- ਸ਼ਹਿਰ ਦੇ ਦਾਨੀ ਸੱਜਣ ਨੇ ਦਿੱਤੀ 22 ਹਜ਼ਾਰ ਰੁਪਏ ਦੀ ਸਹਾਇਤਾ
ਅੱਜ ਸ੍ਰੀ ਪ੍ਰੇਮ ਸ਼ਰਮਾ (ਭੀਮ ਸਵੀਟ ਸ਼ਾਪ) ਵਲੋਂ ਆਪਣੇ ਸਤਿਕਾਰਯੋਗ ਪਿਤਾ ਸ੍ਰੀ ਭੀਮ ਸੈਨ ਦੀ ਬਰਸੀ 'ਤੇ 22 ਹਜ਼ਾਰ ਰੁਪਏ ਦੀ ਸਹਾਇਤਾ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਗੁਪਤਾ ਨੂੰ ਮੁਹੱਈਆ ਕਰਵਾਈ ਗਈ। ਸ੍ਰੀ ਪ੍ਰੇਮ ਸ਼ਰਮਾ ਨੇ ਬਰਸੀ ਮਨਾਉਣ ਤੋਂ ਇਲਾਵਾ ਆਪਣੇ ਜਨਮ ਦਿਨ ਦੀ ਖੁਸ਼ੀ 'ਸਾਂਝੀ ਰਸੋਈ' ਵਿੱਚ ਸਾਂਝੀ ਕਰਨ ਲਈ 9 ਅਕਤੂਬਰ ਦਾ ਦਿਨ ਵੀ ਬੁੱਕ ਕਰਵਾਇਆ ਹੈ। ਰੈਡ ਕਰਾਸ ਵਲੋਂ ਇਸ ਮੌਕੇ ਉਕਤ ਦਾਨੀ ਪਰਿਵਾਰ ਨੂੰ ਸਨਮਾਨ ਚਿੰਨ ਵੀ ਭੇਂਟ ਕੀਤਾ ਗਿਆ। ਇਸ ਮੌਕੇ ਸ੍ਰੀ ਪ੍ਰੇਮ ਸ਼ਰਮਾ ਦੀ ਧਰਮਪਤਨੀ ਸ੍ਰੀਮਤੀ ਪੂਨਮ ਸ਼ਰਮਾ, ਬੇਟਾ ਮੋਹਿਤ ਸ਼ਰਮਾ, ਬੇਟੀਆਂ ਮਿਨਕਾਸ਼ੀ ਸ਼ਰਮਾ ਅਤੇ ਅਨੁਰਾਧਾ ਸ਼ਰਮਾ, ਜ਼ਿਲ੍ਹਾ ਰੈਡ ਕਰਾਸ ਕਾਰਜਕਾਰਨੀ ਕਮੇਟੀ ਦੇ ਮੈਂਬਰ ਸ੍ਰੀ ਰਾਜੀਵ ਬਜਾਜ, ਸ੍ਰੀਮਤੀ ਵਿਨੋਦ ਓਹਰੀ, ਸ੍ਰੀਮਤੀ ਸੀਮਾ ਬਜਾਜ ਅਤੇ ਸ੍ਰੀਮਤੀ ਜੋਗਿੰਦਰ ਕੌਰ ਵੀ ਹਾਜ਼ਰ ਸਨ।
ਉਧਰ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਵਿਪੁਲ ਉਜਵਲ ਨੇ ਹੁਣ ਤੱਕ 207 ਦਾਨੀ ਸੱਜਣਾਂ ਵਲੋਂ ਪਾਏ ਗਏ ਇਸ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ 'ਸਾਂਝੀ ਰਸੋਈ' ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਲੋਕਾਂ ਨੂੰ ਕੇਵਲ 10 ਰੁਪਏ ਵਿੱਚ ਪੌਸ਼ਟਿਕ ਖਾਣਾ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਥੇ ਜਨਮ ਦਿਨ ਜਾਂ ਵਿਸ਼ੇਸ਼ ਯਾਦ 'ਸਾਂਝੀ ਰਸੋਈ' ਵਿੱਚ ਮਨਾਈ ਜਾਂਦੀ ਹੈ, ਉਥੇ ਕਈ ਦਾਨੀ ਸਖਸ਼ੀਅਤਾਂ ਵਲੋਂ ਆਪਣੇ ਵਿਸ਼ੇਸ਼ ਦਿਨ 'ਸਾਂਝੀ ਰਸੋਈ' ਵਿੱਚ ਮਨਾਉਣ ਲਈ (ਇਕ ਦਿਨ 'ਸਾਂਝੀ ਰਸੋਈ' ਦੇ ਨਾਲ) ਬੁੱਕ ਵੀ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦਾਨੀ ਸੱਜਣਾਂ ਵਲੋਂ 'ਸਾਂਝੀ ਰਸੋਈ' ਵਿੱਚ ਵਿਸ਼ੇਸ਼ ਯਾਦ ਮਨਾਉਣ ਨਾਲ ਲੋੜਵੰਦਾਂ ਨੂੰ ਖਾਣਾ ਖੁਆ ਕੇ ਮਾਨਵਤਾ ਦੀ ਸੇਵਾ ਕਰਨ ਦਾ ਇਕ ਸੁਨਹਿਰੀ ਮੌਕਾ ਮਿਲਦਾ ਹੈ।
ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ 'ਸਾਂਝੀ ਰਸੋਈ' ਖੋਲ੍ਹਣ ਦਾ ਮੁੱਖ ਉਦੇਸ਼ ਗਰੀਬ, ਬੇਸਹਾਰਾ ਅਤੇ ਬੇਘਰੇ ਵਿਅਕਤੀਆਂ ਨੂੰ ਕੇਵਲ 10 ਰੁਪਏ ਵਿੱਚ ਖਾਣਾ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਖਾਣੇ ਦੀ ਵਿਸ਼ੇਸ਼ ਤੌਰ 'ਤੇ ਚੈਕਿੰਗ ਵੀ ਕਰਵਾਈ ਜਾ ਰਹੀ ਹੈ, ਤਾਂ ਜੋ ਲੋੜਵੰਦਾਂ ਨੂੰ ਪੌਸ਼ਟਿਕ ਖਾਣਾ ਹੀ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਦਾਨੀ ਸੱਜਣਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਤੋਂ ਵੱਧ ਸਹਿਯੋਗ ਦੇਣ। ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਕੁਮਾਰ ਗੁਪਤਾ ਨੇ ਕਿਹਾ ਕਿ ਜੇਕਰ ਕੋਈ ਦਾਨੀ ਸੱਜਣ ਯੋਗਦਾਨ ਪਾਉਣਾ ਚਾਹੁੰਦਾ ਹੈ, ਤਾਂ ਉਹ ਰੈਡ ਕਰਾਸ ਸੁਸਾਇਟੀ ਨਾਲ ਸੰਪਰਕ ਕਰ ਸਕਦਾ ਹੈ।
No comments:
Post a Comment