- ਮਹਿਲਾ ਸਸ਼ਕਤੀਕਰਨ ਦੀ ਮਿਸਾਲ ਬਣਿਆ 'ਸੰਧਿਆ ਸੈਲਫ ਹੈਲਪ ਗਰੁੱਪ' : ਡਿਪਟੀ ਕਮਿਸ਼ਨਰ
- ਕਿਹਾ, ਸਵੈ-ਸਹਾਇਤਾ ਗਰੁੱਪ ਸਦਕਾ ਮਹਿਲਾਵਾਂ ਆਤਮ ਨਿਰਭਰ ਬਣਕੇ ਪਰਿਵਾਰ ਦੀ ਆਰਥਿਕ ਸਥਿਤੀ ਕਰ ਰਹੀਆਂ ਨੇ ਮਜ਼ਬੂਤ
ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ 'ਸੰਧਿਆ ਸੈਲਫ ਹੈਲਪ ਗਰੁੱਪ' ਦੀਆਂ 14 ਮਹਿਲਾਵਾਂ ਵਲੋਂ ਕੀਤਾ ਗਿਆ ਇਹ ਉਪਰਾਲਾ ਮਹਿਲਾ ਸਸ਼ਕਤੀਕਰਨ ਦੀ ਮਿਸਾਲ ਬਣਿਆ ਹੈ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਨੂੰ ਇਹ ਸਨਮਾਨ ਦਿਵਾਉਣ ਵਿਚ ਮਹਿਲਾਵਾਂ ਦੀ ਅਣਥੱਕ ਮਿਹਨਤ ਦਾ ਹੱਥ ਹੈ ਅਤੇ ਇਨ੍ਹਾਂ ਔਰਤਾਂ ਨੇ ਆਪਣੇ ਹੁਨਰ ਦਾ ਲੋਹਾ ਪੂਰੀ ਦੁਨੀਆਂ ਵਿਚ ਮੰਨਵਾਇਆ ਹੈ। ਉਨ੍ਹਾਂ ਦੱਸਿਆ ਕਿ ਸਵੈ-ਸਹਾਇਤਾ ਗਰੁੱਪ ਨਾਲ ਜਿੱਥੇ ਮਹਿਲਾਵਾਂ ਆਤਮ ਨਿਰਭਰ ਹੋਕੇ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਹੋਰ ਮਜ਼ਬੂਤ ਕਰ ਰਹੀਆਂ ਹਨ, ਉਥੇ ਦੇਸ਼ ਦੀ ਆਰਥਿਕਤਾ ਵਿਚ ਵੀ ਵਡਮੱਲਾ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਖੇਤੀ ਨੂੰ ਹੋਰ ਲਾਹੇਵੰਦ ਬਣਾਉਣ ਲਈ ਅਜਿਹੇ ਸਹਾਇਕ ਧੰਦੇ ਕਾਫੀ ਕਾਰਗਰ ਸਾਬਿਤ ਹੋ ਰਹੇ ਹਨ, ਇਸ ਲਈ ਔਰਤਾਂ ਦੇ ਨਾਲ-ਨਾਲ ਖੇਤੀ ਵਿਚ ਰੁਚੀ ਰੱਖਣ ਵਾਲੇ ਨੌਜਵਾਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਵੈ-ਸਹਾਇਤਾ ਗਰੁੱਪ ਖੋਲ੍ਹਣ ਲਈ ਸਰਕਾਰ ਵਲੋਂ ਵਿਸ਼ੇਸ਼ ਤੌਰ 'ਤੇ ਸਿਖਲਾਈ ਵੀ ਦਿੱਤੀ ਜਾਂਦੀ ਹੈ ਅਤੇ ਕਾਰੋਬਾਰ ਖੋਲ੍ਹਣ ਲਈ ਕਰਜ਼ਾ ਵੀ ਮੁਹੱਈਆ ਕਰਵਾਇਆ ਜਾਂਦਾ ਹੈ।
ਸ਼੍ਰੀ ਵਿਪੁਲ ਉਜਵਲ ਨੇ ਕਿਹਾ ਕਿ ਬੇਟੀਆਂ ਕਿਸੇ ਤੋਂ ਘੱਟ ਨਹੀਂ ਹਨ, ਇਹ ਇਸ ਗਰੁੱਪ ਨੇ ਸਾਬਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਤਾਂ ਹੀ ਕਾਰਗਰ ਸਾਬਿਤ ਹੋ ਸਕਦੀ ਹੈ ਜੇਕਰ ਬੇਟੀਆਂ ਨੂੰ ਕੁੱਖ ਵਿਚ ਨਾ ਮਾਰਕੇ ਉਨ੍ਹਾਂ ਨੂੰ ਆਪਣੇ ਪੈਰਾਂ ਸਿਰ ਖੜ੍ਹੇ ਹੋਣ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਸੈਲਫ ਹੈਲਪ ਗਰੁੱਪ ਖੋਲ੍ਹਣ ਦੇ ਚਾਹਵਾਨ ਵਿਅਕਤੀ ਜ਼ਿਲ੍ਹੇ ਦੇ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ ਅਤੇ ਵਿਭਾਗ ਵਲੋਂ ਵੱਖ-ਵੱਖ ਹੁਨਰਾਂ ਦੀ ਵਿਸ਼ੇਸ਼ ਸਿਖਲਾਈ ਵੀ ਦਿੱਤੀ ਜਾਂਦੀ ਹੈ।
'ਸੰਧਿਆ ਸੈਲਫ ਹੈਲਪ ਗਰੁੱਪ' ਖੋਲ੍ਹਣ ਵਿਚ ਮੋਹਰੀ ਰੋਲ ਅਦਾ ਕਰਨ ਵਾਲੀ ਮੈਲੀ ਪਿੰਡ ਦੀ ਧੀ ਵਿਨੋਦ ਕੁਮਾਰੀ ਨੇ ਦੱਸਿਆ ਕਿ ਸਵੈ-ਸਹਾਇਤਾ ਗਰੁੱਪ ਸਦਕਾ ਹੀ ਉਸ ਸਮੇਤ ਗਰੁੱਪ ਦੀਆਂ ਸਾਰੀਆਂ ਮੈਂਬਰ ਆਤਮ ਨਿਰਭਰ ਬਣ ਸਕੀਆਂ ਹਨ ਅਤੇ ਉਨ੍ਹਾਂ ਵਲੋਂ ਪਰਿਵਾਰ ਦੀ ਆਰਥਿਕਤਾ ਵਿਚ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਉਨ੍ਹਾਂ ਵਲੋਂ ਆਪਣੇ ਪ੍ਰੋਡਕਟਸ ਦੀ ਵੱਖ-ਵੱਖ ਕਿਸਾਨ ਮੇਲਿਆਂ ਆਦਿ ਵਿਚ ਪ੍ਰਦਰਸ਼ਨੀ ਵੀ ਲਗਾਈ ਜਾ ਰਹੀ ਹੈ ਹੈ। ਇਸ ਤੋਂ ਇਲਾਵਾ ਪ੍ਰਸ਼ਾਸ਼ਨ ਵਲੋਂ ਉਨ੍ਹਾਂ ਨੂੰ ਜ਼ਰੂਰਤ ਪੈਣ 'ਤੇ ਹਰ ਸੰਭਵ ਮਦਦ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਉਸਨੇ ਮੈਲੀ ਪਿੰਡ ਵਿਚ 2005 ਵਿਚ ਪਿੰਡ ਦੀਆਂ ਹੀ 13 ਔਰਤਾਂ ਨਾਲ 'ਸੰਧਿਆ ਸੈਲਫ ਹੈਲਪ ਗਰੁੱਪ' ਦੀ ਸ਼ੁਰੂਆਤ ਕੀਤੀ ਸੀ ਅਤੇ ਇਹ ਗਰੁੱਪ ਹਰ ਤਰ੍ਹਾਂ ਦੇ ਆਚਾਰ, ਮੁਰੱਬੇ, ਚਟਨੀ, ਸਕੁਐਸ਼, ਸ਼ਹਿਦ, ਮੱਕੀ ਦਾ ਆਟਾ ਅਤੇ ਦਾਲਾਂ ਬਣਾਉਂਦਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਤਾਂ ਉਹ ਕੇਵਲ ਆਚਾਰ, ਮੁਰੱਬੇ ਆਦਿ ਤੱਕ ਹੀ ਸੀਮਤ ਸਨ, ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਦੇਸੀ ਗੁਲਾਬ ਲਗਾਕੇ ਉਸਨੂੰ ਸ਼ਰਬਤ ਤੇ ਗੁਲਕੰਦ ਬਣਾਉਣ ਦਾ ਪ੍ਰੋਜੈਕਟ ਦਿੱਤਾ ਤੇ ਬਕਾਇਦਾ ਇਸਦੀ ਟ੍ਰੇਨਿੰਗ ਦੇਕੇ ਉਨ੍ਹਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਵੀ ਕੀਤਾ।
ਵਿਨੋਦ ਕੁਮਾਰੀ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਡਾ. ਆਰ.ਕੇ ਦੂਬੇ ਦੇ ਮਾਰਗ ਦਰਸ਼ਨ ਨਾਲ ਉਨ੍ਹਾਂ ਨੇ ਸਾਲ 2014 ਵਿਚ ਪਿੰਡ ਵਿਚ ਹੀ ਗੁਲਾਬ ਦੀ ਦੇਸੀ ਕਲਮ ਲਗਾਕੇ ਗੁਲਾਬ ਦੇ ਫੁੱਲ ਦੀ ਪੈਦਾਵਾਰ ਕੀਤੀ। ਇਨ੍ਹਾਂ ਦੇਸੀ ਗੁਲਾਬ ਦੀਆਂ ਪੱਤੀਆਂ ਨਾਲ ਉਨ੍ਹਾਂ ਨੇ ਗੁਲਕੰਦ ਤੇ ਗੁਲਾਬ ਸ਼ਰਬਤ ਤਿਆਰ ਕੀਤਾ। ਗਰੁੱਪ ਦੁਆਰਾ ਤਿਆਰ ਕੀਤਾ ਗਿਆ ਗੁਲਾਬ ਸ਼ਰਬਤ ਆਪਣੀ ਤਰ੍ਹਾਂ ਦਾ ਅਜਿਹਾ ਬੇਮਿਸਾਲ ਸ਼ਰਬਤ ਬਣਿਆ ਕਿ ਉਸਦੀ ਚਰਚਾ ਦਿੱਲੀ ਤੱਕ ਹੋਣ ਲੱੱਗੀ, ਜਿਸ ਸਦਕਾ ਸੰਸਦ ਵਿਚ ਉਨ੍ਹਾਂ ਨੂੰ 542 ਬੋਤਲਾਂ ਦਾ ਆਰਡਰ ਮਾਰਚ 2017 ਵਿਚ ਮਿਲਿਆ। ਇਸਦੇ ਬਾਅਦ ਗਰੁੱਪ ਦਾ ਨਾਂ ਜ਼ਿਲ੍ਹੇ ਅਤੇ ਪੰਜਾਬ ਵਿਚ ਹੀ ਨਹੀਂ ਬਲਕਿ ਦੇਸ਼-ਵਿਦੇਸ਼ ਵਿਚ ਚਮਕਣ ਲੱਗਾ। ਉਨ੍ਹਾਂ ਦੱਸਿਆ ਕਿ ਜਿੱਥੇ ਉਨ੍ਹਾਂ ਦੇ ਗਰੁੱਪ ਮੈਂਬਰਾਂ ਦਾ ਹੌਸਲਾ ਵਧਿਆ, ਉਥੇ ਆਰਥਿਕ ਸਥਿਤੀ ਵੀ ਮਜ਼ਬੂਤ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਕਾਰੋਬਾਰ ਉਨ੍ਹਾਂ ਨੇ 10 ਹਜ਼ਾਰ ਰੁਪਏ ਦੀ ਛੋਟੀ ਬੱਚਤ ਤੋਂ ਸ਼ੁਰੂ ਕੀਤਾ ਸੀ, ਪਰ ਲੋਕਾਂ ਵਲੋਂ ਮਿਲੇ ਚੰਗੇ ਰਿਸਪਾਂਸ ਨਾਲ ਉਨ੍ਹਾਂ ਦਾ ਕੰਮ ਵਧਣ ਲੱਗਾ ਅਤੇ 2013 ਵਿਚ ਉਨ੍ਹਾਂ ਨੇ 10 ਲੱਖ ਦਾ ਕਰਜ਼ਾ ਲੈਕੇ ਆਪਣੇ ਕੰਮ ਨੂੰ ਹੋਰ ਅੱਗੇ ਵਧਾਇਆ।
No comments:
Post a Comment