵਿਸ਼ੇਸ਼ ਮੁਹਿੰਮ ਡਰੱਗ ਐਬਿਊਜ਼ ਪ੍ਰੀਵੈਨਸ਼ਨ ਅਫ਼ਸਰ (ਡੇਪੋ) ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਇਸ ਸਬੰਧੀ ਰਜਿਸਟਰੇਸ਼ਨ ਕਰਵਾਉਣ ਲਈ ਪ੍ਰੇਰਿਤ ਕੀਤਾ।
ਸੈਮੀਨਾਰ ਦੌਰਾਨ ਮੁੱਖ ਬੁਲਾਰੇ ਡਾ. ਲਖਵੀਰ ਸਿੰਘ ਨੇ ਨਸ਼ਾ ਅਤੇ ਇਸ ਦੇ ਵੱਖੋ-ਵੱਖਰੇ ਢੰਗ ਅਤੇ ਕਿਸਮਾਂ, ਡਾ. ਆਰ.ਪੀ. ਰੋਜ਼ੀ ਨੇ ਬਾਲ ਅਪਰਾਧੀਆਂ ਵਿੱਚ ਨਸ਼ਾਖੋਰੀ ਦੀ ਸਮੱਸਿਆ, ਪ੍ਰੋ: ਵਿਨੇ ਸੋਫਤ ਨੇ ਨਸ਼ੇ ਦੀ ਰੋਕਥਾਮ ਵਿੱਚ ਸਮਾਜ ਅਤੇ ਪੁਲਿਸ ਦੀ ਭੂਮਿਕਾ, ਏ.ਡੀ.ਏ. ਦਿਨੇਸ਼ ਕਾਠੀਆ ਨੇ ਨਸ਼ੇ ਦੇ ਆਦੀ ਹੋਏ ਨੌਜਵਾਨਾਂ ਦਾ ਮੁੜ ਵਸੇਬਾ ਅਤੇ ਇਸ ਦੇ ਪਹਿਲੂਆਂ ਬਾਰੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਟਰੇਨੀਜ਼ ਨੇ ਸਕਿੱਟ ਕਵਿਤਾਵਾਂ ਅਤੇ ਗੀਤਾਂ ਰਾਹੀਂ ਨਸ਼ਿਆਂ ਦੇ ਖਿਲਾਫ਼ ਸੁਨੇਹਾ ਦਿੱਤਾ। ਇਸ ਮੌਕੇ 'ਤੇ ਡੀ.ਐਸ.ਪੀ. ਹਰਜੀਤ ਸਿੰਘ, ਡੀ.ਐਸ.ਪੀ. ਮਲਕੀਤ ਸਿੰਘ, ਡਿਪਟੀ ਡੀ.ਏ. ਕੰਵਲਪ੍ਰੀਤ ਸਿੰਘ, ਏ.ਡੀ.ਏ. ਅਮਿਤ ਧਵਨ ਸਮੇਤ ਭਾਰੀ ਸੰਖਿਆ ਵਿੱਚ ਰਿਕਰੂਟ ਸਿਪਾਹੀ ਮੌਜੂਦ ਸਨ।
No comments:
Post a Comment