- ਜ਼ਿਲ੍ਹੇ ਦੇ ਸੈਨਿਕਾਂ ਦੀਆਂ ਵੀਰ ਨਾਰੀਆਂ ਲਈ ਸਰਕਾਰੀ ਕਾਲਜ ਵਿਖੇ ਕਰਵਾਇਆ ਗਿਆ ਵਿਸ਼ੇਸ਼ ਸੰਮੇਲਨ
ਹੁਸ਼ਿਆਰਪੁਰ, 11 ਮਾਰਚ : ਮਾਤਰ ਭੂਮੀ ਦੀ ਰੱਖਿਆ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਜ਼ਿਲ੍ਹੇ ਦੇ ਸੈਨਿਕਾਂ ਦੀਆਂ ਵੀਰ ਨਾਰੀਆਂ ਲਈ ਵਜਰਾ ਕੋਰ ਆਰਟੀਬ੍ਰਿਗੇਡ ਵਲੋਂ ਸਰਕਾਰੀ ਕਾਲਜ ਵਿਖੇ ਵਿਸ਼ੇਸ਼ ਸੰਮੇਲਨ ਦਾ ਆਯੋਜਨ ਕੀਤਾ ਗਿਆ। ਨੋਡਲ ਅਫ਼ਸਰ ਕਰਨਲ ਜਗਦੀਪ ਸਿੰਘ ਦੀ ਅਗਵਾਈ ਵਿੱਚ ਲਗਾਏ ਗਏ ਇਸ ਸੰਮੇਲਨ ਵਿੱਚ ਵਜਰਾ ਕੋਰ ਆਰਟੀਬ੍ਰਿਗੇਡ ਫੈਮਲੀ ਵੈਲਫੇਅਰ ਆਰਗੇਨਾਈਜੇਸ਼ਨ ਦੀ ਚੇਅਰਪਰਸਨ ਸ੍ਰੀਮਤੀ ਰਸ਼ਮੀ ਬੁਟਾਲੀਆ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਈ।
ਸੰਮੇਲਨ ਦੌਰਾਨ ਕਰਨਲ ਜਗਦੀਪ ਸਿੰਘ ਨੇ ਕਿਹਾ ਕਿ ਵੀਰ ਨਾਰੀ ਸੰਮੇਲਨ ਦਾ ਮੁੱਖ ਉਦੇਸ਼ ਵੀਰ ਨਾਰੀਆਂ ਦੀ ਸਮੱਸਿਆਵਾਂ ਦਾ ਹੱਲ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਸਰਕਾਰ ਅਤੇ ਸੈਨਾ ਵਲੋਂ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਰਾਹੀਂ ਸਹਾਇਤਾ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪ੍ਰਸ਼ਾਸ਼ਨ ਅਤੇ ਵੀਰ ਨਾਰੀਆਂ ਦੇ ਦਰਮਿਆਨ ਆਪਸੀ ਤਾਲਮੇਲ ਰਾਹੀਂ ਕਈ ਸਮੱਸਿਆਵਾਂ ਦਾ ਮੌਕੇ 'ਤੇ ਹੀ ਨਿਪਟਾਰਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੰਮੇਲਨ ਦੌਰਾਨ ਭਾਰਤੀਆਂ ਸੈਨਾ ਅਤੇ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾਂਦੀਆਂ ਸੁਵਿਧਾਵਾਂ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ।
ਕਰਨਲ ਜਗਦੀਪ ਸਿੰਘ ਨੇ ਦੱਸਿਆ ਕਿ ਸੰਮੇਲਨ ਦੌਰਾਨ ਵੀਰ ਨਾਰੀਆਂ ਲਈ ਵਿਸ਼ੇਸ਼ ਮੈਡੀਕਲ ਕੈਂਪ ਵੀ ਲਗਾਇਆ ਗਿਆ ਹੈ, ਜਿਸ ਵਿੱਚ ਉਨ੍ਹਾਂ ਦੀ ਮੁਫ਼ਤ ਈ.ਸੀ.ਜੀ., ਆਰਥੋ, ਜਨਰਲ ਮੈਡੀਕਲ ਚੈਕਅਪ, ਬਲੱਡ ਟੈਸਟ ਅਤੇ ਡੈਂਟਲ ਚੈਕਅਪ ਕਰਵਾ ਕੇ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਦੌਰਾਨ ਵਜਰਾ ਕੋਰ ਆਰਟੀਬ੍ਰਿਗੇਡ ਫੈਮਲੀ ਵੈਲਫੇਅਰ ਆਰਗੇਨਾਈਜੇਸ਼ਨ ਦੀ ਚੇਅਰਪਰਸਨ ਸ੍ਰੀਮਤੀ ਰਸ਼ਮੀ ਬੁਟਾਲੀਆ ਨੇ ਸਾਰੀਆਂ ਵੀਰ ਨਾਰੀਆਂ ਨਾਲ ਵਿਅਕਤੀਗਤ ਤੌਰ 'ਤੇ ਗੱਲ ਕਰਦੇ ਹੋਏ ਉਨ੍ਹਾਂ ਦੇ ਬੇਹਤਰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਸੰਮੇਲਨ ਦੌਰਾਨ ਟਰਾਈ ਸਰਵਿਸਜ਼ ਸੇਵਾ ਪੰਜਾਬ ਦੇ ਪ੍ਰਧਾਨ ਕਰਨਲ ਰਘਬੀਰ ਸਿੰਘ, ਆਫਿਸਰ ਇੰਚਾਰਜ ਆਰਮੀ ਪਲੇਸਮੈਂਟ ਨੋਡਲ ਕਰਨਲ ਏ.ਕੇ. ਸ਼ਰਮਾ, ਰਿਜੀਨਲ ਮੈਨੇਜਰ ਗ੍ਰਾਮੀਣ ਬੈਂਕ ਐਮ. ਕੇ. ਡਡਵਾਲ, ਜ਼ਿਲ੍ਹਾ ਸੈਨਿਕ ਭਲਾਈ ਅਫ਼ਸਰ ਕੈਪਟਨ ਐਮ.ਐਲ. ਕਟਾਰੀਆਂ ਵਲੋਂ ਪੈਨਸ਼ਨ, ਰੁਜ਼ਗਾਰ ਦੇ ਮੌਕਿਆਂ ਅਤੇ ਵੱਖ-ਵੱਖ ਬੈਂਕਾਂ ਵਲੋਂ ਚਲਾਈਆਂ ਜਾਂਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਵੀਰ ਨਾਰੀਆਂ ਨੂੰ ਭਲਾਈ ਸਕੀਮਾਂ ਦਾ ਅੱਗੇ ਹੋ ਕੇ ਲਾਹਾ ਲੈਣ ਦੀ ਅਪੀਲ ਕੀਤੀ। ਸੰਮੇਲਨ ਦੌਰਾਨ ਹੁਸ਼ਿਆਰਪੁਰ ਦੀਆਂ 100 ਤੋਂ ਵੱਧ ਵੀਰ ਨਾਰੀਆਂ ਨੇ ਹਿੱਸਾ ਲਿਆ।
ਇਸ ਮੌਕੇ 'ਤੇ ਐਸ.ਪੀ. (ਐਚ) ਸ੍ਰੀ ਬਲਦੇਵ ਸਿੰਘ ਭੱਟੀ, ਸ੍ਰੀ ਮਲੂਕ ਸਿੰਘ, ਸੀ.ਐਚ.ਐਸ. ਪੌਲੀਕਲੀਨਿਕ ਆਰਮੀ ਪਲੇਸਮੈਂਟ ਨੋਡ ਅਤੇ ਹੋਰ ਵਿਭਾਗਾਂ ਨਾਲ ਸਬੰਧਤ ਅਧਿਕਾਰੀ ਵੀ ਹਾਜ਼ਰ ਸਨ।
No comments:
Post a Comment