- ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਲਈ ਹਰੇਕ ਵਿਅਕਤੀ ਦੀ ਸ਼ਮੂਲੀਅਤ ਜ਼ਰੂਰੀ : ਡਿਪਟੀ ਕਮਿਸ਼ਨਰ
- ਕਿਹਾ, ਡੇਪੋ ਵਲੰਟੀਅਰ ਬਣਨ ਲਈ ਵੱਧ ਤੋਂ ਵੱਧ ਕਰਵਾਈ ਜਾਵੇ ਰਜਿਸਟਰੇਸ਼ਨ
ਹੁਸ਼ਿਆਰਪੁਰ, 15 ਮਾਰਚ: ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਨਸ਼ਿਆਂ ਖਿਲਾਫ ਇਕਜੁੱਟਤਾ ਦਾ ਸੱਦਾ ਦਿੰਦਿਆਂ ਕਿਹਾ ਕਿ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਲਈ ਹਰੇਕ ਵਿਅਕਤੀ ਦੀ ਸ਼ਮੂਲੀਅਤ ਜ਼ਰੂਰੀ ਹੈ ਅਤੇ ਸਭ ਨੂੰ ਸਾਫ-ਸੁਥਰੇ ਸਮਾਜ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਇਹ ਗੱਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਨਾਲ ਕੀਤੀ ਬੈਠਕ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਨਸ਼ਾ ਰੋਕੂ ਅਫ਼ਸਰ ਬਣਕੇ ਆਪਣਾ ਯੋਗਦਾਨ ਪਾਇਆ ਜਾ ਸਕਦਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ 'ਨਸ਼ਾ ਰੋਕੂ ਅਫ਼ਸਰ' (ਡੇਪੋ ਵਲੰਟੀਅਰ) ਯੋਜਨਾ ਲਈ ਸਮਾਜ-ਸੇਵੀ ਸੰਸਥਾਵਾਂ, ਨੌਜਵਾਨਾਂ ਅਤੇ ਵਿਦਿਆਰਥੀਆਂ ਨਾਲ ਤਾਲਮੇਲ ਕਰਕੇ ਵੱਧ ਤੋਂ ਵੱਧ ਵਲੰਟੀਅਰਾਂ ਦੀ ਇਨਰੋਲਮੈਂਟ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸਮੁੱਚੇ ਪੰਜਾਬ ਵਿੱਚ 23 ਮਾਰਚ ਨੂੰ ਖਟਕੜ ਕਲਾਂ ਤੋ ਬਹੁਪੱਖੀ ਪ੍ਰੋਗਰਾਮ 'ਨਸ਼ੇ ਰੋਕੂ ਅਫ਼ਸਰ' (ਡਰੱਗ ਅਬਿਊਜ਼ ਪ੍ਰੀਵੈਨਸ਼ਨ ਆਫਿਸਰਜ਼-ਡੇਪੋ) ਦਾ ਆਰੰਭ ਕੀਤਾ ਜਾ ਰਿਹਾ ਹੈ।
ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਇਸ ਮੁਹਿੰਮ ਦੀ ਸਫ਼ਲਤਾ ਲਈ 22 ਮਾਰਚ ਤੱਕ ਜ਼ਿਲ੍ਹੇ ਦੇ ਅਧਿਕਾਰੀਆਂ, ਕਰਮਚਾਰੀਆਂ, ਸਵੈਸੇਵੀ ਸੰਸਥਾਵਾਂ ਦੇ ਵਲੰਟੀਅਰਾਂ, 18 ਤੋਂ ਵੱਧ ਉਮਰ ਦੇ ਨੌਜਵਾਨਾਂ ਅਤੇ ਵਿਦਿਆਰਥੀਆਂ ਦੀ ਸਵੈ ਇੱਛਾ ਨਾਲ ਵੱਧ ਤੋਂ ਵੱਧ ਗਿਣਤੀ ਵਿੱਚ ਰਜਿਸਟਰੇਸ਼ਨ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਜਿਸਟਰੇਸ਼ਨ ਕਰਨ ਤੋਂ ਬਾਅਦ ਇਹ ਵਲੰਟੀਅਰਜ਼ ਜ਼ਿਲ੍ਹੇ ਵਿੱਚ ਆਪਣੇ-ਆਪਣੇ ਖੇਤਰਾਂ, ਆਪਣੇ-ਆਪਣੇ ਮੁਹੱਲੇ, ਪਿੰਡ, ਵਾਰਡ ਪੱਧਰ 'ਤੇ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਉਣਗੇ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਕੋਹੜ ਤੋਂ ਬੱਚਣ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਨਸ਼ਾ ਛੁਡਾਉਣ ਲਈ ਵੀ ਸਹਾਇਤਾ ਕਰਨਗੇ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੀ ਸਫ਼ਲਤਾ ਲਈ ਸਮਾਜ ਦੇ ਸਾਰੇ ਵਰਗਾਂ ਦਾ ਸਹਿਯੋਗ ਲਿਆ ਜਾਵੇ ਅਤੇ ਜ਼ਮੀਨੀ ਪੱਧਰ 'ਤੇ ਕੰਮ ਕਰਦੇ ਹੋਏ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਮੁਹਿੰਮ ਵਿੱਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਨਸ਼ਾ ਰੋਕੂ ਅਫ਼ਸਰ ਬਣਨ ਲਈ ਨਿਰਧਾਰਤ ਕੀਤਾ ਗਿਆ ਪ੍ਰੋਫਾਰਮਾ ਭਰਨਾ ਹੋਵੇਗਾ, ਜਿਸ ਵਿੱਚ ਉਨ੍ਹਾਂ ਵਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਸਵੈਇੱਛਤ ਅਤੇ ਬਿਨਾਂ ਕਿਸੇ ਮਿਹਨਤਾਨੇ ਦੇ ਹੋਣ ਸਬੰਧੀ ਸ਼ਰਤਾਂ ਹੋਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਤਹਿਤ 18 ਤੋਂ 50 ਸਾਲ ਤੱਕ ਦੇ ਹਰੇਕ ਨਾਗਰਿਕ ਨੂੰ ਇਹ ਵਿਲੱਖਣ ਮੌਕਾ ਦਿੱਤਾ ਗਿਆ ਹੈ, ਕਿ ਉਹ ਸਮਾਜ ਨੂੰ ਮੁਕੰਮਲ ਤੌਰ 'ਤੇ ਨਸ਼ਾ ਮੁਕਤ ਕਰਨ ਲਈ ਅਰੰਭੀ ਇਸ ਮੁਹਿੰਮ ਦਾ ਤਨ ਅਤੇ ਮਨ ਨਾਲ ਹਿੱਸਾ ਬਣ ਸਕਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡੇਪੋ ਵਲੰਟੀਅਰ ਬਣਨ ਲਈ ਗੂਗਲ ਪਲੇਅ ਸਟੋਰ 'ਤੇ ਮੌਜੂਦ ਐਂਡਰਾਇਡ ਐਪ 'ਡੇਪੋ ਰਜਿਸਟ੍ਰੇਸ਼ਨ' (41PO R579S“R1“9ON) ਡਾਊਨਲੋਡ ਕਰਕੇ ਜਾਂ ਸਾਂਝ ਕੇਂਦਰ ਦੀ ਵੈਬਸਾਈਟwww.ppsaanjh.in 'ਤੇ ਡੇਪੋ ਰਜਿਸਟ੍ਰੇਸ਼ਨ ਦਾ ਲਿੰਕ ਕਲਿੱਕ ਕਰਕੇ ਜਾਂ ਫ਼ਿਰ http://੧੧੫.੧੧੨.੫੮.੪੯/ppsaanjh/dapo.php 'ਤੇ ਆਨਲਾਈਨ ਅਰਜ਼ੀ ਭਰੀ ਜਾ ਸਕਦੀ ਹੈ। ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਵਲੰਟੀਅਰਾਂ ਦੀ ਰਜਿਸਟਰੇਸ਼ਨ ਕਰਨ ਉਪਰੰਤ ਸਾਰੇ ਫਾਰਮ ਸਬੰਧਤ ਐਸ.ਡੀ.ਐਮਜ਼ ਦੇ ਦਫ਼ਤਰਾਂ ਵਿੱਚ ਸਮੇਂ ਸਿਰ ਜਮ੍ਹਾਂ ਕਰਵਾਉਣ ਨੂੰ ਯਕੀਨੀ ਬਣਾਉਣ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਪੁਲਿਸ ਸਾਂਝ ਕੇਂਦਰਾਂ 'ਤੇ ਵੀ ਫ਼ਾਰਮ ਭਰ ਕੇ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਰਜ਼ੀ ਨਾਲ ਇੱਕ ਫ਼ੋਟੋ ਅਤੇ ਕੋਈ ਇੱਕ ਸ਼ਨਾਖ਼ਤੀ ਸਬੂਤ (ਅਧਾਰ ਕਾਰਡ ਜਾਂ ਡਰਾਇਵਿੰਗ ਲਾਇਸੰਸ ਜਾਂ ਰਾਸ਼ਨ ਕਾਰਡ ਜਾਂ ਵੋਟਰ ਕਾਰਡ ਜਾਂ ਦਫ਼ਤਰੀ ਪਹਿਚਾਣ ਪੱਤਰ ਜਾਂ ਸਰਕਾਰ ਵਲੋਂ ਮਾਨਤਾ ਪ੍ਰਾਪਤ ਕੋਈ ਵੀ ਸ਼ਨਾਖ਼ਤੀ ਦਸਤਾਵੇਜ਼) ਦੇਣਾ ਲਾਜ਼ਮੀ ਹੈ। ਇਸ ਮੌਕੇ 'ਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ, ਐਸ.ਡੀ.ਐਮ ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਾਲ, ਸਹਾਇਕ ਕਮਿਸ਼ਨਰ (ਜ) ਸ੍ਰੀ ਅਮਰਜੀਤ ਸਿੰਘ, ਡੀ.ਐਸ.ਪੀ. (ਡੀ) ਸ੍ਰੀ ਗੁਰਜੀਤ ਪਾਲ ਸਿੰਘ, ਸੇਵਾ ਮੁਕਤ ਬ੍ਰਿਗੇਡੀਅਰ ਮਨੋਹਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
No comments:
Post a Comment