- ਕਿਹਾ, 'ਗਾਰਡੀਅਨ ਆਫ ਗਵਰਨੈਸ ਸਕੀਮ' ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਿਵੇਕਲੀ ਪਹਿਲ
- ਖੁਸ਼ਹਾਲੀ ਦੇ ਰਾਖੇ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਹੁਸ਼ਿਆਰਪੁਰ, 8 ਮਾਰਚ:ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਅਤੇ ਸੇਵਾਮੁਕਤ ਲੈਫ਼. ਜਨਰਲ ਸ਼੍ਰੀ ਟੀ.ਐਸ. ਸ਼ੇਰਗਿੱਲ ਨੇ ਕਿਹਾ ਕਿ ਲੋਕ ਭਲਾਈ ਸਕੀਮਾਂ ਨੂੰ ਜ਼ਮੀਨੀ ਪੱਧਰ 'ਤੇ ਯੋਗ ਲੋਕਾਂ ਤੱਕ ਪਹੁੰਚਾਉਣ ਲਈ 'ਖੁਸ਼ਹਾਲੀ ਦੇ ਰਾਖੇ' ਪੰਜਾਬ ਸਰਕਾਰ ਦੇ ਅੱਖ ਤੇ ਕੰਨ ਬਣ ਕੇ ਕੰਮ ਕਰਨਗੇ। ਉਹ ਹੁਸ਼ਿਆ੍ਰਪੁਰ ਵਿਖੇ 'ਗਾਰਡੀਅਨ ਆਫ ਗਵਰਨੈਸ' (ਖੁਸ਼ਹਾਲੀ ਦੇ ਰਾਖੇ) ਸਕੀਮ ਤਹਿਤ ਜ਼ਿਲ੍ਹੇ ਦੇ ਵਲੰਟੀਅਰਜ਼ ਵਜੋਂ ਕੰਮ ਕਰ ਰਹੇ ਸਾਬਕਾ ਫੌਜੀਆਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਸਨ। ਮੀਟਿੰਗ ਵਿਚ ਵਾਈਸ ਚੇਅਰਮੈਨ ਜੀ.ਓ.ਜੀ ਸਾਬਕਾ ਮੇਜਰ ਜਨਰਲ ਸ਼੍ਰੀ ਐਸ.ਪੀ.ਐਸ ਗਰੇਵਾਲ, ਜ਼ਿਲ੍ਹਾ ਮੁਖੀ ਜੀ. ਓ.ਜੀ ਬ੍ਰਿਗੇਡੀਅਰ ਸ੍ਰੀ ਮਨੋਹਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਅਨੁਪਮ ਕਲੇਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਹਰਬੀਰ ਸਿੰਘ, ਐਸ.ਡੀ.ਐਮ. ਗੜ੍ਹਸ਼ੰਕਰ ਸ਼੍ਰੀ ਹਰਦੀਪ ਸਿੰਘ ਧਾਲੀਵਾਲ, ਸਹਾਇਕ ਕਮਿਸ਼ਨਰ (ਜ) ਸ਼੍ਰੀ ਅਮਰਜੀਤ ਸਿੰਘ ਵੀ ਮੌਜੂਦ ਸਨ।
ਪਰਮ ਵਿਸ਼ਿਸਟ ਸੇਵਾ ਮੈਡਲ ਲੈਫੀ. ਜਨਰਲ ਅਤੇ ਸੀਨੀਅਰ ਵਾਈਸ ਚੇਅਰਮੈਨ 'ਗਾਰਡੀਅਨ ਆਫ ਗਵਰਨੈਸ' ਸ਼੍ਰੀ ਟੀ.ਐਸ ਸ਼ੇਰਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸਾਬਕਾ ਸੈਨਿਕਾਂ ਨੂੰ ਇਹ ਵੱਡੀ ਜ਼ਿੰਮੇਂਵਾਰੀ ਸੌਂਪੀ ਗਈ ਹੈ, ਜਿਸਨੂੰ ਪੂਰੀ ਇਮਾਨਦਾਰੀ ਅਤੇ ਪ੍ਰਸ਼ਾਸ਼ਨ ਨਾਲ ਤਾਲਮੇਲ ਕਰਕੇ ਨਿਭਾਇਆ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੀ ਗਈ ਇਹ ਸਕੀਮ ਇਕ ਨਿਵੇਕਲੀ ਪਹਿਲ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੀਮਾਂ ਨੂੰ ਜ਼ਮੀਨੀ ਪੱਧਰ 'ਤੇ ਅਸਰਦਾਰ ਅਤੇ ਸੁਚੱਜੇ ਢੰਗ ਨਾਲ ਲਾਗੂ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਇਹ ਸਕੀਮ ਪਿੰਡ ਪੱਧਰ 'ਤੇ ਲਾਗੂ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਕੀਮ ਦਾ ਮੁੱਖ ਮਕਸਦ ਸਾਬਕਾ ਫੌਜੀਆਂ ਰਾਹੀਂ ਵੱਖ-ਵੱਖ ਸਰਕਾਰੀ ਸਕੀਮਾਂ ਅਤੇ ਪ੍ਰੋਗਰਾਮਾਂ 'ਤੇ ਨਿਗ੍ਹਾ ਰੱਖਣ ਦੇ ਨਾਲ-ਨਾਲ, ਇਹ ਵੀ ਯਕੀਨੀ ਬਣਾਉਣਾ ਹੈ ਕਿ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਰਾਹਤ ਅਤੇ ਮਦਦ ਦੀ ਕਿਤੇ ਵੀ ਦੁਰਵਰਤੋਂ ਨਾ ਹੋਵੇ।
ਸ਼੍ਰੀ ਸ਼ੇਰਗਿੱਲ ਨੇ ਕਿਹਾ ਉਨਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪਿੰਡ ਪੱਧਰ ਤੱਕ ਵਲੰਟੀਅਰ ਸੰਗਠਿਤ ਰੂਪ ਵਿਚ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰ ਰਹੇ ਹਨ। ਉਨ੍ਹਾਂ ਸਾਬਕਾ ਫੋਜੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ' ਗਾਰਡੀਅਨ ਆਫ ਗਵਰਨੈਸ' (ਖੁਸ਼ਹਾਲੀ ਦੇ ਰਖਵਾਲੇ) ਸਕੀਮ ਨਾਲ ਨਵੇਂ ਸਮਾਜ ਦੀ ਸਿਰਜਨਾ ਕੀਤੀ ਜਾਵੇਗੀ, ਜਿਸ ਨਾਲ ਇਕ ਨਵੀਂ ਸਮਾਜਿਕ ਲਹਿਰ ਪੈਦਾ ਹੋਵੇਗੀ। ਉਨ੍ਹਾਂ ਕਿਹਾ ਕਿ ਸਕੀਮ ਜ਼ਰੀਏ ਜਿੱਥੇ ਭ੍ਰਿਸ਼ਟਾਚਾਰ ਨੂੰ ਨਕੇਲ ਪਾਈ ਜਾਵੇਗੀ, ਉਥੇ ਨਿਸ਼ਚਿਤ ਸਮੇਂ ਅੰਦਰ ਲਾਭਪਾਤਰੀਆਂ ਨੂੰ ਸੁਵਿਧਾਵਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇਗਾ।
ਇਸ ਮੌਕੇ ਵਾਈਸ ਚੇਅਰਮੈਨ ਸਾਬਕਾ ਮੇਜਰ ਜਨਰਲ ਐਸ.ਪੀ.ਐਸ ਗਰੇਵਾਲ ਨੇ ਕਿਹਾ ਕਿ ਇਸ ਸਕੀਮ ਦਾ ਮੁੱਖ ਮਕਸਦ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਹੈ। ਉਨ੍ਹਾਂ ਕਿਹਾ ਕਿ ਖਸ਼ਹਾਲੀ ਦੇ ਰਾਖੇ ਪ੍ਰਸ਼ਾਸ਼ਨ ਨਾਲ ਤਾਲਮੇਲ ਕਰਕੇ ਪੂਰੀ ਇਮਾਨਦਾਰੀ ਨਾਲ ਰਿਪੋਰਟਿੰਗ ਕਰਨ, ਤਾਂ ਜੋ ਸੂਬਾ ਵਾਸੀਆਂ ਨੂੰ ਭ੍ਰਿਸ਼ਟਾਚਾਰ ਰਹਿਤ ਇਕ ਖੁਸ਼ਹਾਲ ਮਾਹੌਲ ਦਿੱਤਾ ਜਾ ਸਕੇ।
No comments:
Post a Comment