- ਸਰਕਾਰੀ ਸਕੂਲ ਖੜਕਾਂ 'ਚ ਸਥਾਪਿਤ 'ਬਾਲਿਕਾ ਮੰਚ' ਇਕ ਮਿਸਾਲ ਕਾਇਮ ਕਰੇਗਾ : ਡਿਪਟੀ ਕਮਿਸ਼ਨਰ
- ਕਿਹਾ, 'ਬਾਲਿਕਾ ਮੰਚ' ਦਾ ਸੰਕਲਪ ਲੜਕੀਆਂ ਦੇ ਸਰਵਪੱਖੀ ਵਿਕਾਸ ਲਈ ਇਕ ਮੀਲ ਪੱਥਰ
ਸ਼੍ਰੀ ਵਿਪੁਲ ਉਜਵਲ ਨੇ ਕਿਹਾ ਕਿ ਇਸ ਮੰਚ ਜ਼ਰੀਏ ਲੜਕੀਆਂ ਵਿੱਚੋਂ ਡਰ ਦੀ ਭਾਵਨਾ ਕੱਢੀ ਜਾਵੇਗੀ, ਤਾਂ ਜੋ ਉਹ ਬਿਨ੍ਹਾਂ ਕਿਸੇ ਡਰ ਤੋਂ ਸਿੱਖਿਆ ਹਾਸਲ ਕਰਕੇ ਉਚ ਮੁਕਾਮ ਤੱਕ ਪਹੁੰਚਣ। ਉਨ੍ਹਾਂ ਕਿਹਾ ਕਿ ਸਿੱਖਿਆ ਨਾਲ ਹੀ ਲੜਕੀਆਂ ਆਰਥਿਕ ਤਰੱਕੀ ਹਾਸਲ ਕਰ ਸਕਦੀਆਂ ਹਨ ਅਤੇ ਸਮਾਜ ਵਿੱਚ ਉਚਾ ਰੁਤਬਾ ਪ੍ਰਾਪਤ ਕਰ ਸਕਦੀਆਂ ਹਨ, ਇਸ ਲਈ ਲੜਕੀਆਂ ਨੂੰ ਪੜ੍ਹਾਈ ਦੇ ਨਾਲ-ਨਾਲ 'ਬਾਲਿਕਾ ਮੰਚ' ਵਰਗੀਆਂ ਸੰਸਥਾਵਾਂ ਵਿੱਚ ਸ਼ਾਮਲ ਹੋ ਕੇ ਆਪਣੀ ਪ੍ਰਤਿਭਾ ਨੂੰ ਉਜਾਗਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੜਕਾਂ ਸਕੂਲ ਦੇ ਇਸ 'ਬਾਲਿਕਾ ਮੰਚ' ਤੋਂ ਬਾਅਦ ਜ਼ਿਲ੍ਹੇ ਦੇ ਬਾਕੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਵੀ ਇਸ ਦੀ ਸਿਰਜਣਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮੰਚ ਵਿਚ ਵਿਦਿਆਰਥਣਾਂ ਨੂੰ ਹੀ ਸ਼ਾਮਿਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੰਚ ਨਾਲ ਸਿਹਤ, ਸਿੱਖਿਆ, ਪੁਲਿਸ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀ, ਕਰਮਚਾਰੀ ਸਿੱਧਾ ਰਾਬਤਾ ਕਾਇਮ ਕਰਨਗੇ। ਉਨ੍ਹਾਂ ਕਿਹਾ ਕਿ ਲੜਕੀਆਂ ਕੁਝ ਵੀ ਕਰ ਸਕਦੀਆਂ ਹਨ, ਇਸ ਲਈ ਉਹ ਆਪਣੇ ਅਧਿਆਪਕਾਂ ਨੂੰ ਰੋਲ ਮਾਡਲ ਬਣਾ ਕੇ ਸਖਤ ਮਿਹਨਤ ਕਰਨ। ਇਸ ਦੇ ਨਾਲ-ਨਾਲ ਉਹ ਘਰੇਲੂ ਹਿੰਸਾ ਅਤੇ ਕਿਸੇ ਵੀ ਪ੍ਰਕਾਰ ਦੀ ਛੇੜਛਾੜ ਬਾਰੇ 'ਬਾਲਿਕਾ ਮੰਚ' ਨੂੰ ਜਾਣੂ ਕਰਵਾਉਣ, ਤਾਂ ਜੋ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ ਅਤੇ ਲੜਕੀਆਂ ਨੂੰ ਸੁਰੱਖਿਅਤ ਮਾਹੌਲ ਦਿੱਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਮੰਚ ਸਥਾਪਿਤ ਹੋਣ ਨਾਲ ਜਿੱਥੇ ਲੜਕੀਆਂ ਸਹਿਜ ਮਹਿਸੂਸ ਕਰਨਗੀਆਂ, ਉਥੇ ਉਹ ਕਿਸੇ ਵੀ ਤਰ੍ਹਾਂ ਦੀ ਘਟਨਾ ਬਾਰੇ ਖੁੱਲ੍ਹ ਕੇ ਦੱਸ ਸਕਣਗੀਆਂ। ਉਨ੍ਹਾਂ ਕਿਹਾ ਕਿ ਛੇੜਛਾੜ ਵਰਗੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਸਖ਼ਤੀ ਨਾਲ ਕਦਮ ਚੁੱਕੇਗਾ, ਤਾਂ ਜੋ ਸਕੂਲਾਂ 'ਚ ਪੜ੍ਹਦੀਆਂ ਲੜਕੀਆਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝਣਾ ਨਾ ਪਵੇ। ਉਨ੍ਹਾਂ ਪੁਲਿਸ ਅਤੇ ਸਿੱਖਿਆ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਆਪਸੀ ਤਾਲਮੇਲ ਨਾਲ ਸਕੂਲਾਂ ਵਿੱਚ ਪੜ੍ਹਦੀਆਂ ਲੜਕੀਆਂ ਅੰਦਰ ਜਾਗਰੂਕਤਾ ਲਿਆਂਦੀ ਜਾਵੇ ਕਿ ਜੇਕਰ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਗਲਤ ਹਰਕਤ ਕਰਦਾ ਹੈ ਜਾਂ ਫੱਬਤੀਆਂ ਕੱਸਦਾ ਹੈ, ਤਾਂ ਉਸ ਬਾਰੇ ਬਿਨ੍ਹਾਂ ਕਿਸੇ ਡਰ ਅਤੇ ਭੈਅ ਦੇ ਦੱਸਿਆ ਜਾਵੇ।
ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ. ਕੁਲਦੀਪ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਹਰਪ੍ਰੀਤ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਸ੍ਰੀ ਮੋਹਨ ਸਿੰਘ ਲੇਹਲ, ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਸ੍ਰੀਮਤੀ ਰਣਜੀਤ ਕੌਰ, ਪ੍ਰਿੰਸੀਪਲ ਸਰਕਾਰੀ ਸਕੂਲ ਖੜਕਾਂ ਸ੍ਰੀਮਤੀ ਸਤਵੰਤ ਕੌਰ, ਸਹਾਇਕ ਫੂਡ ਤੇ ਸਿਵਲ ਸਪਲਾਈ ਅਫ਼ਸਰ ਸ੍ਰੀ ਅਮਿਤ ਕੁਮਾਰ ਭੱਟੀ ਤੋਂ ਇਲਾਵਾ ਹੋਰ ਵੀ ਸਖਸ਼ੀਅਤਾਂ ਹਾਜ਼ਰ ਸਨ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੜਕਾਂ ਦੇ 'ਬਾਲਿਕਾ ਮੰਚ' ਦੀ ਰੂਪ ਰੇਖਾ
ਬਾਹਰਵੀਂ ਕਲਾਸ ਦੀ ਵਿਦਿਆਰਥਣ ਦੀਕਸ਼ਾ ਚੇਅਰਪਰਸਨ, ਅਧਿਆਪਕ ਕੁਲਦੀਪ ਕੌਰ ਕਨਵੀਨਰ, ਸਕੂਲ ਮੈਨੇਜਮੈਂਟ ਕਮੇਟੀ ਦੀ ਮੈਂਬਰ ਜਸਬੀਰ ਕੌਰ ਤੋਂ ਇਲਾਵਾ ਬਾਕੀ ਮੈਂਬਰਾਂ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਤਾਨੀਆ, ਕੁਮਾਰੀ ਮਨੀਸ਼ਾ, ਤਾਰਾ, ਤਨੂ, ਸਾਕਸ਼ੀ ਅਤੇ ਮਨੀਸ਼ਾ ਸ਼ਾਮਲ ਹਨ। ਮੰਚ ਵਿੱਚ ਛੇਵੀਂ ਕਲਾਸ ਤੋਂ ਬਾਹਰਵੀਂ ਕਲਾਸ ਤੱਕ ਦੀਆਂ ਵਿਦਿਆਰਥਣਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਇਸ 'ਬਾਲਿਕਾ ਮੰਚ' ਦੇ ਕੁੱਲ 9 ਮੈਂਬਰ ਹਨ।
No comments:
Post a Comment