- ਪੰਜਾਬ ਦੇ ਰਾਜਪਾਲ ਨੇ ਸ਼ਹੀਦ ਅਮਰਜੀਤ ਸਿੰਘ ਦੀ ਯਾਦ ਤਾਜ਼ਾ ਰੱਖਣ ਲਈ ਸਕਾਲਰਸ਼ਿਪ ਸਕੀਮ ਦੀ ਕੀਤੀ ਸ਼ੁਰੂਆਤ
- ਕਿਹਾ, ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ
ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਕਿਹਾ ਕਿ ਸ੍ਰੀ ਅਮਰਜੀਤ ਸਿੰਘ ਡਿਊਟੀ ਦੌਰਾਨ ਚੰਡੀਗੜ੍ਹ ਵਿਖੇ 8 ਦਸੰਬਰ 1989 ਨੂੰ ਮਾੜੇ ਅਨਸਰਾਂ ਨਾਲ ਲੋਹਾ ਲੈਂਦਿਆਂ ਸ਼ਹਾਦਤ ਦਾ ਜਾਮ ਪੀ ਗਏ ਸਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੁਲਿਸ ਜਿਥੇ 21 ਅਕਤੂਬਰ ਨੂੰ 'ਪੁਲਿਸ ਯਾਦਗਾਰ ਦਿਵਸ' ਮਨਾਉਂਦੀ ਹੈ, ਉਥੇ ਇਸ ਵਾਰ ਇਹ ਫੈਸਲਾ ਵੀ ਕੀਤਾ ਗਿਆ ਹੈ ਕਿ ਸ਼ਹੀਦਾਂ ਨੂੰ ਸ਼ਰਧਾਂਜਲੀ ਉਥੇ ਹੀ ਦਿੱਤੀ ਜਾਵੇਗੀ, ਜਿਸ ਵਿਦਿੱਅਕ ਅਦਾਰੇ ਵਿੱਚ ਉਨ੍ਹਾਂ ਨੇ ਸਿੱਖਿਆ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸ਼੍ਰੀ ਅਮਰਜੀਤ ਸਿੰਘ ਨੇ ਖਾਲਸਾ ਕਾਲਜ ਗੜ੍ਹਦੀਵਾਲਾ ਤੋਂ ਹੀ ਸਿੱਖਿਆ ਹਾਸਲ ਕੀਤੀ ਸੀ। ਉਨ੍ਹਾਂ ਕਿਹਾ ਕਿ ਜਦੋਂ ਏ.ਐਸ.ਆਈ ਅਮਰਜੀਤ ਸਿੰਘ ਪੁਲਿਸ ਪੋਸਟ-36 ਚੰਡੀਗੜ੍ਹ ਵਿਖੇ ਤਾਇਨਾਤ ਸਨ, ਤਾਂ 08 ਦਸੰਬਰ 1989 ਨੂੰ ਨਹਿਰੂ ਕਲੋਨੀ ਪਿੰਡ ਕਜੇਹਰੀ, ਚੰਡੀਗੜ੍ਹ ਵਿਖੇ ਰਾਤ ਦੀ ਗਸ਼ਤ ਦੌਰਾਨ ਦੋ ਅੱਤਵਾਦੀਆਂ ਵਲੋਂ ਹਮਲਾ ਕਰਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ।
ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ.ਸਿੰਘ ਬਦਨੌਰ ਨੇ ਸ਼ਹੀਦ ਦੇ ਪਰਿਵਾਰ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। ਉਨ੍ਹਾਂ ਇਸ ਮੌਕੇ ਸ਼ਹੀਦ ਅਮਰਜੀਤ ਸਿੰਘ ਨੂੰ ਸਮਰਪਿਤ ਸ਼ੁਰੂ ਕੀਤੀ ਸਕਾਲਰਸ਼ਿਪ ਸਕੀਮ ਤਹਿਤ ਪਹਿਲਾ ਚੈਕ ਕਾਲਜ ਦੀ 10ਵੀਂ ਕਲਾਸ ਦੀ ਟਾਪਰ ਰਹਿਣ ਵਾਲੀ ਵਿਦਿਆਰਥਣ ਅੰਜਲੀ ਨੂੰ 11 ਹਜ਼ਾਰ ਰੁਪਏ ਦਾ ਚੈਕ ਦੇ ਕੇ ਕੀਤਾ। ਉਨ੍ਹਾਂ ਸ਼ਹੀਦ ਅਮਰਜੀਤ ਸਿੰਘ ਦੀ ਧਰਮ ਪਤਨੀ ਬੀਬੀ ਸੁਖਵਿੰਦਰ ਕੌਰ, ਬੇਟੀਆਂ ਕੁਲਬੀਰ ਕੌਰ ਅਤੇ ਹਰਜੀਤ ਕੌਰ ਨੂੰ ਸਨਮਾਨਿਤ ਕਰਨ ਉਪਰੰਤ ਉਨ੍ਹਾਂ ਨਾਲ ਮੁਖਾਤਿਬ ਹੁੰਦਿਆਂ ਕਿਹਾ ਕਿ ਇਹ ਸਨਮਾਨ ਕੇਵਲ ਸ਼ਹੀਦ ਦੇ ਪਰਿਵਾਰ ਪ੍ਰਤੀ ਆਭਾਰ ਪ੍ਰਗਟਾਉਣ ਦਾ ਮਾਤਰ ਯਤਨ ਹੀ ਹੈ ਅਤੇ ਸ਼ਹੀਦਾਂ ਦੀ ਕੁਰਬਾਨੀ ਦਾ ਮੁੱਲ ਕਦੇ ਮੋੜਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਇਹਨਾਂ ਮਹਾਨ ਸ਼ਹੀਦਾਂ ਦੀ ਸ਼ਹਾਦਤ ਦੇਸ਼ ਵਾਸੀਆਂ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਕਿਹਾ ਕਿ ਸਮੁੱਚਾ ਦੇਸ਼ ਅਜਿਹੇ ਬਹਾਦਰ ਯੋਧਿਆ ਦੀ ਕੁਰਬਾਨੀ ਦਾ ਸਦਾ ਰਿਣੀ ਰਹੇਗਾ। ਇਸ ਤੋਂ ਪਹਿਲਾਂ ਮਾਨਯੋਗ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਪੁਲਿਸ ਦੇ ਸ਼ਹੀਦਾਂ ਦੀ ਯਾਦ ਵਿਚ ਇਕ ਕਿਤਾਬਚਾ ਵੀ ਰਲੀਜ਼ ਕੀਤਾ।
ਡਾਇਰੈਕਟਰ ਜਨਰਲ ਪੁਲਿਸ ਚੰਡੀਗੜ੍ਹ ਸ੍ਰੀ ਤੇਜਿੰਦਰ ਸਿੰਘ ਲੂਥਰਾ ਨੇ ਸ਼ਹੀਦ ਅਮਰਜੀਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਚੰਡੀਗੜ੍ਹ ਪੁਲਿਸ ਦੀ ਸ਼ਹੀਦਾਂ ਨੂੰ ਉਨ੍ਹਾਂ ਦੇ ਸਿੱਖਿਆ ਸਥਾਨਾਂ 'ਚ ਜਾ ਕੇ ਸ਼ਰਧਾਂਜਲੀ ਭੇਟ ਕਰਨ ਦੀ ਇਹ ਨਿਵੇਕਲੀ ਪਹਿਲ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਅਮਰਜੀਤ ਸਿੰਘ ਪਿੰਡ ਸਰਹਾਲਾ (ਗੜ੍ਹਦੀਵਾਲਾ), ਜ਼ਿਲ੍ਹਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ ਅਤੇ ਉਨ੍ਹਾਂ ਦਾ ਜਨਮ 18 ਮਈ 1956 ਨੂੰ ਹੋਇਆ ਸੀ। ਉਨ੍ਹਾਂ ਨੇ ਚੰਡੀਗੜ੍ਹ ਪੁਲਿਸ ਵਿਚ 26 ਜੁਲਾਈ 1976 ਨੂੰ ਸਿਪਾਹੀ ਵਜੋਂ ਜੁਆਇਨ ਕੀਤਾ ਸੀ ਅਤੇ ਏ.ਐਸ.ਆਈ ਵਜੋਂ ਉਹ 2 ਸਤੰਬਰ 1988 ਨੂੰ ਪਦਉਨਤ ਹੋਏ ਸਨ। ਉਨ੍ਹਾਂ ਕਿਹਾ ਕਿ ਸ੍ਰੀ ਅਮਰਜੀਤ ਸਿੰਘ ਵੱਲੋਂ ਚੰਡੀਗੜ੍ਹ ਪੁਲਿਸ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਈਆਂ ਗਈਆਂ।
ਇਸ ਮੌਕੇ ਇੰਡੀਅਨ ਰੈਡ ਕਰਾਸ ਸੁਸਾਇਟੀ ਦੇ ਵਾਇਸ ਚੇਅਰਮੈਨ ਸ੍ਰੀ ਅਵਿਨਾਸ਼ ਰਾਏ ਖੰਨਾ, ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ, ਐਸ.ਐਸ.ਪੀ. ਸ੍ਰੀ ਜੇ. ਇਲੈਨਚੇਜ਼ੀਅਨ, ਐਸ.ਡੀ.ਐਮ. ਦਸੂਹਾ ਸ੍ਰੀ ਹਿਮਾਂਸ਼ੂ ਅਗਰਵਾਲ, ਪ੍ਰਿੰਸੀਪਲ ਖਾਲਸਾ ਕਾਲਜ ਡਾ. ਸਤਵਿੰਦਰ ਸਿੰਘ ਢਿੱਲੋਂ ਤੋਂ ਇਲਾਵਾ ਹੋਰ ਵੀ ਸਖਸ਼ੀਅਤਾਂ ਸ਼ਾਮਲ ਸਨ।
No comments:
Post a Comment