ਹੁਸ਼ਿਆਰਪੁਰ, 12 ਮਾਰਚ: ਕਣਕ ਦੀ ਫ਼ਸਲ ਦਾ ਚੰਗਾ ਝਾੜ ਲੈਣ ਲਈ ਪੀਲੀ ਕੁੰਗੀ ਦੀ ਰੋਕਥਾਮ ਬਹੁਤ ਜ਼ਰੂਰੀ ਹੈ। ਇਸ ਦੇ ਬਚਾਓ ਲਈ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਸਪਰੇਅ ਕਰਕੇ ਫ਼ਸਲ ਦਾ ਚੰਗਾ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਕਣਕ ਦੀ ਫ਼ਸਲ ਦੇ ਪੱਤਿਆਂ 'ਤੇ ਜੇਕਰ ਪੀਲੇ ਰੰਗ ਦਾ ਪਾਊਡਰ ਦੇਖਣ ਨੂੰ ਮਿਲੇ, ਤਾਂ ਕਿਸਾਨਾਂ ਨੂੰ ਕਣਕ ਦੀ ਫ਼ਸਲ 'ਤੇ ਪੀਲੀ ਕੁੰਗੀ ਦੀ ਰੋਕਥਾਮ ਲਈ ਮਾਹਿਰਾਂ ਦੀ ਸਲਾਹ ਅਨੁਸਾਰ 200 ਮਿਲੀਲਿਟਰ ਪ੍ਰੋਪੀਕੋਨਾਜੌਲ 25 ਪ੍ਰਤੀਸ਼ਤ ਈ.ਸੀ. ਜਾਂ 120 ਗ੍ਰਾਮ ਨਟੀਵੋ 75 ਪ੍ਰਤੀਸ਼ਤ ਡਬਲਯੂ.ਜੀ. ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਜੇਕਰ ਕਣਕ ਦੀ ਫ਼ਸਲ 'ਤੇ ਚੇਪੇ ਦੀ ਸੰਖਿਆ
5 ਪ੍ਰਤੀ ਸਿੱਟਾ ਹੋਣ ਤਾਂ 40 ਮਿਲੀਲਿਟਰ ਈਮੀਡਾਕਲੋਪਰਿਡ 17.8 ਪ੍ਰਤੀਸ਼ਤ ਐਸ.ਐਲ. ਜਾਂ 20 ਗ੍ਰਾਮ ਥਾਈਓਮਿਥਾਕਸਮ 25 ਪ੍ਰਤੀਸ਼ਤ ਡਬਲਯੂ.ਜੀ. ਜਾਂ 150 ਮਿਲੀਲਿਟਰ ਡਾਈਮੈਥੋਏਟ 30 ਪ੍ਰਤੀਸ਼ਤ ਈ.ਸੀ. ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਨੇਪਸੈਕ ਪੰਪ ਨਾਲ ਸਪਰੇਅ ਕੀਤੀ ਜਾਵੇ, ਤਾਂ ਜੋ ਕਣਕ ਦੀ ਫ਼ਸਲ ਦਾ ਚੰਗਾ ਝਾੜ ਪ੍ਰਾਪਤ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਣਕ ਦੀ ਫ਼ਸਲ ਫੁੱਲ ਪੈਣ ਦੀ ਸਥਿਤੀ 'ਤੇ ਹੈ। ਇਸ ਸਮੇਂ ਦੌਰਾਨ ਕੀਤੀ ਸਪਰੇਅ ਪਰਾਗਣ ਕਿਰਿਆ ਨੂੰ ਪ੍ਰਭਾਵਿਤ ਕਰ ਸਕਦੀ ਹੈ, ਇਸ ਲਈ ਧੜਾਧੜ ਸਪਰੇਅ ਕਰਨ ਤੋਂ ਬਚਿਆ ਜਾਵੇ ਅਤੇ ਕੇਵਲ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਉਕਤ ਸਪਰੇਅ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਕਣਕ ਵਿੱਚ ਕੀਟ ਨਾਸ਼ਕ ਸਪਰੇਅ ਕਰਨ ਸਮੇਂ ਮਿੱਤਰ ਕੀੜਿਆਂ ਦਾ ਧਿਆਨ ਵੀ ਰੱਖਿਆ ਜਾਵੇ। ਇਸ ਸਮੇਂ ਦੌਰਾਨ ਤੇਲੇ / ਚੇਪੇ ਦੇ ਅਨੁਪਾਤ ਵਿੱਚ ਇਨ੍ਹਾਂ ਮਿੱਤਰ ਕੀੜਿਆਂ ਦੀ ਸੰਖਿਆ ਕਾਫ਼ੀ ਜ਼ਿਆਦਾ ਹੁੰਦੀ ਹੈ।
ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਵਿਨੇ ਕੁਮਾਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰੋਂ 'ਤੇ 40-50 ਪ੍ਰਤੀਸ਼ਤ ਪੌਦਿਆਂ 'ਤੇ ਚੇਪਾ ਨਜ਼ਰ ਆਵੇ, ਤਾਂ ਬੂਟੇ ਦੀ ਵਿਚਕਾਰਲੀ ਸਾਖ ਦਾ ਸਿਰਾ 0.5-1.0 ਸੈਂਟੀਮੀਟਰ ਚੇਪੇ ਨਾਲ ਢੱਕਿਆ ਜਾਵੇ, ਤਾਂ 40 ਗ੍ਰਾਮ ਥਾਇਓਮਿਥਾਕਸਮ 25 ਪ੍ਰਤੀਸ਼ਤ ਡਬਲਯੂ.ਜੀ. ਜਾਂ 400 ਮਿਲੀਲਿਟਰ ਡਾਈਮੈਥੋਏਟ 30 ਪ੍ਰਤੀਸ਼ਤ ਈ.ਸੀ. ਜਾਂ 600 ਮਿਲੀਲਿਟਰ ਕਲੋਰਪੈਰੀਫਾਸ 20 ਪ੍ਰਤੀਸ਼ਤ ਈ.ਸੀ. ਨੂੰ 80-125 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕੀਤੀ ਜਾਵੇ, ਤਾਂ ਸਰੋਂ ਦੀ ਫ਼ਸਲ ਦਾ ਚੰਗਾ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ।
No comments:
Post a Comment