ਹੁਸ਼ਿਆਰਪੁਰ, 14 ਮਾਰਚ: ਭਾਰਤ ਸਰਕਾਰ ਦੇ ਅਦਾਰੇ ਨੈਸ਼ਨਲ ਕਰੀਅਰ ਸਰਵਿਸ ਸੈਂਟਰ ਫਾਰ ਡਿਫਰੈਂਟਲੀ ਏਬਲਡ ਵਲੋਂ ਦਿਵਿਆਂਗ ਵਿਅਕਤੀਆਂ ਨੂੰ ਹੁਨਰਮੰਦ ਬਣਾਉਣ ਦੇ ਮੰਤਵ ਨਾਲ ਵਿਸ਼ੇਸ਼ ਸਿਖ਼ਲਾਈ ਕੋਰਸ ਸ਼ੁਰੂ ਕੀਤੇ ਹੋਏ ਹਨ, ਜਿਨ੍ਹਾਂ ਲਈ ਅਪਲਾਈ ਕਰਨ ਦੀ ਆਖ਼ਰੀ ਮਿਤੀ 23 ਮਾਰਚ, 2018 ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਲੁਧਿਆਣਾ ਵਿਖੇ ਗਿੱਲ ਰੋਡ 'ਤੇ ਚੱਲ ਰਹੇ ਇਸ ਸੈਂਟਰ ਵਲੋਂ ਦਿਵਿਆਂਗ ਵਿਅਕਤੀਆਂ ਨੂੰ ਨੌਕਰੀ ਦੇ ਕਾਬਿਲ ਬਣਾਉਣ ਦੇ ਨਾਲ-ਨਾਲ ਪੁਨਰਵਾਸ ਦੇ ਉਪਰਾਲੇ ਕੀਤੇ ਜਾਂਦੇ ਹਨ। ਇਹ ਛੇ ਮਹੀਨੇ ਦੇ ਕੋਰਸ ਅਕਾਦਮਿਕ ਸਾਲ 2018-19 ਲਈ ਸ਼ੁਰੂ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਵਿਦਿਆਰਥੀਆਂ ਨੂੰ ਵਪਾਰਕ, ਮੈਟਲ, ਹੌਜਰੀ, ਕਟਿੰਗ ਅਤੇ ਟੇਲਰਿੰਗ, ਰੇਡੀਓ ਤੇ ਟੈਲੀਵਿਜ਼ਨ ਆਦਿ ਟਰੇਡਾਂ ਨਾਲ ਸੰਬੰਧਤ ਸਿਖ਼ਲਾਈ ਕਰਵਾਈ ਜਾਵੇਗੀ। ਲੜਕਿਆਂ ਨੂੰ ਕੋਰਸ ਦੌਰਾਨ ਰਹਿਣ ਅਤੇ ਵਜੀਫ਼ੇ ਦੀ ਸਹੂਲਤ ਵੀ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਰਸਾਂ ਨੂੰ ਕਰਨ ਦੇ ਇਛੁੱਕ ਵਿਅਕਤੀ ਦਾਖ਼ਲੇ ਲਈ ਸੈਂਟਰ ਨਾਲ ਸੰਪਰਕ ਕਰ ਸਕਦੇ ਹਨ। ਦਾਖ਼ਲੇ ਲਈ ਸਿਰਫ਼ ਲਿਖ਼ਤੀ ਅਰਜੀ ਹੀ ਦੇਣੀ ਪਵੇਗੀ। ਜੇਕਰ ਕੋਈ ਸੰਸਥਾ (ਜੋ ਕਿ ਅਜਿਹੇ ਵਿਅਕਤੀਆਂ ਲਈ ਵਿਸ਼ੇਸ਼ ਕੰਮ ਕਰਦੀ ਹੋਵੇ) ਜਿਆਦਾ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਇਹ ਕੋਰਸ ਕਰਵਾਉਣਾ ਚਾਹੁੰਦੀ ਹੈ ਤਾਂ ਉਹ ਵੀ ਇਸ ਲਈ ਅਪਲਾਈ ਕਰ ਸਕਦੇ ਹਨ। ਇਹ ਕੋਰਸ ਬਿਲਕੁਲ ਮੁਫ਼ਤ ਕਰਵਾਏ ਜਾਣਗੇ।
ਉਨ੍ਹਾਂ ਕਿਹਾ ਕਿ ਇਨ੍ਹਾਂ ਕੋਰਸਾਂ ਨਾਲ ਦਿਵਿਆਂਗ ਵਿਅਕਤੀਆਂ ਨੂੰ ਸਮਾਜ ਦੇ ਹਰ ਖੇਤਰ ਵਿੱਚ ਬਰਾਬਰਤਾ ਅਤੇ ਮਹੱਤਵ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਛੁੱਕ ਵਿਅਕਤੀ ਜਾਂ ਸੰਸਥਾਵਾਂ ਲੁਧਿਆਣਾ ਵਿਖੇ ਗਿੱਲ ਰੋਡ ਸਥਿਤ ਅਡਵਾਂਸ ਟਰੇਨਿੰਗ ਇੰਸਟੀਚਿਊਟ (ਏ. ਟੀ. ਆਈ.) ਵਿਖੇ 23 ਮਾਰਚ, 2018 ਤੋਂ ਪਹਿਲਾਂ-ਪਹਿਲਾਂ ਅਪਲਾਈ ਕਰ ਸਕਦੇ ਹਨ।
No comments:
Post a Comment