- ਨਿੰਬੂ ਜਾਤੀ, ਅੰਬ, ਲੀਚੀ ਅਤੇ ਅਮਰੂਦ ਦੇ ਬੂਟੇ ਲਗਾਉਣ ਲਈ ਮਾਹਿਰਾਂ ਨਾਲ ਸੰਪਰਕ ਕਰਨ ਕਿਸਾਨ
- ਜ਼ਿਲ੍ਹੇ ਵਿੱਚ ਸਥਾਪਿਤ ਚਾਰ ਨਰਸਰੀਆਂ ਤੋਂ ਵਾਜਬ ਰੇਟਾਂ 'ਤੇ ਖਰੀਦੇ ਜਾ ਸਕਦੇ ਹਨ ਚੰਗੀ ਕਿਸਮ ਦੇ ਬੂਟੇ- ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਟਰਸ ਫ਼ਲਾਂ ਦੀ ਬੀਜਾਈ ਦੇ ਨਾਲ-ਨਾਲ ਬਾਗਾਂ ਵਿੱਚ ਹੋਰ ਫ਼ਸਲਾਂ ਬੀਜ ਕੇ ਵੀ ਲਾਹਾ ਲਿਆ ਜਾ ਸਕਦਾ ਹੈ, ਪਰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਬਾਗਾਂ ਵਿੱਚ ਲਗਾਏ ਬੂਟਿਆਂ ਨਾਲ ਆਲੂ ਦੀ ਫ਼ਸਲ ਬੀਜਣ ਨਾਲ ਪਾਣੀ ਵੱਧ ਲਗਦਾ ਹੈ, ਜਿਸ ਨਾਲ ਨਿੰਬੂ ਜਾਤੀ ਦੇ ਬੂਟਿਆਂ ਨੂੰ ਫਾਈਟੋਪਥੋਰਾ ਨਾਮਕ ਊਲੀ ਦੀ ਬੀਮਾਰੀ ਲੱਗ ਸਕਦੀ ਹੈ। ਇਸ ਨਾਲ ਬੂਟਾ ਪੀਲਾ ਹੋ ਕੇ ਮਰ ਵੀ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮਾਹਿਰਾਂ ਦੀ ਸਲਾਹ ਅਨੁਸਾਰ ਇਸ ਦੀ ਰੋਕਥਾਮ ਲਈ ਰਿਡੌਮਿਲ ਗੋਲਡ 2.5 ਗਰਾਮ ਪ੍ਰਤੀ ਲੀਟਰ ਪਾਣੀ ਵਿੱਚ ਘੋਲ ਵਿੱਚ ਨਵੇਂ ਬੂਟਿਆਂ ਦੀਆਂ ਜੜ੍ਹਾਂ ਵਿੱਚ ਪਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਪਿਉਰ ਕਲੋਰੀਨ 10 ਮਿਲੀਲੀਟਰ ਪ੍ਰਤੀ 10 ਲੀਟਰ ਪਾਣੀ ਵਿੱਚ ਘੋਲ ਕੇ ਬੂਟੇ ਦੀਆਂ ਜੜ੍ਹਾਂ ਵਿੱਚ ਮਾਹਿਰਾਂ ਦੀ ਸਲਾਹ ਅਨੁਸਾਰ ਪਾਈ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਾਗ ਲਗਾਉਣ ਤੋਂ ਪਹਿਲਾਂ ਮਿੱਟੀ ਟੈਸਟ ਕਰਾਉਣਾ ਬੇਹੱਦ ਜ਼ਰੂਰੀ ਹੁੰਦਾ ਹੈ। ਇਹ ਦੇਖਣ ਵਿੱਚ ਆਉਂਦਾ ਹੈ ਕਿ ਬੂਟੇ ਦੀਆਂ ਜ਼ਿਆਦਾਤਰ ਬੀਮਾਰੀਆਂ ਮਿੱਟੀ ਤੋਂ ਹੀ ਪੈਦਾ ਹੁੰਦੀਆਂ ਹਨ। ਮਿੱਟੀ ਟੈਸਟ ਕਰਾਉਣ ਨਾਲ ਸੁਖਮ ਅਤੇ ਛੋਟੇ ਤੱਤਾਂ ਦੀ ਘਾਟ ਦਾ ਵੀ ਪਤਾ ਲਗ ਜਾਂਦਾ ਹੈ ਅਤੇ ਇਨ੍ਹਾਂ ਤੱਤਾਂ ਨੂੰ ਪੂਰਾ ਕਰਕੇ ਬੂਟਿਆਂ ਦੀ ਸਿਹਤ ਨੂੰ ਠੀਕ ਰੱਖਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬਾਗਾਂ ਵਿੱਚ ਸਦਾਬਹਾਰ ਬੂਟੇ ਲਗਾਉਣ ਲਈ ਬਾਗਬਾਨੀ ਵਿਭਾਗ ਨਾਲ ਸੰਪਰਕ ਕਰਨ।
ਇਸ ਦੌਰਾਨ ਸਿਟਰਸ ਐਡਵਾਈਜ਼ਰ ਪੰਜਾਬ ਡਾ. ਜੀ.ਐਸ.ਕਾਹਲੋਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਬਲਾਕ ਹਰਿਆਣਾ ਅਤੇ ਭੂੰਗਾ ਵਿੱਚ ਨਵੇਂ ਲੱਗੇ ਨਿੰਬੂ ਜਾਤੀ ਦੇ ਬਾਗਾਂ ਦਾ ਦੌਰਾ ਕਰਨ ਦੌਰਾਨ ਇਹ ਦੇਖਣ ਵਿੱਚ ਆਇਆ ਹੈ ਕਿ ਬਾਗਬਾਨਾਂ ਵਲੋਂ ਨਵੇਂ ਲਗਾਏ ਗਏ ਬਾਗਾਂ ਵਿੱਚ ਆਲੂ ਦੀ ਫ਼ਸਲ ਵੀ ਬੀਜੀ ਗਈ ਹੈ। ਇਸ ਨਾਲ ਪਾਣੀ ਵੱਧ ਲੱਗਣ ਕਾਰਨ ਊਲੀ ਲੱਗ ਕੇ ਫ਼ਸਲ ਖਰਾਬ ਹੋ ਸਕਦੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਅਤੇ ਵਧੇਰੇ ਜਾਣਕਾਰੀ ਲਈ ਮਾਹਿਰਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਨਰੇਸ਼ ਕੁਮਾਰ ਨੇ ਦੱਸਿਆ ਕਿ ਦੋ ਤਿੰਨ ਸਾਲ ਦੌਰਾਨ ਜਦੋਂ ਤੱਕ ਬਾਗਾਂ ਤੋਂ ਆਮਦਨ ਸ਼ੁਰੂ ਨਾ ਹੋਵੇ, ਉਦੋਂ ਤੱਕ ਬਾਗਾਂ ਵਿੱਚ ਮਟਰ ਜਾਂ ਦਾਲਾਂ ਆਦਿ ਦੀ ਕਾਸ਼ਤ ਕਰਕੇ ਵੀ ਫਾਇਦਾ ਲਿਆ ਜਾ ਸਕਦਾ ਹੈ ਅਤੇ ਇਨ੍ਹਾਂ ਫ਼ਸਲਾਂ ਨੂੰ ਪਾਣੀ ਵੀ ਘੱਟ ਲਗਦਾ ਹੈ।
No comments:
Post a Comment