- ਕੈਂਸਰ ਦੇ ਮਰੀਜ਼ ਨੂੰ 1.50 ਲੱਖ ਰੁਪਏ ਤੱਕ ਦਿੱਤੀ ਜਾਂਦੀ ਹੈ ਮਾਲੀ ਸਹਾਇਤਾ
- ਭਵਿੱਖ ਵਿੱਚ ਇਹ ਸਕੀਮ ਕੈਸ਼ਲੈਸ ਦੇ ਨਾਲ-ਨਾਲ ਹੋਵੇਗੀ ਪੇਪਰਲੈਸ
ਹੁਸ਼ਿਆਰਪੁਰ, 20 ਮਾਰਚ: ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਤਹਿਤ ਸਾਲ ਜਨਵਰੀ 2017 ਤੋਂ ਫਰਵਰੀ 2018 ਤੱਕ ਜ਼ਿਲ੍ਹੇ ਦੇ 394 ਮਰੀਜ਼ਾਂ ਨੂੰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਇਲਾਜ ਕਰਾਉਣ ਲਈ 5 ਕਰੋੜ 3 ਲੱਖ 70 ਹਜ਼ਾਰ 287 ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੇ ਇਲਾਜ ਲਈ 1.50 ਲੱਖ ਰੁਪਏ ਤੱਕ ਦੀ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਕੈਂਸਰ ਦੇ ਸਾਰੇ ਮਰੀਜ਼ ਇਸ ਸਕੀਮ ਦਾ ਲਾਭ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਕੀਮ ਰਾਹੀਂ ਸਹਾਇਤਾ ਲੈਣ ਲਈ ਸਬੰਧਤ ਮਰੀਜ਼ ਨੇ ਇਸ ਬਿਮਾਰੀ ਦੇ ਇਲਾਜ ਲਈ ਬੀਮਾ ਕੰਪਨੀ ਜਾਂ ਹੋਰ ਕਿਸੇ ਸਾਧਨ ਰਾਹੀਂ ਇਸ ਬਿਮਾਰੀ ਲਈ ਵਿੱਤੀ ਸਹਾਇਤਾ ਪ੍ਰਾਪਤ ਨਾ ਕੀਤੀ ਹੋਵੇ। ਉਨ੍ਹਾਂ ਕੈਂਸਰ ਦੇ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਕੈਂਸਰ ਤੋਂ ਬਚਣ ਲਈ ਤੰਬਾਕੂ ਦੇ ਉਤਪਾਦਾਂ ਅਤੇ ਸਿਗਰਟ-ਨੋਸ਼ੀ ਤੋਂ ਬਚਿਆ ਜਾਵੇ। ਉਨ੍ਹਾਂ ਕਿਹਾ ਕਿ ਕੈਂਸਰ ਤੋਂ ਬਚਣ ਲਈ ਕੀਟ-ਨਾਸ਼ਕ ਦਵਾਈਆਂ ਆਦਿ ਦਾ ਜ਼ਿਆਦਾ ਇਸਤੇਮਾਲ ਵੀ ਨਾ ਕੀਤਾ ਜਾਵੇ ਅਤੇ ਜੰਕ ਫੂਡ ਦਾ ਘੱਟ ਤੋਂ ਘੱਟ ਇਸਤੇਮਾਲ ਕੀਤਾ ਜਾਵੇ। ਉਨ੍ਹਾਂ ਨੇ ਚੰਗੀ ਸਿਹਤ ਲਈ ਨਿਯਮਤ ਕਸਰਤ ਕਰਨ ਅਤੇ ਮੈਡੀਟੇਸ਼ਨ ਰਾਹੀਂ ਸਰੀਰਕ ਸੰਤੁਲਨ ਬਣਾਏ ਰੱਖਣ ਸਬੰਧੀ ਸਲਾਹ ਵੀ ਦਿੱਤੀ।
ਇਸ ਮੌਕੇ ਸਿਵਲ ਸਰਜਨ ਡਾ. ਰੇਨੂ ਸੂਦ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਲਾਭ ਪ੍ਰਾਪਤ ਕਰਨ ਹਿੱਤ ਮਰੀਜ਼ ਪੰਜਾਬ ਦਾ ਵਸਨੀਕ ਹੋਣਾ ਚਾਹੀਦਾ ਹੈ, ਜਿਸ ਦੇ ਸਬੂਤ ਵਜੋਂ ਰਾਸ਼ਨ ਕਾਰਡ, ਵੋਟਰ ਕਾਰਡ, ਡਰਾਇਵਿੰਗ ਲਾਇਸੰਸ ਅਤੇ ਪਾਸਪੋਰਟ ਦੀ ਕਾਪੀ ਵਿਚੋਂ ਕੋਈ ਇਕ ਪਹਿਚਾਣ ਪੱਤਰ ਲਗਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕੈਂਸਰ ਦੀ ਪਹਿਚਾਣ/ਪੁਸ਼ਟੀ ਕਰਨ ਸਬੰਧੀ ਲੈਬਾਰਟਰੀ ਵਲੋਂ ਟੈਸਟ ਦੀ ਰਿਪੋਰਟ ਅਤੇ ਜਿਸ ਹਸਪਤਾਲ ਤੋਂ ਮਰੀਜ਼ ਦਾ ਇਲਾਜ਼ ਚੱਲ ਰਿਹਾ ਹੈ ਜਾਂ ਕਰਵਾਉਣਾ ਹੈ, ਵਲੋਂ ਇਲਾਜ਼ ਦੇ ਖਰਚੇ ਦਾ ਐਸਟੀਮੇਟ ਅਤੇ ਸਬੰਧਤ ਡਾਕਟਰ ਪਾਸੋਂ ਤਸਦੀਕ-ਸ਼ੁਦਾ ਦੋ ਪਾਸਪੋਰਟ ਸਾਈਜ ਫ਼ੋਟੋਆਂ ਨਿਰਧਾਰਤ ਬਿਨੈ-ਪੱਤਰ ਸਮੇਤ ਜ਼ਿਲ੍ਹਾ ਪੱਧਰੀ ਕਮੇਟੀ ਪਾਸ ਪੇਸ਼ ਕਰਨੀਆਂ ਜ਼ਰੂਰੀ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਭਵਿੱਖ ਵਿੱਚ ਇਸ ਸਕੀਮ ਨੂੰ ਕੈਸ਼ਲੈਸ ਦੇ ਨਾਲ-ਨਾਲ ਪੇਪਰਲੈਸ ਵੀ ਕੀਤਾ ਗਿਆ ਹੈ, ਜਿਸ ਤਹਿਤ ਇਸ ਸਕੀਮ ਅਧੀਨ ਅਰਜ਼ੀ ਦੇ ਪ੍ਰੋਫਾਰਮੇ ਵਿੱਚ ਤਬਦੀਲੀ ਕੀਤੀ ਗਈ ਹੈ ਅਤੇ ਇਹ ਆਨਲਾਈਨ ਵੈਬ ਐਪਲੀਕੇਸ਼ਨ ਅਨੁਸਾਰ ਹੋਵੇਗੀ।
No comments:
Post a Comment