- ਡਿਪਟੀ ਕਮਿਸ਼ਨਰ ਨੇ ਵਿਸ਼ੇਸ਼ ਲੋੜਾਂ ਵਾਲੇ 4 ਹੋਣਹਾਰ ਖਿਡਾਰੀਆਂ ਨੂੰ ਕੀਤਾ ਸਨਮਾਨਿਤ
- ਰੀਆ ਨੇ 3 ਗੋਲਡ, ਸਾਗਰ ਨੇ ਇਕ ਗੋਲਡ ਸਣੇ 2, ਰੋਹਿਤ ਨੇ 2 ਅਤੇ ਨਿਤਿਨ ਨੇ 1 ਕਾਂਸੇ ਦਾ ਮੈਡਲ ਜਿੱਤਿਆ
ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਓਵਰ ਆਲ ਟਰਾਫ਼ੀ ਜਿੱਤਣ 'ਤੇ ਇਨ੍ਹਾਂ ਬੱਚਿਆਂ ਨੂੰ ਜਿਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਨਮਾਨਿਤ ਕੀਤਾ, ਉਥੇ ਹੌਂਸਲਾ ਅਫਜਾਈ ਵੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਟੇਟ ਸਪੈਸ਼ਲ ਓਲੰਪਿਕਸ (ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਲਈ ਸਪੈਸ਼ਲ ਓਲੰਪਿਕਸ ਭਾਰਤ) ਵਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਇਹ ਮੁਕਾਬਲੇ ਪਟਿਆਲਾ ਵਿਖੇ ਕਰਵਾਏ ਗਏ ਸਨ, ਜਿਸ ਵਿੱਚ ਜ਼ਿਲ੍ਹੇ ਦਾ ਨਾਂ ਰੌਸ਼ਨ ਹੋਇਆ। ਉਨ੍ਹਾਂ ਖਿਡਾਰੀਆਂ ਅਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਕੂਲ ਦੇ 4 ਵਿਦਿਆਰਥੀਆਂ ਨੇ 4 ਗੋਲਡ ਅਤੇ 4 ਕਾਂਸੇ ਦੇ ਮੈਡਲ ਜਿੱਤ ਕੇ ਓਵਰ ਆਲ ਟਰਾਫ਼ੀ ਆਪਣੇ ਨਾਂਅ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬੱਚੇ ਵੀ ਦੇਸ਼ ਦਾ ਭਵਿੱਖ ਹਨ ਅਤੇ ਜੇਕਰ ਇਨ੍ਹਾਂ ਬੱਚਿਆਂ ਨੂੰ ਆਪਣੀ-ਆਪਣੀ ਰੁਚੀ ਅਨੁਸਾਰ ਵਿਸ਼ੇਸ਼ ਮੌਕੇ ਪ੍ਰਦਾਨ ਕੀਤੇ ਜਾਣ, ਤਾਂ ਨਿਸ਼ਚਿਤ ਤੌਰ 'ਤੇ ਇਹ ਬੱਚੇ ਜੀਵਨ ਵਿੱਚ ਸਫ਼ਲਤਾ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰੀਰਕ ਕਮੀਆਂ ਦੇ ਬਾਵਜੂਦ ਮੰਜ਼ਿਲ ਸਰ ਕੀਤੀ ਜਾ ਸਕਦੀ ਹੈ, ਲੋੜ ਹੈ ਜਜ਼ਬੇ ਅਤੇ ਜਨੂੰਨ ਦੀ।
ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵਿਸ਼ੇਸ਼ ਲੋੜਾਂ ਵਾਲੇ ਵਿਦਿਅਰਥੀਆਂ ਲਈ ਸਰਕਾਰ ਵਲੋਂ 82 ਰਿਸੋਰਸ ਸੈਂਟਰ ਚਲਾਏ ਜਾ ਰਹੇ ਹਨ, ਜਦਕਿ ਇਕ ਸਪੈਸ਼ਲ ਰਿਸੋਰਸ ਸੈਂਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਰੇਲਵੇ ਮੰਡੀ ਵਿਖੇ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਿਸੋਰਸ ਸੈਂਟਰਾਂ ਵਿੱਚ 5476 ਚੁਣੌਤੀਗ੍ਰਸਤ ਬੱਚੇ ਹਨ ਅਤੇ ਸਰਵ ਸਿੱਖਿਆ ਅਭਿਆਨ ਤਹਿਤ ਜਿਥੇ ਇਨ੍ਹਾਂ ਬੱਚਿਆਂ ਦਾ ਇਲਾਜ ਕਰਵਾਇਆ ਜਾਂਦਾ ਹੈ, ਉਥੇ ਜ਼ਿਲ੍ਹਾ ਸਪੈਸ਼ਲ ਐਜੂਕੇਟਰ ਦੀ ਅਗਵਾਈ ਵਿੱਚ 31 ਸਪੈਸ਼ਲ ਟੀਚਰਾਂ ਵਲੋਂ ਇਨ੍ਹਾਂ ਨੂੰ ਸਿੱਖਿਅਤ ਵੀ ਕੀਤਾ ਜਾਂਦਾ ਹੈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਸ੍ਰੀ ਸਲਵਿੰਦਰ ਸਿੰਘ ਸਮਰਾ, ਡਿਪਟੀ ਡੀ ਈ ਓ ਸ੍ਰੀ ਧੀਰਜ ਵਸ਼ਿਸ਼ਟ, ਜ਼ਿਲ੍ਹਾ ਸਪੈਸ਼ਲ ਐਜੂਕੇਟਰ ਸ੍ਰੀਮਤੀ ਅੰਜੂ ਸੈਣੀ, ਡਾ. ਧੀਰਜ਼, ਸ੍ਰੀ ਸੰਦੀਪ ਕੁਮਾਰ ਅਤੇ ਪੂਨਮ ਵੀ ਮੌਜੂਦ ਸਨ।
ਉਕਤ ਵਿਸ਼ੇਸ਼ ਖੇਡਾਂ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਢੋਲਬਾਹਾ ਦੇ ਰਿਸੋਰਸ ਸੈਂਟਰ ਦੀ ਵਿਦਿਆਰਥਣ ਰੀਆ ਡਡਵਾਲ ਨੇ 100 ਮੀਟਰ ਤੇ 200 ਮੀਟਰ ਦੌੜ ਵਿੱਚ 2 ਗੋਲਡ ਤੋਂ ਇਲਾਵਾ ਰਿਲੇਅ ਰੇਸ ਵਿੱਚ ਵੀ ਇਕ ਗੋਲਡ ਮੈਡਲ ਪ੍ਰਾਪਤ ਕੀਤਾ। ਇਸ ਹੋਣਹਾਰ ਖਿਡਾਰਨ ਤੋਂ ਇਲਾਵਾ ਸਪੈਸ਼ਲ ਰਿਸੋਰਸ ਸੈਂਟਰ ਰੇਲਵੇ ਮੰਡੀ ਦੇ ਸਾਗਰ ਨੇ 200 ਮੀਟਰ ਦੌੜ ਵਿੱਚੋਂ ਇਕ ਗੋਲਡ, ਜਦਕਿ 100 ਮੀਟਰ ਦੌੜ ਵਿੱਚੋਂ ਇਕ ਕਾਂਸੇ ਦਾ ਤਮਗਾ ਆਪਣੀ ਝੋਲੀ ਪਾਇਆ। ਇਸੇ ਸੈਂਟਰ ਦੇ ਰੋਹਿਤ ਨੇ 100 ਮੀਟਰ ਦੌੜ ਅਤੇ ਰਨਿੰਗ ਲੌਂਗ ਜੰਪ ਵਿੱਚੋਂ 2 ਕਾਂਸੇ ਤੇ ਤਮਗੇ ਜਿੱਤੇ, ਜਦਕਿ ਨਿਤਿਨ ਨੇ 100 ਮੀਟਰ ਦੌੜ ਵਿੱਚ ਇਕ ਕਾਂਸੇ ਦਾ ਮੈਡਲ ਹਾਸਲ ਕੀਤਾ।
No comments:
Post a Comment