ਹੁਸ਼ਿਆਰਪੁਰ, 14 ਮਾਰਚ: ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ ਹੁਸ਼ਿਆਰਪੁਰ ਵਲੋਂ 16 ਮਾਰਚ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਹੁਸ਼ਿਆਰਪੁਰ ਵਿਖੇ ਵੱਖ-ਵੱਖ ਟਰੇਡਾਂ ਦੇ ਪ੍ਰਾਰਥੀਆਂ ਦੀ ਇੰਟਰਵਿਊ ਲਈ ਜਾ ਰਹੀ ਹੈ। ਸੋਨਾਲੀਕਾ ਵਲੋਂ ਇਹ ਉਪਰਾਲਾ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਵਲੋਂ ਉਦਯੋਗਿਕ ਅਦਾਰਿਆਂ ਨਾਲ ਕੀਤੀ ਗਈ ਮੀਟਿੰਗ ਉਪਰੰਤ ਕੀਤਾ ਗਿਆ ਹੈ।
ਪਿਛਲੇ ਦਿਨੀਂ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਲਗਾਏ ਗਏ ਦੋ ਜ਼ਿਲ੍ਹਾ ਪੱਧਰੀ ਰੁਜ਼ਗਾਰ ਮੇਲਿਆਂ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਉਦਯੋਗਿਕ ਅਦਾਰਿਆਂ ਨਾਲ ਮੀਟਿੰਗ ਕਰਦਿਆਂ ਕਿਹਾ ਸੀ ਕਿ ਉਦਯੋਗਾਂ ਵਲੋਂ ਪ੍ਰਾਰਥੀਆਂ ਨੂੰ ਨੌਕਰੀ 'ਤੇ ਰੱਖਣ ਲਈ ਜੋ ਇੰਟਰਵਿਊ ਰੱਖੀ ਜਾਂਦੀ ਹੈ, ਉਹ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ (ਐਮ.ਐਸ.ਡੀ.ਸੀ.) ਹੁਸ਼ਿਆਰਪੁਰ ਵਿਖੇ ਰੱਖੀ ਜਾਵੇ, ਤਾਂ ਜੋ ਪ੍ਰਾਰਥੀਆਂ ਨੂੰ ਐਮ.ਐਸ.ਡੀ.ਸੀ. ਵਿੱਚ ਚੱਲ ਰਹੇ ਵੱਖ-ਵੱਖ ਕੋਰਸਾਂ ਬਾਰੇ ਜਾਣਕਾਰੀ ਪ੍ਰਾਪਤ ਹੋ ਸਕੇ।
ਜ਼ਿਲ੍ਹਾ ਰੁਜ਼ਗਾਰ ਜਨਰੇਸ਼ਨ ਅਤੇ ਟਰੇਨਿੰਗ ਅਫ਼ਸਰ ਸ੍ਰੀ ਜਸਵੰਤ ਰਾਏ ਨੇ ਦੱਸਿਆ ਕਿ ਸੋਨਾਲੀਕਾ ਵਲੋਂ ਲਈ ਜਾ ਰਹੀ ਇਸ ਇੰਟਰਵਿਊ ਵਿੱਚ ਸਬ-ਸਟੇਸ਼ਨ ਅਟੈਂਡੈਂਟ (ਇਲੈਕਟ੍ਰਿਸ਼ਨ), ਡਾਈ ਫਿਟਰ (ਸ਼ੀਟ ਮੈਟਲ) ਅਤੇ ਡਾਈ ਮੈਨਟੇਨੈਸ (ਸ਼ੀਟ ਮੈਟਲ) ਦੀਆਂ 2-2, ਜਦਕਿ ਮੈਨਟੇਨੈਸ ਇਲੈਕਟ੍ਰਿਸ਼ਨ, ਮੈਨਟੇਨੈਸ ਫਿਟਰ ਤੇ ਵੀ.ਐਮ.ਸੀ. ਮਸ਼ੀਨ ਓਪਰੇਟਰ ਦੀਆਂ 3-3 ਆਸਾਮੀਆਂ ਲਈ ਇੰਟਰਵਿਊ ਹੋਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਆਸਾਮੀਆਂ ਲਈ ਪ੍ਰਾਰਥੀ ਨੂੰ 3 ਸਾਲ ਦਾ ਤਜ਼ਰਬਾ ਹੋਣਾ ਚਾਹੀਦਾ ਹੈ।
No comments:
Post a Comment