ਪੁਲਿਸ ਗਰਾਂਊਡ ਹੁਸ਼ਿਆਰਪੁਰ ਵਿਖੇ ਹੋਇਆ ਸ਼ਹੀਦੀ ਯਾਦਗਾਰ ਦਿਵਸ ਸਮਾਗਮ
ਹੁਸ਼ਿਆਰਪੁਰ, 21 ਅਕਤੂਬਰ: ਪੰਜਾਬ ਪੁਲੀਸ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਅੱਜ ਪੁਲਿਸ ਲਾਇਨ ਹੁਸ਼ਿਆਰਪੁਰ ਵਿਖੇ ਐਸ.ਐਸ.ਪੀ. ਸ੍ਰੀ ਜੇ. ਇਲੈਨਚੇਜ਼ੀਅਨ ਦੀ ਅਗਵਾਈ ਵਿੱਚ ਦੇਸ਼ ਦੇ ਸ਼ਹੀਦ ਪੁਲੀਸ ਜੁਆਨਾਂ ਅਤੇ ਅਰਧ ਸੈਨਿਕ ਬਲਾਂ ਨੂੰ ਯਾਦ ਕਰਕੇ ਸ਼ਰਧਾ ਸੁਮਨ ਅਰਪਿਤ ਕੀਤੇ ਗਏ। ਇਸ ਮੌਕੇ ਡੀ.ਐਸ.ਪੀ. (ਸਿਟੀ) ਸ੍ਰੀ ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਪੁਲੀਸ ਜੁਆਨਾਂ ਵੱਲੋਂ ਹਥਿਆਰ ਉਲਟੇ ਕਰਕੇ ਸ਼ੋਕ ਸਲਾਮੀ ਦਿੱਤੀ ਗਈ ਅਤੇ ਸਾਰੇ ਅਧਿਕਾਰੀਆਂ ਅਤੇ ਮਹਿਮਾਨਾਂ ਵੱਲੋਂ ਦੋ ਮਿੰਟ ਦਾ ਮੌਨ ਧਾਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਸ਼ਹੀਦੀ ਦਿਵਸ ਮੌਕੇ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਮੈਡਮ ਪ੍ਰਿਆ ਸੂਦ, ਸ੍ਰੀ ਪੀ.ਐਸ. ਰਾਏ, ਸ੍ਰੀ ਕੇ. ਐਸ. ਚੀਮਾ, ਸ੍ਰੀ ਆਰ.ਕੇ. ਖੁੱਲਰ ਸਮੇਤ ਨਿਆਇਕ, ਸਿਵਲ ਅਤੇ ਜਿਲ੍ਹਾ ਪੁਲਿਸ ਦੇ ਅਧਿਕਾਰੀਆਂ ਤੋਂ ਇਲਾਵਾ ਜ਼ਿਲ੍ਹੇ ਦੇ ਸੇਵਾ ਮੁਕਤ ਪੁਲੀਸ ਅਫ਼ਸਰ ਤੇ ਜ਼ਿਲ੍ਹੇ ਦੇ ਸ਼ਹੀਦ ਪੁਲੀਸ ਕਰਮਚਾਰੀਆਂ ਦੇ ਪਰਿਵਾਰਾਂ ਨੇ ਭਾਗ ਲਿਆ।
ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਜੇ. ਇਲੈਨਚੇਜ਼ੀਅਨ ਨੇ ਪੁਲੀਸ ਸ਼ਹੀਦੀ ਦਿਵਸ ਪਰੇਡ (ਪੁਲੀਸ ਕੋਮੈਮੋਰੇਸ਼ਨ ਡੇ ਪਰੇਡ) ਦੀ ਇਤਹਾਸਕ ਮਹੱਤਤਾ ਬਾਰੇ ਦੱਸਦਿਆਂ ਆਖਿਆ ਕਿ 21 ਅਕਤੂਬਰ 1959 ਨੂੰ ਹਾਟ ਸਪਰਿੰਗ (ਲੱਦਾਖ) ਵਿਖੇ ਚੀਨੀ ਫ਼ੌਜੀਆਂ ਵੱਲੋਂ ਘਾਤ ਲਾ ਕੇ ਕੀਤੇ ਹਮਲੇ ਵਿੱਚ ਸੀ.ਆਰ.ਪੀ.ਐਫ਼. ਦੇ 10 ਜੁਆਨਾਂ ਦੇ ਸ਼ਹੀਦ ਹੋਣ ਦੀ ਯਾਦ ਵਿੱਚ ਇਹ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹਰ ਸਾਲ ਦੇਸ਼ ਦੀ ਅੰਦਰੂਨੀ ਏਕਤਾ ਤੇ ਅਖੰਡਤਾ ਦੀ ਰਾਖੀ ਕਰਦਿਆਂ ਸ਼ਹਾਦਤ ਦਾ ਜਾਮ ਪੀਣ ਵਾਲੇ ਦੇਸ਼ ਦੇ ਸਮੂਹ ਪੁਲੀਸ ਅਤੇ ਅਰਧ ਸੈਨਿਕ ਬਲ ਜੁਆਨਾਂ ਦੀ ਕੁਰਬਾਨੀ ਨੂੰ ਸਿਜਦਾ ਕਰਨ ਲਈ ਵੀ ਇਸ ਸ਼ਹੀਦੀ ਦਿਵਸ 'ਤੇ ਸ਼ਹੀਦਾਂ ਨੂੰ ਸ਼ਰਧਾਂਜ਼ਲੀਆਂ ਭੇਟ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਨੇ ਦੇਸ਼ ਦੇ ਹਿੰਸਾਗ੍ਰਸਤ ਇਲਾਕਿਆਂ ਵਿੱਚ ਅਤੇ ਅਤਿਵਾਦ ਵਿਰੋਧੀ ਲੜਾਈ ਦੌਰਾਨ ਆਪਣੀਆਂ ਜਾਨਾਂ ਦੀ ਕੁਰਬਾਨੀ ਦੇ ਕੇ ਅਮਨ ਅਤੇ ਕਾਨੂੰਨ ਬਹਾਲ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ 1 ਸਤੰਬਰ 2016 ਤੋਂ 31 ਅਗਸਤ 2017 ਤੱਕ ਭਾਰਤ ਵਿੱਚ ਕੁੱਲ 383 ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਦੇ ਅਧਿਕਾਰੀ/ਕਰਮਚਾਰੀ ਆਪਣੀ ਡਿਊਟੀ ਦੌਰਾਨ ਸ਼ਹੀਦ ਹੋਏ ਹਨ।
ਐਸ.ਐਸ.ਪੀ. ਨੇ ਕਿਹਾ ਕਿ ਪੂਰੇ ਭਾਰਤ ਵਿੱਚ ਡਿਊਟੀ ਦੌਰਾਨ ਸੈਂਕੜੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਅਤਿਵਾਦ ਖ਼ਿਲਾਫ਼ ਲੜਾਈ ਵਿੱਚ ਬਲੀਦਾਨ ਦਿੱਤਾ ਤੇ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਰਾਜ ਵਿੱਚ ਮੁੜ ਅਮਨ ਅਤੇ ਕਾਨੂੰਨ ਦੀ ਬਹਾਲੀ ਲਿਆਉਣ ਵਿੱਚ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਦੇ ਗੌਰਵ ਨੂੰ ਵਧਾਉਣ ਅਤੇ ਪੁਲੀਸ ਫ਼ੋਰਸ ਵੱਲੋਂ ਉਨ੍ਹਾਂ ਦੇ ਹਰ ਦੁੱਖ-ਸੁੱਖ ਵਿੱਚ ਡੱਟ ਕੇ ਖੜ੍ਹਨ ਦੇ ਪ੍ਰਣ ਨੂੰ ਦੁਹਰਾਉਣ ਲਈ ਵੀ ਮਨਾਇਆ ਜਾਂਦਾ ਹੈ। ਬਾਅਦ ਵਿੱਚ ਐਸ.ਐਸ.ਪੀ. ਨੇ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਦਰਬਾਰ ਵੀ ਲਾਇਆ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰਨ ਲਈ ਪੁਲੀਸ ਅਧਿਕਾਰੀਆਂ ਨੂੰ ਹਦਾਇਤਾਂ ਵੀ ਦਿੱਤੀਆਂ।
ਇਸ ਮੌਕੇ 1 ਸਤੰਬਰ 2016 ਤੋਂ 31 ਅਗਸਤ 2017 ਤੱਕ ਸ਼ਹੀਦ ਹੋਏ ਪੁਲਿਸ ਅਤੇ ਪੈਰਾ ਲਿਮਟਰੀ ਫੋਰਸ ਦੇ ਜਵਾਨਾਂ ਦੇ ਨਾਂ ਐਸ.ਪੀ. (ਹੈਡਕੁਆਟਰ) ਸ੍ਰੀ ਬਲਬੀਰ ਸਿੰਘ ਵਲੋਂ ਪੜ੍ਹੇ ਗਏ। ਇਸ ਦੌਰਾਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਆ ਵੀ ਗਿਆ। ਇਸ ਮੌਕੇ ਸੁਪਰਡੰਟ ਜੇਲ੍ਹ ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਡੀ.ਐਸ.ਪੀ. (ਸੀ.ਆਈ.ਡੀ.) ਸ੍ਰੀ ਰਾਮ ਜੀ ਦਾਸ, ਮੈਡੀਕਲ ਅਫ਼ਸਰ ਪੁਲਿਸ ਲਾਇਨਜ਼ ਡਾ. ਲਖਵੀਰ ਸਿੰਘ, ਸਾਬਕਾ ਡੀ.ਐਸ.ਪੀ. ਚੇਅਰਮੈਨ ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਸ੍ਰੀ ਅਵਤਾਰ ਸਿੰਘ, ਜੱਜ ਸਾਹਿਬਾਨ, ਹੋਰ ਵਿਭਾਗਾਂ ਦੇ ਅਧਿਕਾਰੀ ਅਤੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰ ਹਾਜ਼ਰ ਸਨ।
No comments:
Post a Comment