- 'ਲਵਲੀ ਆਪਟੀਕਲਜ' ਵਲੋਂ ਸਕੂਲ ਦੇ 117 ਲੋੜਵੰਦ ਵਿਦਿਆਰਥੀਆਂ ਨੂੰ ਸਟੇਸ਼ਨਰੀ ਅਤੇ ਹੋਰ ਸਮੱਗਰੀ ਭੇਟ
ਹੁਸ਼ਿਆਰਪੁਰ, 26 ਮਾਰਚ: ਧਾਰਮਿਕ ਸਮਾਗਮ 'ਤੇ ਸਰਕਾਰੀ ਪ੍ਰਾਇਮਰੀ ਸਕੂਲਾਂ ਅਤੇ ਆਂਗਣਵਾੜੀ ਸਕੂਲਾਂ ਵਿਚ ਸਟੇਸ਼ਨਰੀ ਵੰਡਣ ਦੀ ਇਕ ਨਿਵੇਕਲੀ ਪਹਿਲ ਕੀਤੀ ਗਈ ਹੈ। ਲਵਲੀ ਆਪਟੀਕਲਜ ਵਲੋਂ ਜ਼ਿਲ੍ਹੇ ਦੇ ਸਿੱਖਿਆ ਵਿਭਾਗ ਦੀ ਅਗਵਾਈ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਬਾਗਪੁਰ ਵਿਖੇ ਕੰਜਕ ਪੂਜਨ ਮਨਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਪੁੱਜੇ। ਇਸ ਮੌਕੇ ਲਵਲੀ ਆਪਟੀਕਲਜ ਨੇ 117 ਲੋੜਵੰਦ ਵਿਅਕਤੀਆਂ ਨੂੰ ਸਟੇਸ਼ਨਰੀ ਅਤੇ ਹੋਰ ਸਮੱਗਰੀ ਵੀ ਭੇਟ ਕੀਤੀ।
ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਅਪੀਲ ਕਰਦਿਆਂ ਕਿਹਾ ਕਿ ਧਾਰਮਿਕ ਸਮਾਗਮ ਪ੍ਰਾਇਮਰੀ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿਚ ਸਟੇਸ਼ਨਰੀ ਜਾਂ ਹੋਰ ਸਮਾਨ ਦਾਨ ਕਰਕੇ ਮਨਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਇਸ ਤਰ੍ਹਾਂ ਦੀ ਪਹਿਲ ਨਾਲ ਸਕੂਲਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਜਿਥੇ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ, ਉਥੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਜ਼ਿਲ੍ਹਾ ਸਿੱਖਿਆ ਵਿਭਾਗ ਦੀ ਅਗਵਾਈ ਵਿੱਚ 'ਸਮਰਪਣ' ਪ੍ਰੋਜੈਕਟ ਤਹਿਤ ਵੀ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਧਾਰਮਿਕ ਸਮਾਗਮ ਸਮੇਂ ਪ੍ਰਾਇਮਰੀ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਵਿਦਿਆਰਥੀਆਂ ਨੂੰ ਸਟੇਸ਼ਨਰੀ ਆਦਿ ਵੰਡਣਾ ਵੀ ਇਕ ਸ਼ਲਾਘਾਯੋਗ ਉਪਰਾਲਾ ਹੈ।
ਲਵਲੀ ਆਪਟੀਕਲਜ ਤੋਂ ਇਲਾਵਾ ਬਾਂਸਲ ਟੈਲੀਕਾਮ, ਲਿਉਮੀਨਸ ਦੇ ਸੁਧੀਰ ਸ਼ਰਮਾ, ਗੋਗੀਆ ਪਰਿਵਾਰ ਨੇ ਵੀ ਕੰਜਕ ਪੂਜਨ ਵੱਖ-ਵੱਖ ਸਕੂਲਾਂ ਵਿੱਚ ਸਟੇਸ਼ਨਰੀ ਵੰਡ ਕੇ ਮਨਾਇਆ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇ:) ਸ੍ਰੀ ਧੀਰਜ ਵਸ਼ਿਸਟ, ਸ੍ਰੀ ਹਰਮਿੰਦਰ ਸਿੰਘ, ਡਾ. ਆਰ.ਪੀ. ਸਰੋਆ, ਡਾ. ਦੀਪਤੀ, ਪ੍ਰਿੰਸੀਪਲ ਪਰਮਜੀਤ ਸਿੰਘ, ਸ਼੍ਰੀ ਚੰਦਰ ਪ੍ਰਕਾਸ਼, ਸਰਪੰਚ ਸ਼੍ਰੀ ਗੁਰਮੀਤ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ।
No comments:
Post a Comment