ਤਲਵਾੜਾ, 20 ਮਾਰਚ: ਭਾਖੜਾ ਬਿਆਸ ਪ੍ਰਬੰਧਕੀ ਬੋਰਡ (ਬੀ. ਬੀ. ਐਮ. ਬੀ.) ਬਿਜਲੀ ਉਤਪਾਦਨ ਅਤੇ ਸਿੰਚਾਈ ਖੇਤਰ ਵਿੱਚ ਦੇਸ਼ ਦੇ ਮੋਹਰੀ ਅਦਾਰਿਆਂ ਵਿੱਚ ਸ਼ੁਮਾਰ ਹੁੰਦਾ ਹੈ ਅਤੇ ਇਸ ਨੂੰ ਆਈ ਐੱਸ. ਓ. ਵੱਲੋਂ ਗੁਣਵੱਤਾ ਦੇ ਮਿਆਰ ਲਈ ਪ੍ਰਮਾਣਿਕ ਵੀ ਕੀਤਾ ਗਿਆ ਹੈ।
|
ਖ਼ਸਤਾ ਹਾਲ ਵਿੱਚ ਐਮਰਜੈਂਸੀ #BBMB Hospital |
ਬਿਆਸ ਅਤੇ ਸਤਲੁਜ ਦਰਿਆਵਾਂ ਦੇ ਬੰਨ੍ਹ ਬਣਾ ਕੇ ਬਿਜਲੀ ਅਤੇ ਸਿੰਚਾਈ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਇਸ ਵਿਭਾਗ ਵੱਲੋਂ ਸ਼ਾਇਦ ਆਪਣੇ ਮੁਲਾਜ਼ਮਾਂ ਦੀ ਤੰਦਰੁਸਤੀ ਲਈ ਸਿਹਤ ਸਹੂਲਤਾਂ ਨੂੰ ਹਾਸ਼ੀਏ ਤੋਂ ਬਾਹਰ ਹੀ ਕਰ ਦਿੱਤਾ ਗਿਆ ਹੈ ਜਿਸ ਦੀ ਮਿਸਾਲ ਤਲਵਾੜਾ ਦੇ ਬੀ. ਬੀ. ਐਮ. ਬੀ. ਹਸਪਤਾਲ ਤੋਂ ਸਹਿਜੇ ਹੀ ਦਿੱਤੀ ਜਾ ਸਕਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਸਪਤਾਲ ਵਿੱਚ ਡਾਕਟਰਾਂ ਦੀ ਵਿਆਪਕ ਕਮੀ ਹੈ ਅਤੇ ਕਰੀਬ 14 ਵਿੱਚੋਂ ਮਾਤਰ 8 ਡਾਕਟਰ ਹੀ ਉਪਲਬਧ ਹਨ ਜਿਨ੍ਹਾਂ ਵਿੱਚ ਇੱਕ ਅੱਖ-ਕੰਨ ਮਾਹਿਰ, ਇੱਕ ਮੈਡੀਸਿਨ, ਇੱਕ ਪੈਥੋਲੋਜਿਸਟ, ਇੱਕ ਫੋਰੈਂਸਿਕ ਅਤੇ ਇੱਕ ਗਾਇਨੀ, ਜੋ ਕਿ ਖ਼ੁਦ (ਪ੍ਰਿੰਸੀਪਲ ਮੈਡੀਕਲ ਅਫ਼ਸਰ) ਪੀ. ਐਮ. ਓ. ਆਪ ਸ਼ਾਮਿਲ ਹਨ। ਜਨਰਲ ਸਰਜਨ, ਅਨਸਥੀਸਿਆ ਆਦਿ ਮਾਹਿਰ ਲੰਮੇ ਸਮੇਂ ਤੋਂ ਨਦਾਰਦ ਹਨ ਅਤੇ ਦੰਦਾਂ ਦੇ ਵਿਭਾਗ ਨੂੰ ਤਾਂ ਤਾਲਾ ਹੀ ਲੱਗ ਚੁੱਕਾ ਹੈ। ਡੈਮ ਅਤੇ ਪਾਵਰ ਹਾਊਸ ਆਪਣੇ ਆਪ ਵਿੱਚ ਜੋਖ਼ਿਮ ਭਰਪੂਰ ਖੇਤਰ ਹਨ ਅਤੇ ਇਨ੍ਹਾਂ ਥਾਵਾਂ ਤੇ ਕੰਮ ਕਰਦੇ ਕਰਮਚਾਰੀਆਂ ਲਈ ਉਨ੍ਹਾਂ ਦਾ ਆਪਣਾ ਹਸਪਤਾਲ ਨਿਰਾ ਚਿੱਟਾ ਹਾਥੀ ਸਾਬਿਤ ਹੁੰਦਾ ਹੈ। ਲੋਕਾਂ ਦੀ ਮੰਨੀਏ ਤਾਂ ਐਮਰਜੈਂਸੀ ਵਿਭਾਗ ਵਿਚ ਟਾਂਕੇ ਲਾਉਣ ਲਈ ਧਾਗਾ, ਐਕਸ-ਰੇ ਫ਼ਿਲਮ ਆਦਿ ਵੀ ਮਰੀਜ ਦੇ ਵਾਰਸਾਂ ਕੋਲੋਂ ਮੰਗਵਾਇਆ ਜਾਂਦਾ ਹੈ ਅਤੇ ਐਮਰਜੈਂਸੀ ਵਾਲੇ ਆਪ੍ਰੇਸ਼ਨ ਥਿਏਟਰ ਵਿੱਚ ਆਪ੍ਰੇਸ਼ਨ ਲਾਈਟਾਂ ਦਾ ਵੀ ਢੁਕਵਾਂ ਪ੍ਰਬੰਧ ਨਹੀਂ ਹੈ। ਲੋਕਾਂ ਦੀ ਚੇਅਰਮੈਨ ਬੀ. ਬੀ. ਐਮ. ਬੀ. ਕੋਲੋਂ ਮੰਗ ਹੈ ਕਿ ਹਸਪਤਾਲ ਵਿੱਚ ਸਿਹਤ ਸਹੂਲਤਾਂ ਲਈ ਪਹਿਲ ਦੇ ਆਧਾਰ ਤੇ ਢੁਕਵੇਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।
No comments:
Post a Comment