- ਦੁਸਹਿਰਾ ਗਰਾਉਂਡ ਹਰਿਆਣਾ ਵਿਖੇ 17 ਅਤੇ 18 ਅਕਤੂਬਰ ਨੂੰ ਹੋਵੇਗਾ ਜ਼ਿਲ੍ਹਾ ਪੱਧਰੀ ਪਸ਼ੂ ਮੇਲਾ
- ਜ਼ਿਲ੍ਹੇ ਦੇ ਸਮੂਹ ਪਸ਼ੂ ਪਾਲਕਾਂ ਨੂੰ ਮੇਲੇ ਵਿੱਚ ਸ਼ਿਰਕਤ ਕਰਨ ਦੀ ਕੀਤੀ ਅਪੀਲ
ਬੈਠਕ ਨੂੰ ਸੰਬੋਧਨ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ ਸਿੰਘ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਪਸ਼ੂ ਮੇਲੇ ਦੌਰਾਨ ਵਧੀਆ ਨਸਲ ਦੇ ਘੋੜੇ, ਮੱਝਾਂ, ਗਾਵਾਂ, ਬੱਕਰੀਆਂ, ਭੇਡਾਂ ਅਤੇ ਸੂਰਾ ਦੇ ਨਸਲੀ ਮੁਕਾਬਲੇ ਵੀ ਕਰਵਾਏ ਜਾਣਗੇ। ਮੁਕਾਬਲਿਆਂ ਦੌਰਾਨ ਜਿੱਤਣ ਵਾਲੇ ਪਸ਼ੂਆਂ ਦੇ ਮਾਲਕਾਂ ਨੂੰ ਵੱਖ-ਵੱਖ ਕੈਟਾਗਰੀਆਂ ਵਿੱਚ ਕੁੱਲ 7 ਲੱਖ ਰੁਪਏ ਦੇ ਇਨਾਮ ਦਿੱਤੇ ਜਾਣਗੇ। ਇਸ ਤੋਂ ਇਲਾਵਾ ਪਸ਼ੂ ਪਾਲਕਾਂ ਲਈ ਪਸ਼ੂ ਪਾਲਣ ਦੀਆਂ ਨਵੀਨਤਮ ਤਕਨੀਕਾਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਪ੍ਰਦਰਸ਼ਨੀਆਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਮੁਕਾਬਲਿਆਂ ਦੌਰਾਨ ਘੋੜੀਆਂ ਦੇ ਨਾਚ ਅਤੇ ਸਜਾਵਟ ਦੇ ਮੁਕਾਬਲੇ ਵੀ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹਿਣਗੇ।
ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ ਨੇ ਕਿਹਾ ਕਿ ਮੇਲੇ ਵਾਲੇ ਸਥਾਨ 'ਤੇ ਪਾਣੀ ਛਿੜਕਣ ਲਈ ਸਪਰਿੰਕਲਰ, ਪਸ਼ੂਆਂ ਅਤੇ ਪਸ਼ੂ ਪਾਲਕਾਂ ਲਈ ਪੀਣ ਵਾਲੇ ਸਾਫ਼ ਪਾਣੀ ਦੇ ਟੈਂਕਰ, ਕੂੜਾ-ਕਰਕਟ ਦੀ ਡਿਸਪੋਜ਼ਲ ਲਈ ਡੰਪਰ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਵੱਖਰੇ ਤੌਰ 'ਤੇ ਮੈਡੀਕਲ ਟੀਮ ਤਾਇਨਾਤ ਕਰਨ ਸਬੰਧੀ ਦਿਸ਼ਾ-ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਡੇਅਰੀ ਵਿਕਾਸ ਵਿਭਾਗ ਨਾਲ ਸਬੰਧਤ ਅਧਿਕਾਰੀਆਂ ਨੂੰ ਪਸ਼ੂ ਪਾਲਕਾਂ ਲਈ ਡੇਅਰੀ ਵਿਕਾਸ ਦੀਆਂ ਸਕੀਮਾਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਵੀ ਕਿਹਾ। ਉਨ੍ਹਾਂ ਨੇ ਜ਼ਿਲ੍ਹੇ ਦੇ ਸਮੂਹ ਪਸ਼ੂ ਪਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੇਲੇ ਵਿੱਚ ਵੱਧ ਤੋਂ ਵੱਧ ਭਾਗ ਲੈਣ ਅਤੇ ਪਸ਼ੂ ਪਾਲਣ ਸਬੰਧੀ ਨਵੀਆਂ ਤਕਨੀਕਾਂ ਦੀ ਜਾਣਕਾਰੀ ਵੀ ਹਾਸਲ ਕਰਨ।
ਇਸ ਮੌਕੇ 'ਤੇ ਡਿਪਟੀ ਡਾਇਰੈਕਟਰ ਡਾ. ਹਰਮੇਸ਼ ਕੁਮਾਰ, ਵੈਟਰਨਰੀ ਅਫ਼ਸਰ ਡਾ. ਮਨਮੋਹਨ ਸਿੰਘ ਦਰਦੀ, ਸੀਨੀਅਰ ਵੈਟਰਨਰੀ ਅਫ਼ਸਰ ਗੜ੍ਹਸ਼ੰਕਰ ਸ੍ਰੀ ਹਰਜੀਪ ਸਿੰਘ, ਡਾ. ਅਵਤਾਰ ਸਿੰਘ ਬਾਗਪੁਰ ਸਤੌਰ, ਡਾ. ਰਾਜੀਵ ਬਾਲੀ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।
No comments:
Post a Comment