ਹੁਸ਼ਿਆਰਪੁਰ, 14 ਮਾਰਚ: ਸ੍ਰੀ ਅਮਿਤ ਸਰੀਨ ਪੀ.ਸੀ.ਐਸ. (ਅੰਡਰ ਟਰੇਨਿੰਗ) ਨੇ ਕਿਹਾ ਕਿ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਤਹਿਤ ਜ਼ੋਨਲ ਸਕਿੱਲ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਰਜਿਸਟਰੇਸ਼ਨ 15 ਮਾਰਚ ਤੱਕ ਕਰਵਾਈ ਜਾ ਸਕਦੀ ਹੈ। ਉਹ ਅੱਜ
ਇਨ੍ਹਾਂ ਮੁਕਾਬਲਿਆਂ ਸਬੰਧੀ ਕੀਤੀ ਇਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜ਼ੋਨਲ ਪੱਧਰ 'ਤੇ 45 ਵੱਖ-ਵੱਖ ਸਕਿੱਲ ਮੁਕਾਬਲੇ ਹੋਣਗੇ, ਜਿਨ੍ਹਾਂ ਲਈ ਰਜਿਸਟਰੇਸ਼ਨ ਵੈਬਸਾਈਟ 'ਡਬਲਯੂਡਬਲਯੂਡਬਲਯੂ ਡਾਟ ਪੀਐਸਡੀਐਮ ਡਾਟ ਜੀਓਵੀ ਡਾਟ ਇਨ' 'ਤੇ ਕਰਵਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜ਼ੋਨਲ ਪੱਧਰ ਦੇ ਵਿਜੇਤਾ ਨੂੰ 10 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਸ੍ਰੀ ਸਰੀਨ ਨੇ ਕਿਹਾ ਕਿ ਇਹ ਮੁਕਾਬਲੇ 20 ਤੋਂ 23 ਮਾਰਚ ਤੱਕ ਸਰਕਾਰੀ ਆਈ.ਟੀ.ਆਈ. ਹੁਸ਼ਿਆਰਪੁਰ ਅਤੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਹੁਸ਼ਿਆਰਪੁਰ ਵਿਖੇ ਕਰਵਾਏ ਜਾਣਗੇ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਚਾਹਵਾਨ ਵਿਦਿਆਰਥੀ ਇਨ੍ਹਾਂ ਮੁਕਾਬਲਿਆਂ ਦਾ ਜ਼ਰੂਰ ਲਾਹਾ ਲੈਣ। ਉਨ੍ਹਾਂ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸੌਂਪੀ ਗਈ ਡਿਊਟੀ ਤਨਦੇਹੀ ਨਾਲ ਨਿਭਾਈ ਜਾਵੇ, ਤਾਂ ਜੋ ਇਨ੍ਹਾਂ ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਿਆ ਜਾ ਸਕੇ। ਇਸ ਮੌਕੇ ਜ਼ਿਲ੍ਹਾ ਰੁਜ਼ਗਾਰ ਅਫ਼ਸਰ ਸ੍ਰੀ ਜਸਵੰਤ ਰਾਏ, ਜ਼ਿਲ੍ਹਾ ਪ੍ਰੋਗਰਾਮ ਮੈਨੇਜਮੈਂਟ ਯੂਨਿਟ ਦੇ ਬਲਾਕ ਮਿਸ਼ਨ ਮੈਨੇਜਰ ਸ੍ਰੀ ਮੋਹਿੰਦਰ ਰਾਣਾ, ਬੀ.ਟੀ.ਐਮ. ਮਿਸ ਨੇਹਾ ਮਹਾਜਨ, ਆਰਸੇਟੀ ਤੋਂ ਸ੍ਰੀ ਕੇ. ਸੀ. ਸ਼ਰਮਾ ਅਤੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਇੰਚਾਰਜ ਸ੍ਰੀ ਗੁਰਪ੍ਰੀਤ ਸਿੰਘ ਸੈਣੀ ਮੌਜੂਦ ਸਨ।
No comments:
Post a Comment