- ਹੁਣ ਤੱਕ 50 ਹਜ਼ਾਰ ਵਿਅਕਤੀਆਂ ਨੇ 'ਸਾਂਝੀ ਰਸੋਈ' 'ਚ ਖਾਧਾ ਖਾਣਾ
- ਆਪਣੇ ਮਕਸਦ ਵਿੱਚ ਸਫ਼ਲ ਹੋ ਰਹੀ ਹੈ ਹੁਸ਼ਿਆਰਪੁਰ ਦੀ 'ਸਾਂਝੀ ਰਸੋਈ' : ਡਿਪਟੀ ਕਮਿਸ਼ਨਰ
- ਹੁਣ ਤੱਕ ਕਰੀਬ 179 ਸਖਸ਼ੀਅਤਾਂ ਵਲੋਂ ਆਪਣੇ ਵਿਸ਼ੇਸ਼ ਦਿਨ ਬੁੱਕ ਕਰਵਾਏ ਗਏ
ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ 'ਸਾਂਝੀ ਰਸੋਈ' ਬਾਰੇ ਦੱਸਦਿਆਂ ਕਿਹਾ ਕਿ ਹੁਸ਼ਿਆਰਪੁਰ ਦੀ 'ਸਾਂਝੀ ਰਸੋਈ' ਆਪਣੇ ਮਕਸਦ ਵਿੱਚ ਸਫ਼ਲ ਹੋ ਰਹੀ ਹੈ, ਕਿਉਂਕਿ ਇਥੇ ਜ਼ਰੂਰਤਮੰਦ ਵਿਅਕਤੀਆਂ ਨੂੰ ਕੇਵਲ 10 ਰੁਪਏ ਵਿੱਚ ਪੌਸ਼ਟਿਕ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਕਰੀਬ 500 ਵਿਅਕਤੀਆਂ ਨੂੰ ਇਥੇ ਦੁਪਹਿਰ ਦਾ ਭੋਜਨ ਉਪਲਬੱਧ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਤਿਆਰ ਕੀਤੇ ਜਾਂਦੇ ਇਸ ਖਾਣੇ ਦੀ ਸਿਹਤ ਮਹਿਕਮੇ ਵਲੋਂ ਸਮੇਂ-ਸਮੇਂ 'ਤੇ ਜਾਂਚ ਵੀ ਕਰਵਾਈ ਜਾਂਦੀ ਹੈ।
ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੇ ਕਿਹਾ ਕਿ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਹੀ ਜ਼ਿਲ੍ਹੇ ਦਾ ਇਹ ਪ੍ਰੋਜੈਕਟ ਮੋਹਰੀ ਰੋਲ ਅਦਾ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦਾਨੀ ਸਖਸ਼ੀਅਤਾਂ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਅਤੇ ਹੋਰ ਵਿਸ਼ੇਸ਼ ਯਾਦ ਮਨ੍ਹਾ ਕੇ ਖੁਸ਼ੀ ਮਹਿਸੂਸ ਕਰ ਰਹੀਆਂ ਹਨ, ਕਿਉਂਕਿ ਉਨ੍ਹਾਂ ਨੂੰ ਆਪਣਾ ਵਿਸ਼ੇਸ਼ ਦਿਨ ਮਨਾਉਣ ਦੇ ਨਾਲ-ਨਾਲ ਮਾਨਵਤਾ ਦੀ ਸੇਵਾ ਕਰਨ ਦਾ ਵੀ ਮੌਕਾ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਰੀਬ 179 ਸਖਸ਼ੀਅਤਾਂ ਵਲੋਂ ਆਪਣੇ ਵਿਸ਼ੇਸ਼ ਦਿਨ ਬੁੱਕ ਕਰਵਾਏ ਜਾ ਚੁੱਕੇ ਹਨ।
ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ 'ਸਾਂਝੀ ਰਸੋਈ' ਸ਼ੁਰੂ ਕਰਨ ਦਾ ਇਹੀ ਮਕਸਦ ਹੈ ਕਿ ਇਸ ਦਾ ਲਾਭ ਵੱਧ ਤੋਂ ਵੱਧ ਜ਼ਰੂਰਤਮੰਦਾਂ ਨੂੰ ਮਿਲੇ ਅਤੇ ਇਸ ਲਈ ਦਾਨੀ ਸੱਜਣਾਂ ਦੇ ਸਹਿਯੋਗ ਦੀ ਵੀ ਬੇਹੱਦ ਲੋੜ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਸਮਾਜ ਸੇਵਾ ਦਾ ਕੰਮ ਉਦੋਂ ਤੱਕ ਸਿਰੇ ਨਹੀਂ ਚੜ੍ਹ ਸਕਦਾ, ਜਦੋਂ ਤੱਕ ਉਸ ਵਿੱਚ ਆਮ ਜਨਤਾ ਦੀ ਸ਼ਮੂਲੀਅਤ ਨਾ ਹੋਵੇ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਸਾਲ ਵਿੱਚ ਘੱਟੋ-ਘੱਟ ਇਕ ਵਾਰ ਅਸੀਂ ਆਪਣੀਆਂ ਖੁਸ਼ੀਆਂ ਅਤੇ ਹੋਰ ਪਰਿਵਾਰਕ ਸਮਾਗਮ 'ਸਾਂਝੀ ਰਸੋਈ' ਵਿੱਚ ਮਨਾਈਏ ਅਤੇ ਦਾਨ ਦੀ ਰਾਸ਼ੀ ਦੇਣ ਤੋਂ ਇਲਾਵਾ ਸਾਰੇ ਜ਼ਰੂਰਤਮੰਦਾਂ ਨੂੰ ਇਕ ਦਿਨ ਦਾ ਖਾਣਾ ਖੁਦ ਖੁਆਈਏ। ਉਨ੍ਹਾਂ ਦੱਸਿਆ ਕਿ ਇਸ ਕਾਰਜ ਲਈ ਆਪਣੇ ਵਿਸ਼ੇਸ਼ ਸਮਾਗਮ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਕੋਲ ਬੁੱਕ ਕਰਵਾਏ ਜਾ ਸਕਦੇ ਹਨ। ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਕੁਮਾਰ ਗੁਪਤਾ ਨੇ ਦੱਸਿਆ ਕਿ ਜੇਕਰ ਕੋਈ ਦਾਨੀ ਸੱਜਣ ਯੋਗਦਾਨ ਪਾਉਣਾ ਚਾਹੁੰਦਾ ਹੈ, ਤਾਂ ਉਹ ਰੈਡ ਕਰਾਸ ਸੁਸਾਇਟੀ ਨਾਲ ਸੰਪਰਕ ਕਰ ਸਕਦਾ ਹੈ।
No comments:
Post a Comment