- ਕਰੋੜਾਂ ਰੁਪਏ ਦਾਨ ਦੇਣ ਵਾਲੇ ਪਿਆਰੇ ਲਾਲ ਸੈਣੀ ਨੇ ਕੀਤਾ ਇਕ ਹੋਰ ਉਪਰਾਲਾ
- ਹਲਕਾ ਵਿਧਾਇਕਾਂ ਤੇ ਡਿਪਟੀ ਕਮਿਸ਼ਨਰ ਨੇ ਉਪਰਾਲੇ ਦੀ ਕੀਤੀ ਸ਼ਲਾਘਾ
ਉਦਘਾਟਨੀ ਸਮਾਰੋਹ ਦੌਰਾਨ ਹਲਕਾ ਵਿਧਾਇਕਾਂ ਸ੍ਰੀ ਸੁੰਦਰ ਸ਼ਾਮ ਅਰੋੜਾ ਅਤੇ ਡਾ. ਰਾਜ ਕੁਮਾਰ ਨੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਅਤੇ ਉਘੇ ਸਮਾਜ ਸੇਵੀ ਸ੍ਰੀ ਪਿਆਰੇ ਲਾਲ ਸੈਣੀ ਵਲੋਂ ਸਮਾਜ ਸੇਵਾ ਲਈ ਕੀਤੇ ਜਾਂਦੇ ਯਤਨਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਉਦਮ ਸਦਕਾ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਹੀ ਹੁਸ਼ਿਆਰਪੁਰ ਦੀ ਰੈਡ ਕਰਾਸ ਸੁਸਾਇਟੀ ਮੋਹਰੀ ਰੋਲ ਅਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਥੇ ਰੈਡ ਕਰਾਸ ਸੁਸਾਇਟੀ ਵਲੋਂ ਕੇਵਲ 10 ਰੁਪਏ ਵਿੱਚ 'ਸਾਂਝੀ ਰਸੋਈ' ਵਿਖੇ ਜ਼ਰੂਰਤਮੰਦਾਂ ਨੂੰ ਖਾਣਾ ਖੁਆ ਕੇ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ, ਉਥੇ ਉਘੇ ਸਮਾਜ ਸੇਵੀ ਸ੍ਰੀ ਪਿਆਰੇ ਲਾਲ ਸੈਣੀ ਨੇ ਸਿਵਲ ਹਸਪਤਾਲ ਵਿਖੇ ਚੱਲ ਰਹੇ ਫਿਜਿਓਥਰੈਪੀ ਸੈਂਟਰ ਦੀ ਰੈਨੋਵੇਸ਼ਨ ਅਤੇ ਸਿਹਤ ਸੰਭਾਲ ਸਬੰਧੀ ਤਕਨੀਕੀ ਯੰਤਰ ਦੇ ਕੇ ਸ਼ਹਿਰ ਵਾਸੀਆਂ ਦੀ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸ੍ਰੀ ਪਿਆਰੇ ਲਾਲ ਸੈਣੀ ਵਲੋਂ ਦਾਨ ਕੀਤੇ ਗਏ ਕਰੋੜਾਂ ਰੁਪਏ ਦੀ ਰਾਸ਼ੀ ਸਦਕਾ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਹੋਣਹਾਰ ਵਿਦਿਆਰਥੀਆਂ ਲਈ ਵਜੀਫ਼ਾ ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਤੋਂ ਇਲਾਵਾ ਲੋੜਵੰਦਾਂ ਦੀ ਸਮੇਂ-ਸਮੇਂ 'ਤੇ ਸਹਾਇਤਾ ਵੀ ਕੀਤੀ ਜਾ ਰਹੀ ਹੈ।
ਇਸ ਦੌਰਾਨ ਭਾਰਤੀ ਰੈਡ ਕਰਾਸ ਸੁਸਾਇਟੀ ਦੇ ਉਪ ਚੇਅਰਮੈਨ ਸ੍ਰੀ ਅਵਿਨਾਸ਼ ਰਾਏ ਖੰਨਾ ਨੇ ਵੀ ਸ੍ਰੀ ਪਿਆਰੇ ਲਾਲ ਸੈਣੀ ਅਤੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਦੀ ਪ੍ਰਸ਼ੰਸਾ ਕਰਦਿਆਂ ਭਵਿੱਖ ਵਿੱਚ ਵੀ ਜ਼ਰੂਰਤਮੰਦਾਂ ਦੀ ਸਹਾਇਤਾ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇੰਡੀਅਨ ਰੈਡ ਕਰਾਸ ਸੁਸਾਇਟੀ ਦੇਸ਼ ਵਿੱਚ ਜ਼ਰੂਰਤਮੰਦਾਂ ਦੀ ਮਦਦ ਲਈ ਹਮੇਸ਼ਾ ਤੱਤਪਰ ਹੈ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਅਨੇਕਾਂ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ।
ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਚੇਅਰਮੈਨ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਸਮਾਜ ਸੇਵਕਾਂ ਦੇ ਸਹਿਯੋਗ ਕਾਰਨ ਹੀ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਆਪਣੇ ਮਕਸਦ ਵਿੱਚ ਸਫ਼ਲ ਹੋ ਸਕੀ ਹੈ। ਉਨ੍ਹਾਂ ਕਿਹਾ ਕਿ ਦਾਨੀ ਸੱਜਣਾਂ ਅਤੇ ਸਮਾਜ ਸੇਵੀਆਂ ਦੀ ਸਹਾਇਤਾ ਨਾਲ ਭਵਿੱਖ ਵਿੱਚ ਵੀ ਸਮਾਜ ਸੇਵਾ ਦੇ ਕੰਮਾਂ ਲਈ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਅੱਗੇ ਵੱਧੇਗੀ ਅਤੇ ਨਵੇਂ ਪ੍ਰੋਜੈਕਟਾਂ ਰਾਹੀਂ ਲੋਕਾਂ ਦੀ ਸੇਵਾ ਵਿੱਚ ਅਹਿਮ ਭੂਮਿਕਾ ਨਿਭਾਵੇਗੀ। ਉਨ੍ਹਾਂ ਸ੍ਰੀ ਪਿਆਰੇ ਲਾਲ ਸੈਣੀ ਵਲੋਂ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਹੀ ਉਨ੍ਹਾਂ ਨੇ ਆਪਣੀ ਰਿਹਾਇਸ਼ 'ਤੇ ਹੋਮਿਓਪੈਥਿਕ ਡਿਸਪੈਂਸਰੀ ਖੋਲ੍ਹੀ ਗਈ ਹੈ, ਜੋ ਇਲਾਕਾ ਵਾਸੀਆਂ ਨੂੰ ਮੁਫ਼ਤ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀ ਰੈਡ ਕਰਾਸ ਸੁਸਾਇਟੀ ਵਲੋਂ ਲੋੜਵੰਦਾਂ ਦੀ ਮਦਦ ਅਤੇ ਹੋਰ ਸਮਾਜ ਭਲਾਈ ਸਕੀਮਾਂ ਲਾਗੂ ਕਰਨ ਲਈ ਜੀਅ ਤੋੜ ਯਤਨ ਕੀਤੇ ਜਾਣਗੇ। ਇਸ ਮੌਕੇ 'ਤੇ ਸਿਵਲ ਸਰਜਨ ਡਾ. ਰੇਨੂ ਸੂਦ, ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਸ੍ਰੀ ਨਰੇਸ਼ ਕੁਮਾਰ ਗੁਪਤਾ ਅਤੇ ਰੈਡ ਕਰਾਸ ਸੁਸਾਇਟੀ ਦੇ ਸਮੂਹ ਮੈਂਬਰ ਵੀ ਮੌਜੂਦ ਸਨ।
No comments:
Post a Comment