'ਸਾਂਝੀ ਰਸੋਈ' ਨੂੰ 10 ਹਜ਼ਾਰ ਰੁਪਏ ਦੀ ਸਹਾਇਤਾ ਮੁਹੱਈਆ ਕਰਵਾਈ


ਹੁਸ਼ਿਆਰਪੁਰ, 31 ਅਕਤੂਬਰ: ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਵਿਪੁਲ ਉਜਵਲ ਦੀ ਅਗਵਾਈ ਹੇਠ ਚੱਲ ਰਹੀ  'ਸਾਂਝੀ ਰਸੋਈ' ਨੂੰ ਵੱਖ-ਵੱਖ ਸਵੈ ਸੇਵੀ ਸੰਸਥਾਵਾਂ ਤੋਂ ਇਲਾਵਾ ਆਮ ਜਨਤਾ ਵਲੋਂ ਵੀ ਸਹਿਯੋਗ ਮਿਲ ਰਿਹਾ ਹੈ।


ਇਸ ਸਬੰਧੀ ਜਾਣਕਾਰੀ ਦਿੰਦਿਆ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਗੁਪਤਾ ਨੇ ਦੱਸਿਆ ਕਿ ਸ੍ਰੀ ਸੂਰਤ ਚੰਦ ਪਟਵਾਰੀ (ਰਿਟਾ:) ਵਲੋਂ ਆਪਣੀ ਸੱਸ ਸਵਰਗਵਾਸੀ ਸ੍ਰੀਮਤੀ ਕ੍ਰਿਸ਼ਨਾ ਦੇਵੀ ਦੀ ਚੌਬਰਸੀ ਮੌਕੇ 10 ਹਜ਼ਾਰ ਰੁਪਏ 'ਸਾਂਝੀ ਰਸੋਈ' ਨੂੰ ਸਹਾਇਤਾ ਵਜੋਂ ਮੁਹੱਈਆ ਕਰਵਾਏ ਹਨ। ਉਨ੍ਹਾਂ ਦੱਸਿਆ ਕਿ 30 ਅਕਤੂਬਰ ਨੂੰ 'ਸਾਂਝੀ ਰਸੋਈ' ਵਿਖੇ ਲੱਗਭਗ 374 ਜਰੂਰਤਮੰਦ ਲੋਕਾਂ ਨੇ ਵਿਸ਼ੇਸ਼ ਕਿਸਮ ਦੇ ਪਕਵਾਨਾ ਦਾ ਆਨੰਦ ਮਾਣਿਆ।  ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਵਿਖੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਾਨੀ ਸੱਜਣਾਂ/ਸਮਾਜ ਸੇਵਕਾਂ ਵਲੋਂ ਆਪਣੇ ਬੱਚਿਆਂ/ਪਰਿਵਾਰਕ ਮੈਂਬਰਾਂ ਦੇ ਜਨਮ ਦਿਨ, ਵਿਆਹ ਸ਼ਾਦੀ ਦੀ ਵਰ੍ਹੇਗੰਢ ਅਤੇ ਹੋਰ ਖੁਸ਼ੀਆ/ਯਾਦਾਂ ਆਦਿ ਨਾਲ ਸਬੰਧਤ ਦਿਨ ਮਨਾ ਕੇ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰੀ/ਕਸਬਿਆਂ/ਪੇਂਡੂ ਇਲਾਕਿਆਂ ਦੇ ਦਾਨੀ ਸੱਜਣਾਂ ਅਤੇ ਸਮਾਜ ਸੇਵਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਦਾਨੀ ਸੱਜਣ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੁਆਰਾ ਚਲਾਈ ਜਾ ਰਹੀ 'ਸਾਂਝੀ ਰਸੋਈ' ਨੂੰ ਸਫਲਤਾਪੂਰਵਕ ਚਾਲੂ ਰੱਖਣ ਲਈ ਵੱਡਮੁੱਲਾ ਯੋਗਦਾਨ ਦਿੰਦੇ ਰਹਿਣ।

ਨਗਰ ਨਿਗਮ ਵਲੋਂ ਡੇਂਗੂ ਦੀ ਰੋਕਥਾਮ ਲਈ ਕਰਵਾਈ ਜਾ ਰਹੀ ਹੈ ਫੌਗਿੰਗ


  • ਫੌਗਿੰਗ ਕਰਨ ਦੌਰਾਨ ਕਿਸੇ ਤਰ੍ਹਾਂ ਦੀ ਢਿੱਲ ਨਾ ਵਰਤੀ ਜਾਵੇ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 31 ਅਕਤੂਬਰ:  ਕਮਿਸ਼ਨਰ ਨਗਰ ਨਿਗਮ ਸ੍ਰੀ ਹਰਬੀਰ ਸਿੰਘ ਦੀ ਅਗਵਾਈ ਵਿੱਚ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਡੇਂਗੂ ਦੀ ਰੋਕਥਾਮ ਲਈ ਲਗਾਤਾਰ ਫੌਗਿੰਗ ਕਰਵਾਉਣੀ ਯਕੀਨੀ ਬਣਾਈ ਗਈ ਹੈ ਅਤੇ ਅੱਜ ਸ਼ਹਿਰ ਦੇ ਵਾਰਡ ਨੰ: 6, 19 ਅਤੇ 26 ਵਿੱਚ ਫੌਗਿੰਗ ਕਰਵਾਈ ਗਈ। ਪਿਛਲੇ ਦਿਨੀਂ ਇਹ ਫੌਗਿੰਗ ਫਾਰਡ ਨੰ: 41, 44, ਲਕਛਮੀ ਇਨਕਲੇਵ ਅਤੇ ਇਨਡੋਰ ਸਟੇਡੀਅਮ ਦੇ ਆਲੇ-ਦੁਆਲੇ ਕਰਵਾਈ ਗਈ ਸੀ। ਇਹ ਫੌਗਿੰਗ ਸਪਰੇਅ ਡੇਂਗੂ ਦੀ ਬੀਮਾਰੀ ਦੇ ਕਾਰਕ ਬਣਦੇ ਮੱਛਰਾਂ ਦੇ ਖਾਤਮੇ ਲਈ ਕਰਵਾਈ ਜਾ ਰਹੀ ਹੈ।
ਫੌਗਿੰਗ ਕਰਨ ਦੌਰਾਨ ਜਿਥੇ ਸਬੰਧਤ ਕੌਂਸਲਰ ਹਾਜ਼ਰ ਸਨ, ਉਥੇ ਵਿਸ਼ੇਸ਼ ਤੌਰ 'ਤੇ ਤਾਇਨਾਤ ਕੀਤੇ ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ਸ੍ਰੀ ਜਨਕ ਰਾਜ ਵੀ ਹਾਜ਼ਰ ਸਨ।

ਇਸ ਸਬੰਧੀ ਪਿਛਲੇ ਦਿਨੀਂ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਵਲੋਂ ਮਿਉਂਸਪਲ ਕਾਰਪੋਰੇਸ਼ਨ, ਸਿਹਤ ਵਿਭਾਗ, ਜਨ ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਹਦਾਇਤ ਕੀਤੀ ਗਈ ਸੀ ਕਿ ਡੇਂਗੂ ਦੀ ਰੋਕਥਾਮ ਲਈ ਫੌਗਿੰਗ ਲਗਾਤਾਰ ਕਰਵਾਈ ਜਾਵੇ। ਇਸ ਤੋਂ ਇਲਾਵਾ ਸ਼ੱਕੀ ਮਰੀਜਾਂ ਦੇ ਇਲਾਜ ਅਤੇ ਪਾਣੀ ਇਕੱਠਾ ਨਾ ਹੋਣ ਸਬੰਧੀ ਜਾਗਰੂਕਤਾ ਫੈਲਾਉਣ ਦੀ ਹਦਾਇਤ ਵੀ ਕੀਤੀ ਗਈ ਸੀ। ਉਧਰ ਇਸ ਸਬੰਧੀ ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਸਾਵਧਾਨੀਆਂ ਵਰਤ ਕੇ ਡੇਂਗੂ ਵਰਗੀ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਨ੍ਹਾਂ ਸਾਰੇ ਹਾਲਾਤਾਂ 'ਤੇ ਕਾਬੂ ਪਾਇਆ ਜਾਵੇ, ਜਿਸ ਨਾਲ ਡੇਂਗੂ ਦੇ ਮੱਛਰ ਦਾ ਲਾਰਵਾ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਤੋਂ ਬਚਣ ਲਈ ਕੇਵਲ 15 ਦਿਨ ਹੋਰ ਸਾਵਧਾਨੀਆਂ ਵਰਤਣ ਦੀ ਲੋੜ ਹੈ, ਕਿਉਂਕਿ ਸੀਜ਼ਨ ਦੀ ਸਮਾਪਤੀ ਹੋਣ ਵਾਲੀ ਹੈ। ਉਨ੍ਹਾਂ ਕਿਹਾ ਕਿ ਤੇਜ਼ ਸਿਰਦਰਦ ਅਤੇ ਬਦਨ ਦਰਦ ਦੇ ਨਾਲ ਜੋੜਾਂ ਵਿੱਚ ਦਰਦ ਆਦਿ ਲੱਛਣਾਂ ਦੀ ਸ਼ਿਕਾਇਤ ਹੋਵੇ ਤਾਂ ਬਿਨ੍ਹਾਂ ਦੇਰੀ ਕੀਤਿਆਂ ਤੁਰੰਤ ਨੇੜੇ ਦੇ ਸਿਹਤ ਕੇਂਦਰ ਵਿੱਚ ਜਾਂਚ ਕਰਵਾਉਣੀ ਚਾਹੀਦੀ ਹੈ।
           ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਘਰਾਂ ਦੀਆਂ ਛੱਤਾਂ 'ਤੇ ਪਏ ਟੁੱਟੇ ਬਰਤਨਾਂ, ਡਰੱਮਾਂ, ਪੰਛੀਆਂ ਦੇ ਪੀਣ ਲਈ ਰੱਖੇ ਗਏ ਪਾਣੀ ਦੇ ਬਰਤਨਾਂ, ਘਰਾਂ ਦੇ ਅੰਦਰ ਪਏ ਗਮਲਿਆਂ ਅਤੇ ਆਪਣੇ ਆਸ-ਪਾਸ ਬਰਸਾਤੀ ਜਾਂ ਸਧਾਰਨ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ। ਇਸ ਤੋਂ ਇਲਾਵਾ ਫਰਿੱਜਾਂ ਦੀਆਂ ਟਰੇਆਂ ਅਤੇ ਕੂਲਰਾਂ ਦੀ ਨਿਯਮਤ ਸਫ਼ਾਈ ਕਰਕੇ ਹਫ਼ਤੇ ਵਿੱਚ ਇਕ ਵਾਰ ਸੁਕਾਉਣਾ ਬਹੁਤ ਜ਼ਰੂਰੀ ਹੈ। ਸਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖਣ ਵਾਲੇ ਕੱਪੜੇ ਪਹਿਨੇ ਜਾਣ, ਸੌਣ ਵੇਲੇ ਮੱਛਰਦਾਨੀਆਂ ਅਤੇ ਮੱਛਰ ਭਜਾਊ ਕਰੀਮਾਂ ਦੀ ਵਰਤੋਂ ਕੀਤੀ ਜਾਵੇ।

ਰਾਸ਼ਟਰੀ ਏਕਤਾ ਅਤੇ ਅਮਨ-ਸ਼ਾਂਤੀ ਬਰਕਰਾਰ ਰੱਖਣ ਲਈ ਹਰੇਕ ਨਾਗਰਿਕ ਨੂੰ ਅੱਗੇ ਆਉਣ ਦਾ ਸੱਦਾ


  • ਭੇਦਭਾਵ ਨੂੰ ਛੱਡ ਕੇ ਭਾਰਤੀ ਹੋਣ ਦਾ ਫਰਜ਼ ਪਹਿਲ ਦੇ ਆਧਾਰ 'ਤੇ ਨਿਭਾਉਣਾ ਚਾਹੀਦਾ : ਡਿਪਟੀ ਕਮਿਸ਼ਨਰ

  • ਰਾਸ਼ਟਰੀ ਏਕਤਾ ਦਿਵਸ 'ਤੇ ਹਾਫ਼ ਮੈਰਾਥਨ ਦੌੜ ਤੋਂ ਇਲਾਵਾ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਬਣਾਏ ਰੱਖਣ ਲਈ ਚੁਕਾਈ ਸਹੁੰ

ਹੁਸ਼ਿਆਰਪੁਰ, 31 ਅਕਤੂਬਰ:  ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਰਾਸ਼ਟਰੀ ਏਕਤਾ ਅਤੇ ਅਮਨ-ਸ਼ਾਂਤੀ ਬਰਕਰਾਰ ਰੱਖਣ ਲਈ ਦੇਸ਼ ਦੇ ਹਰੇਕ ਨਾਗਰਿਕ ਨੂੰ ਅੱਗੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਆਪਸੀ ਭੇਦਭਾਵ ਨੂੰ ਛੱਡ ਕੇ ਭਾਰਤੀ ਹੋਣ ਦਾ ਫਰਜ਼ ਪਹਿਲ ਦੇ ਆਧਾਰ 'ਤੇ ਨਿਭਾਉਣਾ ਚਾਹੀਦਾ ਹੈ। ਉਹ ਅੱਜ ਕੌਮੀ ਏਕਤਾ ਦਿਵਸ ਦੇ ਮੌਕੇ 'ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ਦੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਹੁੰ ਚੁਕਾ ਰਹੇ ਸਨ।

           ਆਪਣੇ ਸੰਬੋਧਨ ਵਿੱਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੇਸ਼ ਦੀ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਵਾਲੇ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਰਹਿਣਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਰਦਾਰ ਵਲੱਭ ਭਾਈ ਪਟੇਲ ਦਾ ਜਨਮ  31 ਅਕਤੂਬਰ 1875 ਨੂੰ ਨਡਿਆਦ (ਗੁਜਰਾਤ) ਵਿਖੇ ਹੋਇਆ ਸੀ ਅਤੇ ਭਾਰਤ ਦੇ ਸੁਤੰਤਰਤਾ ਸੰਗਰਾਮ ਵਿੱਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਸਰਦਾਰ ਵਲੱਭ ਭਾਈ ਪਟੇਲ ਦੇ ਆਦਰਸ਼ਾਂ 'ਤੇ ਚੱਲਦੇ ਹੋਏ ਦੇਸ਼ ਦੀ ਏਕਤਾ, ਅਖੰਡਤਾ ਅਤੇ ਦੇਸ਼ ਦੀ

ਅੰਦਰੂਨੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।


           ਸ੍ਰੀ ਵਿਪੁਲ ਉਜਵਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਬਣਾਏ ਰੱਖਣ ਲਈ ਸਮਰਪਣ ਦੀ ਭਾਵਨਾ ਨਾਲ ਕੰਮ ਕਰਨ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਅਸੀਂ ਸਰਦਾਰ ਵਲੱਭ ਭਾਈ ਪਟੇਲ ਦੀ ਸੋਚ ਅਤੇ ਦੂਰਦ੍ਰਿਸ਼ਟੀ ਨੂੰ ਅਪਨਾਈਏ। ਇਸ ਮੌਕੇ 'ਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ, ਸਹਾਇਕ ਕਮਿਸ਼ਨਰ (ਜ) ਸ੍ਰੀ ਅਮਰਜੀਤ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਜਗਦੀਸ਼ ਸਿੰਘ ਮਿਤਰ ਤੋਂ ਇਲਾਵਾ ਸਮੂਹ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

           ਇਸ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਰਾਸ਼ਟਰੀ ਏਕਤਾ ਦਿਵਸ ਨੂੰ ਸਮਰਪਿਤ ਹਾਫ਼ ਮੈਰਾਥਨ ਦੌੜ ਵੀ ਕਰਵਾਈ ਗਈ, ਜਿਸ ਨੂੰ ਡਿਪਟੀ ਕਮਿਸ਼ਨਰ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਦੌੜ ਸਰਵਿਸ ਕਲੱਬ ਹੁਸ਼ਿਆਰਪੁਰ ਤੋਂ ਸ਼ੁਰੂ ਹੋਈ ਅਤੇ ਇਸ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ੍ਰੀ ਮੋਹਨ ਸਿੰਘ ਲੇਹਲ ਦੀ ਅਗਵਾਈ ਵਿੱਚ ਕਰੀਬ 400 ਸਰਕਾਰੀ ਸਕੂਲੀ ਵਿਦਿਆਰਥੀਆਂ ਨੇ ਹਿੱਸਾ ਲਿਆ। ਇਨ੍ਹਾਂ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਦੇ ਮੁਲਾਜ਼ਮਾਂ ਨੇ ਵੀ ਵੱਧ ਚੜ੍ਹ ਕੇ ਇਸ ਰਾਸ਼ਟਰੀ ਏਕਤਾ ਦਿਵਸ 'ਤੇ ਕਰਵਾਈ ਗਈ ਹਾਫ ਮੈਰਾਥਨ ਦੌੜ ਵਿੱਚ ਹਿੱਸਾ ਲਿਆ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਰਾਸ਼ਟਰੀ ਏਕਤਾ ਦਿਵਸ ਦੇ ਮਹੱਤਵ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰਾਸ਼ਟਰੀ ਏਕਤਾ ਦਿਵਸ ਮਨਾਉਣ ਦਾ ਅਸਲ ਮਕਸਦ ਆਪਸ ਵਿੱਚ ਏਕਤਾ ਦੀ ਭਾਵਨਾ ਨੂੰ ਪੈਦਾ ਕਰਨਾ ਹੈ। ਏਕਤਾ ਅਤੇ ਸੁਰੱਖਿਆ ਦੋ ਅਜਿਹੇ ਮੁੱਦੇ ਹਨ, ਜਿਸ 'ਤੇ ਸਮੂਹ ਭਾਈਚਾਰਕ ਸਾਂਝ ਰਾਹੀਂ ਹੀ ਜਾਗਰੂਕਤਾ ਲਿਆਂਦੀ ਜਾ ਸਕਦੀ ਹੈ। ਇਸ ਮੌਕੇ 'ਤੇ ਡੀ.ਐਸ.ਪੀ. ਸ੍ਰੀ ਸੁਖਵਿੰਦਰ ਸਿੰਘ, ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਗੁਪਤਾ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ, ਹੋਮਗਾਰਡਜ਼ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ।

ਭਾਸ਼ਾ ਵਿਭਾਗ ਨੇ ਕਰਵਾਏ ਜ਼ਿਲ੍ਹਾ ਪੱਧਰੀ ਸਾਹਿਤ ਕੁਇਜ਼ ਮੁਕਾਬਲੇ


ਹੁਸ਼ਿਆਰਪੁਰ, 30 ਅਕਤੂਬਰ: ਭਾਸ਼ਾ ਵਿਭਾਗ ਪੰਜਾਬ ਵਲੋਂ ਜ਼ਿਲ੍ਹਾ ਪੱਧਰੀ ਬਾਲ ਸਾਹਿਤ ਕੁਇਜ਼ ਮੁਕਾਬਲੇ ਜ਼ਿਲ੍ਹਾ ਭਾਸ਼ਾ ਦਫ਼ਤਰ ਵਿਖੇ ਕਰਵਾਏ ਗਏ। ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਸ੍ਰੀ ਸਤਨਾਮ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਤਿੰਨ ਵਰਗਾਂ ਵਿੱਚ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿੱਚ ਸੇਂਟ ਫਰੀਦ ਪਬਲਿਕ ਸਕੂਲ ਬੂਲਾਂਵਾੜੀ ਦੇ ਵਿਦਿਆਰਥੀ ਨੇਹਾ ਭਾਰਦਵਾਜ ਨੇ ਵਰਗ (ਓ) ਵਿੱਚ ਪਹਿਲਾਂ ਜ਼ੋਰਾਵਰ ਸਿੰਘ ਨੇ ਦੂਜਾ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਮਾਡਲ ਟਾਊਨ ਦੇ ਵਿਦਿਆਰਥੀ ਜਗਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀ ਵਿਦਿਆਰਥਣ ਨਮਪ੍ਰੀਤ ਕੌਰ ਨੇ ਵਰਗ (ਅ) ਵਿੱਚ ਪਹਿਲਾਂ  ਅਤੇ ਬਲਜੀਤ ਕੌਰ ਨੇ ਦੂਸਰਾ, ਜਦਕਿ ਸੇਂਟ ਫਰੀਦ ਪਬਲਿਕ ਹਾਈ ਸਕੂਲ ਬੂਲਾਂਬਾੜੀ ਦੇ ਵਿਦਿਆਰਥੀ ਮਹਿਕ ਨੇ ਤੀਜਾ ਸਥਾਨ ਹਾਸਲ ਕੀਤਾ। ਵਰਗ (Â) ਵਿੱਚ ਸਰਕਾਰੀ ਕਾਲਜ ਦੇ ਸਰਬਜੀਤ ਨੇ ਪਹਿਲਾਂ ਅਤੇ ਅਰਜਿੰਦਰ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਦੌਰਾਨ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਸ੍ਰੀ ਸਤਨਾਮ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ 'ਤੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲਾਂ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਰਾਜ ਪੱਧਰੀ ਕੁਇਜ਼ ਮੁਕਾਬਲੇ ਵਿੱਚ ਭਾਗ ਲੈ ਸਕਦੇ ਹਨ, ਜੋ ਨਵੰਬਰ ਮਹੀਨੇ ਪੰਜਾਬੀ ਸਪਤਾਹ ਦੌਰਾਨ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਜਿਥੇ ਬੱਚਿਆਂ ਦਾ ਬੌਧਿਕ ਪੱਧਰ ਉਚਾ ਚੁਕਦੇ ਹਨ, ਉਥੇ ਪੰਜਾਬ ਦੇ ਸਾਹਿਤਕ, ਧਾਰਮਿਕ ਅਤੇ ਸਭਿਆਚਾਰਕ ਜਾਣਕਾਰੀ ਵਧਾਉਣ ਵਿੱਚ ਵੀ ਸਹਾਈ ਹੁੰਦੇ ਹਨ।
                       ਇਸ ਮੌਕੇ ਇੰਸਟਰਕਟਰ, ਸ੍ਰੀਮਤੀ ਅਵਿਨਾਸ਼ ਕੌਰ, ਸੀਨੀਅਰ ਸਹਾਇਕ ਸ੍ਰੀਮਤੀ ਸ਼ਰਨਜੀਤ ਕੌਰ, ਸਮੇਤ ਸਕੂਲਾਂ ਦੇ ਵਿਦਿਆਰਥੀ ਅਤੇ ਅਧਿਆਪਕ ਵੀ ਮੌਜੂਦ ਸਨ।

ਡੇਂਗੂ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਲੋੜ : ਡਿਪਟੀ ਕਮਿਸ਼ਨਰ


  •  ਕਾਰਪੋਰੇਸ਼ਨ, ਸਿਹਤ ਵਿਭਾਗ, ਜਨ ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
  • ਕਿਹਾ, ਡੇਂਗੂ ਅਤੇ ਪੀਲੀਏ ਦੀ ਬਿਮਾਰੀ ਸਬੰਧੀ ਵੱਧ ਤੋਂ ਵੱਧ ਫੈਲਾਈ ਜਾਵੇ ਜਾਗਰੂਕਤਾ, ਫੌਗਿੰਗ ਕਰਵਾਉਣੀ ਵੀ ਬਣਾਈ ਜਾਵੇ ਯਕੀਨੀ
  • ਡੇਂਗੂ ਦੇ ਲੱਛਣ ਸਾਹਮਣੇ ਆਉਣ 'ਤੇ ਨੇੜੇ ਦੇ ਸਿਹਤ ਕੇਂਦਰ ਕੀਤਾ ਜਾਵੇ ਸੰਪਰਕ
ਹੁਸ਼ਿਆਰਪੁਰ, 30 ਅਕਤੂਬਰ:   ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਅੱਜ ਮਿਉਂਸਪਲ ਕਾਰਪੋਰੇਸ਼ਨ, ਸਿਹਤ ਵਿਭਾਗ, ਜਨ ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਹਦਾਇਤ ਕੀਤੀ ਕਿ ਡੇਂਗੂ ਅਤੇ ਪੀਲੀਏ ਦੀ ਰੋਕਥਾਮ ਲਈ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ। ਉਨ੍ਹਾਂ ਕਿਹਾ ਕਿ ਡੇਂਗੂ ਦੇ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਲੋੜ ਹੈ, ਇਸ ਲਈ ਇਨ੍ਹਾਂ ਸਾਵਧਾਨੀਆਂ ਬਾਰੇ ਆਮ ਜਨਤਾ ਦੇ ਨਾਲ-ਨਾਲ ਵਿੱਦਿਅਕ ਅਦਾਰਿਆਂ ਵਿਚ ਵੀ ਬੱਚਿਆਂ ਨੂੰ ਜਾਣਕਾਰੀ ਪ੍ਰਦਾਨ ਕੀਤੀ ਜਾਵੇ। ਉਨ੍ਹਾਂ ਉਕਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਨ੍ਹਾਂ ਸਾਰੇ ਹਾਲਾਤਾਂ 'ਤੇ ਕਾਬੂ ਪਾਇਆ ਜਾਵੇ, ਜਿਸ ਨਾਲ ਡੇਂਗੂ ਦੇ ਮੱਛਰ ਦਾ ਲਾਰਵਾ ਪਨਪ ਨਾ ਸਕੇ। ਉਨ੍ਹਾਂ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਡੇਂਗੂ ਦੇ ਮਰੀਜ਼ਾਂ ਸਬੰਧੀ ਸਿਹਤ ਕੇਂਦਰਾਂ ਵਿਚ ਉਚਿਤ ਪ੍ਰਬੰਧ ਯਕੀਨੀ ਬਣਾਏ ਜਾਣ, ਤਾਂ ਜੋ ਸ਼ੱਕੀ ਮਰੀਜ਼ ਨੂੰ ਇਲਾਜ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
      ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡੇਂਗੂ ਦੇ ਕਾਰਕ ਮੱਛਰ ਦੀ ਪੈਦਾਵਾਰ ਨੂੰ ਰੋਕਣ ਲਈ ਰੱਖਿਆਤਮਕ ਉਪਾਵਾਂ ਨੂੰ ਅਮਲ ਵਿਚ ਲਿਆਂਦਾ ਜਾਵੇ, ਕਿਉਂਕਿ ਇਸ ਬਾਰੇ ਸੁਚੇਤ ਹੋਣ ਨਾਲ ਹੀ ਇਸ ਬਿਮਾਰੀ ਤੋਂ ਦੂਰ ਰਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ
ਜਾਗਰੂਕਤਾ ਮੁਹਿੰਮ ਵਿੱਢ ਕੇ ਵੱਧ ਤੋਂ ਵੱਧ ਲੋਕਾਂ ਤੱਕ ਇਹ ਸੁਨੇਹਾ ਪਹੁੰਚਾਇਆ ਜਾਵੇ ਕਿ ਆਪਣੇ ਆਸ ਪਾਸ ਕਿੱਧਰੇ ਵੀ ਬਰਸਾਤੀ ਜਾਂ ਸਧਾਰਨ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਡੇਂਗੂ ਤੋਂ ਬਚਣ ਲਈ ਕੇਵਲ 15 ਦਿਨ ਹੋਰ ਸਾਵਧਾਨੀਆਂ ਵਰਤਣ ਦੀ ਲੋੜ ਹੈ, ਕਿਉਂਕਿ ਸੀਜ਼ਨ ਦੀ ਸਮਾਪਤੀ ਹੋਣ ਵਾਲੀ ਹੈ। ਉਨ੍ਹਾਂ ਜਿੱਥੇ ਮਿਉਂਸਪਲ ਕਾਰਪੋਰੇਸ਼ਨ ਨੂੰ ਲਗਾਤਾਰ ਫੌਗਿੰਗ ਯਕੀਨੀ ਬਣਾਉਣ ਲਈ ਕਿਹਾ, ਉਥੇ ਜ਼ਿਲ੍ਹਾ ਸਿਖਿਆ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਕੂਲਾਂ ਵਿੱਚ ਵੀ ਡੇਂਗੂ ਦੇ ਮੱਛਰ ਤੋਂ ਬਚਾਅ ਸਬੰਧੀ ਸਾਵਧਾਨੀਆਂ ਬਾਰੇ ਬੱਚਿਆਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਡੇਂਗੂ ਦੇ ਸ਼ੱਕੀ ਮਰੀਜ਼ਾਂ ਵਾਲੇ ਖੇਤਰਾਂ ਅਤੇ ਲਾਰਵਾ ਪਾਏ ਜਾਣ ਵਾਲੇ ਹੋਰਨਾਂ ਸੰਭਾਵਿਤ ਖੇਤਰਾਂ ਵਿੱਚ ਲਗਾਤਾਰ ਫੌਗਿੰਗ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਤੇਜ਼ ਸਿਰਦਰਦ ਅਤੇ ਬਦਨ ਦਰਦ ਦੇ ਨਾਲ ਜੋੜਾਂ ਵਿੱਚ ਦਰਦ ਆਦਿ ਲੱਛਣਾਂ ਦੀ ਸ਼ਿਕਾਇਤ ਹੋਵੇ ਤਾਂ ਬਿਨ੍ਹਾਂ ਦੇਰੀ ਕੀਤਿਆਂ ਤੁਰੰਤ ਨੇੜੇ ਦੇ ਸਿਹਤ ਕੇਂਦਰ ਵਿੱਚ ਜਾਂਚ ਕਰਵਾਉਣੀ ਚਾਹੀਦੀ ਹੈ।

                       ਡਿਪਟੀ ਕਮਿਸ਼ਨਰ ਨੇ ਐਸ.ਐਮ.ਓ. ਹਾਜੀਪੁਰ ਡਾ. ਮਨੋਜ ਮਹਿਤਾ ਨੂੰ ਹਦਾਇਤ ਕਰਦਿਆਂ ਕਿਹਾ ਕਿ ਸੰਭਾਵਿਤ ਪੀਲੀਏ ਦੀ ਬਿਮਾਰੀ ਵਾਲੇ ਪਿੰਡਾਂ ਵਿੱਚ ਪਬਲਿਕ ਹੈਲਥ ਵਿਭਾਗ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਪੀਣ ਵਾਲੇ ਪਾਣੀ ਦੀ ਜਾਂਚ ਕੀਤੀ ਜਾਵੇ। ਇਸ ਤੋਂ ਇਲਾਵਾ ਇਸ ਬਿਮਾਰੀ ਤੋਂ ਬੱਚਣ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਣੂ ਵੀ ਕਰਵਾਇਆ ਜਾਵੇ, ਤਾਂ ਜੋ ਉਹ ਪ੍ਰ੍ਰਹੇਜ਼ ਕਰਕੇ ਇਸ ਬਿਮਾਰੀ ਤੋਂ ਬੱਚ ਸਕਣ। ਉਨ੍ਹਾਂ ਕਿਹਾ ਕਿ ਟੈਂਕੀਆਂ ਦੀ ਸਾਫ਼ ਸਫਾਈ ਅਤੇ ਕਲੋਰੀਰੇਸ਼ਨ ਵੀ ਯਕੀਨੀ ਬਣਾਈ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਸ਼ੱਕੀ ਮਰੀਜ਼ ਸਾਹਮਣੇ ਆਉਣ 'ਤੇ ਉਨ੍ਹਾਂ ਦੇ ਇਲਾਜ਼ ਲਈ ਉਚਿਤ ਪ੍ਰਬੰਧ ਕਰ ਲਏ ਜਾਣ।
    ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਕਮਿਸ਼ਨਰ ਨਗਰ ਨਿਗਮ ਸ੍ਰੀ ਹਰਬੀਰ ਸਿੰਘ, ਸਹਾਇਕ ਕਮਿਸ਼ਨਰ (ਜਨਰਲ) ਸ੍ਰੀ ਅਮਰਜੀਤ ਸਿੰਘ, ਸਹਾਇਕ ਸਿਵਲ ਸਰਜਨ ਡਾ. ਰਾਜੇਸ਼ ਗਰਗ, ਐਸ.ਐਮ.ਓ. ਡਾ. ਵਿਨੋਦ ਸਰੀਨ, ਵੈਕਟਰ ਬਾਰਨ ਬਿਮਾਰੀਆਂ ਦੇ ਪ੍ਰੋਗਰਾਮ ਅਫ਼ਸਰ ਡਾ. ਸਲੇਸ਼ ਤੋਂ ਇਲਾਵਾ ਹੋਰ ਵੀ ਅਧਿਕਾਰੀ ਹਾਜ਼ਰ ਸਨ।
ਸਾਵਧਾਨੀਆਂ : ਘਰਾਂ ਦੀਆਂ ਛੱਤਾਂ 'ਤੇ ਪਏ ਟੁੱਟੇ ਬਰਤਨਾਂ, ਡਰੱਮਾਂ, ਪੰਛੀਆਂ ਦੇ ਪੀਣ ਲਈ ਰੱਖੇ ਗਏ ਪਾਣੀ ਦੇ ਬਰਤਨਾਂ, ਘਰਾਂ ਦੇ ਅੰਦਰ ਪਏ ਗਮਲਿਆਂ ਅਤੇ ਆਪਣੇ ਆਸ-ਪਾਸ ਬਰਸਾਤੀ ਜਾਂ ਸਧਾਰਨ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ। ਇਸ ਤੋਂ ਇਲਾਵਾ ਫਰਿੱਜਾਂ ਦੀਆਂ ਟਰੇਆਂ ਅਤੇ ਕੂਲਰਾਂ ਦੀ ਨਿਯਮਤ ਸਫ਼ਾਈ ਕਰਕੇ ਹਫ਼ਤੇ ਵਿੱਚ ਇਕ ਵਾਰ ਸੁਕਾਉਣਾ ਬਹੁਤ ਜ਼ਰੂਰੀ ਹੈ। ਸਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖਣ ਵਾਲੇ ਕੱਪੜੇ ਪਹਿਨੇ ਜਾਣ, ਸੌਣ ਵੇਲੇ ਮੱਛਰਦਾਨੀਆਂ ਅਤੇ ਮੱਛਰ ਭਜਾਊ ਕਰੀਮਾਂ ਦੀ ਵਰਤੋਂ ਕੀਤੀ ਜਾਵੇ।
ਪੀਲੀਏ ਦੀ ਬਿਮਾਰੀ ਬਾਰੇ ਕਰਵਾਇਆ ਜਾਣੂ: ਉਧਰ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਐਸ.ਐਮ.ਓ ਹਾਜੀਪੁਰ ਡਾ. ਮਨੋਜ ਮਹਿਤਾ ਦੀ ਅਗਵਾਈ ਵਿਚ ਪਿੰਡ ਫਹਿਤਪੁਰ ਵਿਖੇ ਇਕ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿਚ ਬਿਮਾਰੀ ਦੇ ਲੱਛਣਾਂ ਅਤੇ ਪ੍ਰਹੇਜ਼ ਬਾਰੇ ਇਲਾਕਾ ਵਾਸੀਆਂ ਨੂੰ ਦੱਸਿਆ ਗਿਆ। ਐਸ.ਐਮ.ਓ ਨੇ ਕਿਹਾ ਕਿ ਇਲਾਕੇ ਵਿਚ ਪਬਲਿਕ ਹੈਲਥ ਦੇ ਅਧਿਕਾਰੀਆਂ ਸਮੇਤ ਪੀਣ ਵਾਲੇ ਪਾਣੀ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਤੋਂ ਬਚਣ ਲਈ ਸਾਫ ਪਾਣੀ ਪੀਣ ਦੇ ਨਾਲ-ਨਾਲ ਢੱਕੀਆਂ ਹੋਈਆਂ ਹੀ ਫਲ-ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਜਨ ਸਿਹਤ ਵਿਭਾਗ ਵਲੋਂ ਟੈਂਕੀਆਂ ਦੀ ਸਫਾਈ ਕੀਤੀ ਜਾ ਰਹੀ ਹੈ ਅਤੇ ਕਲੋਰੀਨੇਸ਼ਨ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ੱਕੀ ਮਰੀਜ਼ਾਂ ਦੇ ਇਲਾਜ ਲਈ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਸੜਕਾਂ ਦਾ ਹਾਲ ਹੋਇਆ ਬਦ ਤੋਂ ਬਦਤਰ !


  • ਲਿੰਕ ਸੜਕਾਂ ਦੀ ਬਦਹਾਲੀ ਨੂੰ ਪਿੱਛੇ ਛੱਡ ਰਹੀਆਂ ਨੇ ਮੁੱਖ ਸੜਕਾਂ
ਤਲਵਾੜਾ, 28 ਅਕਤੂਬਰ: ਤਲਵਾੜਾ ਖੇਤਰ ਵਿਚ ਸੜਕਾਂ ਦਾ ਬਦ ਤੋਂ ਬਦਤਰ ਹੋਣ ਦਾ ਸਮਾਚਾਰ ਹੈ। ਇਕੱਤਰ ਜਾਣਕਾਰੀ ਅਨੁਸਾਰ ਭਾਵੇ ਸਬੰਧਤ ਵਿਭਾਗ ਵੱਲੋਂ ਕਰੋੜਾਂ ਰੁਪਏ ਲਾਗਤ ਨਾਲ ਸੜਕਾਂ ਦਾ ਨਿਰਮਾਣ ਹਾਲ ਹੀ ਵਿੱਚ ਕਰਵਾਇਆ ਹੈ ਪਰੰਤੂ ਅਸਲ ਜ਼ਮੀਨੀ ਪੱਧਰ ਤੇ ਆਲਮ ਇਹ ਹੈ ਮੁੱਖ ਸੜਕਾਂ ਨੇ ਪੇਂਡੂ ਲਿੰਗ ਸੜਕਾਂ ਦੀ ਬਦਹਾਲੀ ਨੂੰ ਵੀ ਕਿਤੇ ਪਿਛਾਂਹ ਛੱਡ ਦਿੱਤਾ ਹੈ। ਰਾਜ ਮਾਰਗ ਨੰਬਰ 25 ਤੇ ਤਲਵਾੜਾ ਤੋਂ ਹਾਜੀਪੁਰ ਤੱਕ ਨਵ-ਨਿਰਮਿਤ ਸੜਕ ਉੱਤੇ ਥਾਂ-ਥਾਂ ਤੇ ਡੂੰਘੇ ਖੱਡੇ ਪੈ ਚੁੱਕੇ ਹਨ ਜਦਕਿ ਰਾਜ ਮਾਰਗ ਨੰਬਰ 27 ਤਲਵਾੜਾ ਤੋਂ ਟੈਰਸ ਜਾਣ ਵਾਲੀ ਮੁੱਖ ਸੜਕ ਉੱਤੋਂ ਪਹਿਲੀ ਪੁਲੀ ਹੀ ਸੜਕ ਤਕਰੀਬਨ ਗਾਇਬ ਹੀ ਹੋ ਚੁੱਕੀ ਹੈ। ਹਾਲਤ ਇਹ ਹੈ ਕਿ ਇਸ ਸੜਕ ਦੇ ਆਲੇ-ਦੁਆਲੇ
ਰਹਿੰਦੇ ਵਾਸ਼ਿੰਦਿਆਂ ਵੱਲੋਂ ਆਪਣੇ ਪੱਧਰ ਤੇ ਕੁਝ ਉੱਦਮ ਕਰ ਕੇ ਮਿੱਟੀ ਬਜਰੀ ਆਦਿ ਪਾਈ ਗਈ ਹੈ ਪਰੰਤੂ ਟਿਕਾਊ ਹੱਲ ਨਾ ਹੋਣ ਕਾਰਨ ਹੁਣ ਇਸ ਟੁਕੜੇ ਤੋਂ ਲੰਘਣਾ ਇੱਕ ਚੁਨੌਤੀ ਬਣ ਚੁੱਕਾ ਹੈ। ਇਸ ਤਰਾਂ ਕਾਲੀ ਮਾਤਾ ਮੰਦਰ ਨੇੜਿਓਂ ਰਾਜ ਮਾਰਗ 25 ਵੀ ਕੁਝ ਅਜਿਹੀ ਹੀ ਸਥਿਤੀ ਬਿਆਨ ਕਰ ਰਿਹਾ ਹੈ। ਜਿਕਰਯੋਗ ਹੈ ਕਿ ਬਰਸਾਤਾਂ ਤੋਂ ਕੁਝ ਦੇਰ ਪਹਿਲਾਂ ਹੀ ਤਲਵਾੜਾ-ਮੁਕੇਰੀਆਂ ਸੜਕ ਦਾ ਨਿਰਮਾਣ ਕੀਤਾ ਗਿਆ ਜਿਸ ਤੇ ਪਾਈ ਲੁੱਕ-ਬਜਰੀ ਆਦਿ ਪਹਿਲੀ ਬਾਰਿਸ਼ ਵਿਚ ਕਿਧਰੇ ਰੁੜ•-ਪੁੜ• ਗਈ ਅਤੇ ਇਹ ਸੜਕ ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ਮੰਦਹਾਲ ਹੋ ਗਈ। ਲੋਕਾਂ ਦੀ ਸ਼ਿਕਾਇਤਾਂ ਮਗਰੋਂ ਮਹਿਕਮੇ ਨੇ ਮੁੜ ਤੋਂ ਕਿਤੇ ਕਿਤੇ ਮੁਰੰਮਤ ਕੀਤੀ ਪਰੰਤੂ ਉਹ ਵੀ ਜਿਆਦਾ ਦੇਰ ਟਿਕ ਨਹੀਂ ਸਕੀ। ਹਾਲਾਕਿ ਮਹਿਕਮੇ ਦੇ ਆਲਾ ਅਧਿਕਾਰੀ ਕਿਸੇ ਪੱਧਰ ਤੇ ਹੋਈ ਕੁਤਾਹੀ ਨੂੰ ਮੰਨਣ ਤੋਂ ਇਨਕਾਰੀ ਹਨ ਅਤੇ ਦਾਅਵਾ ਕਰਦੇ ਹਨ ਕਿ ਇਸ ਸੜਕ ਨੂੰ ਜਲਦੀ ਹੀ ਚੱਲਣਯੋਗ ਬਣਾ ਦਿੱਤਾ ਜਾਵੇਗਾ ਪਰ ਮੁਰੰਮਤ ਤਾਂ ਦੂਰ ਮਹਿਕਮੇ ਵੱਲੋਂ ਲੋਕਾਂ ਦੀ ਜਾਨ ਦਾ ਖ਼ੌਅ ਬਣ ਚੁੱਕੀ ਸੜਕ ਉੱਤੇ ਬੇਹੱਦ ਖ਼ਤਰਨਾਕ ਥਾਵਾਂ ਦੀ ਨਿਸ਼ਾਨਦੇਹੀ ਕਰਕੇ ਕਿਧਰੇ ਵੀ ਚੇਤਾਵਨੀ ਜਾਂ ਖ਼ਤਰੇ ਦੇ ਸੂਚਨਾ ਬੋਰਡ ਆਦਿ ਲਾਉਣ ਦੀ ਖੇਚਲ ਨਹੀਂ ਕੀਤੀ ਗਈ। ਲੋਕਾਂ ਦੀ ਮੁੱਖ ਮੰਤਰੀ ਪੰਜਾਬ ਤੋਂ ਪੁਰਜੋਰ ਮੰਗ ਹੈ ਕਿ ਤਲਵਾੜਾ-ਮੁਕੇਰੀਆਂ ਸੜਕ ਦੇ ਹੁਣ ਤੱਕ ਹੋਏ ਕਥਿਤ ਨਿਰਮਾਣ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਜਲਦ ਤੋਂ ਜਲਦ ਸੜਕ ਦਾ ਨਿਰਮਾਣ ਸ਼ੁਰੂ ਕਰਵਾਇਆ ਜਾਵੇ।

ਜ਼ਿਲ੍ਹੇ 'ਚ ਹੁਣ ਤੱਕ 2,60,470 ਮੀਟਰਕ ਟਨ ਝੋਨਾ ਮੰਡੀਆਂ 'ਚ ਪੁੱਜਾ : ਡਿਪਟੀ ਕਮਿਸ਼ਨਰ


  •  ਵੱਖ-ਵੱਖ ਖਰੀਦ ਏਜੰਸੀਆਂ ਵਲੋਂ 2,59,630 ਮੀਟਰਕ ਟਨ ਝੋਨੇ ਦੀ ਕੀਤੀ ਗਈ ਖਰੀਦ
ਹੁਸ਼ਿਆਰਪੁਰ, 27 ਅਕਤੂਬਰ:ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ 62 ਮੰਡੀਆਂ ਵਿਚ ਵੱਖ-ਵੱਖ ਖਰੀਦ ਏਜੰਸੀਆਂ ਵਲੋਂ ਝੋਨੇ ਦੀ ਨਿਰਵਿਘਨ ਖਰੀਦ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 2,60,470 ਮੀਟਰਕ ਟਨ ਝੋਨਾ ਮੰਡੀਆਂ ਵਿਚ ਪਹੁੰਚ ਚੁੱਕਿਆ ਹੈ, ਜਿਸ ਵਿਚੋਂ 2,59,630 ਮੀਟਰਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ, ਜਿਸ ਵਿੱਚੋਂ ਪਨਗਰੇਨ ਵਲੋਂ 82,318 ਮੀਟ੍ਰਿਕ ਟਨ, ਮਾਰਕਫੈਡ ਵਲੋਂ 54,999 ਮੀਟ੍ਰਿਕ ਟਨ, ਪਨਸਪ ਵਲੋਂ 45,453 ਮੀਟ੍ਰਿਕ ਟਨ, ਪੰਜਾਬ ਸਟੇਟ
ਵੇਅਰ ਹਾਊਸ ਕਾਰਪੋਰੇਸ਼ਨ ਵਲੋਂ 20,408 ਮੀਟ੍ਰਿਕ ਟਨ, ਪੰਜਾਬ ਐਗਰੋ ਵਲੋਂ 19,915 ਮੀਟ੍ਰਿਕ ਟਨ, ਐਫ.ਸੀ.ਆਈ ਵਲੋਂ 35,738 ਮੀਟ੍ਰਿਕ ਟਨ ਅਤੇ ਪ੍ਰਾਈਵੇਟ ਵਪਾਰੀਆਂ ਵਲੋਂ 799 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨ ਤੱਕ 344 ਕਰੋੜ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ।

         ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਦਿੱਤੇ ਗਏ ਨਿਰਦੇਸ਼ਾਂ 'ਤੇ ਜਿੱਥੇ ਕਿਸਾਨਾਂ ਨੂੰ ਸਮੇਂ-ਸਿਰ ਅਦਾਇਗੀ ਕੀਤੀ ਜਾ ਰਹੀ ਹੈ, ਉਥੇ ਲਿਫਟਿੰਗ ਦਾ ਕੰਮ ਵੀ ਸੁਚੱਜੇ ਤਰੀਕੇ ਨਾਲ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ 2,09,732 ਮੀਟ੍ਰਿਕ ਟਨ (97 ਫੀਸਦੀ) ਲਿਫਟਿੰਗ ਕੀਤੀ ਜਾ ਚੁੱਕੀ ਹੈ। ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਝੋਨੇ ਦੀ ਨਿਰਵਿਘਨ ਖਰੀਦ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਕੋਈ ਕਸਰ ਬਾਕੀ ਨਹੀਂ ਛੱਡੇਗਾ। ਉਨ੍ਹਾਂ ਖਰੀਦ ਪ੍ਰਬੰਧਾਂ ਨਾਲ ਜੁੜੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੰਡੀਆਂ ਵਿਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਸਹਿਣ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀਆਂ ਵਿਚ ਝੋਨੇ ਦੀ ਫਸਲ ਸੁਕਾ ਕੇ ਹੀ ਲਿਆਂਦੀ ਜਾਵੇ।

ਹੁਸ਼ਿਆਰਪੁਰ-ਚਿੰਤਪੁਰਨੀ ਚਾਰ ਮਾਰਗੀ ਸੜਕ ਅਧੀਨ ਮੁਆਵਜ਼ਾ ਦੇਣ ਸਬੰਧੀ ਕਾਰਵਾਈ ਸ਼ੁਰੂ


  • 10 ਨਵੰਬਰ ਤੱਕ ਦਿੱਤੀਆਂ ਜਾ ਸਕਦੀਆਂ ਹਨ ਦਰਖਾਸਤਾਂ

ਹੁਸ਼ਿਆਰਪੁਰ, 27 ਅਕਤੂਬਰ: ਐਸ.ਡੀ.ਐਮ., ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਾਲ ਨੇ ਦੱਸਿਆ ਕਿ ਹੁਸ਼ਿਆਰਪੁਰ-ਚਿੰਤਪੁਰਨੀ ਸੜਕ ਨੂੰ ਚਾਰ ਮਾਰਗੀ ਕਰਨ ਹਿੱਤ ਜੋ ਜ਼ਮੀਨ ਐਕਵਾਇਰ ਕੀਤੀ ਗਈ ਹੈ, ਉਸ ਜ਼ਮੀਨ ਅਤੇ ਉਸ ਉਪਰ ਬਣੀਆਂ ਹੋਈਆਂ ਇਮਾਰਤਾਂ/ਚਾਰਦੀਵਾਰੀਆਂ ਦਾ ਮੁਆਵਜ਼ਾ ਦੇਣ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਲਾਭਪਾਤਰੀ ਜਿਨ੍ਹਾਂ ਦੀ ਜ਼ਮੀਨ ਉਕਤ ਚਾਰ ਮਾਰਗੀ ਸੜਕ ਅਧੀਨ ਐਕਵਾਇਰ ਹੋਈ ਹੈ, ਉਹ ਆਪਣੀਆਂ ਦਰਖਾਸਤਾਂ ਸਮੇਤ ਮਾਲਕੀ ਸਬੰਧੀ ਸਬੂਤ ਐਸ.ਡੀ.ਐਮ. ਦਫ਼ਤਰ ਹੁਸ਼ਿਆਰਪੁਰ ਵਿਖੇ 10 ਨਵੰਬਰ 2017 ਤੱਕ ਜਮ੍ਹਾਂ ਕਰਵਾ ਸਕਦੇ ਹਨ, ਤਾਂ ਜੋ ਸਬੰਧਤ ਲਾਭਪਾਤਰੀਆਂ ਦੀਆਂ ਦਰਖਾਸਤਾਂ 'ਤੇ ਕਾਰਵਾਈ ਕਰਦੇ ਹੋਏ ਮੁਆਵਜ਼ੇ ਦੀ ਅਦਾਇਗੀ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਇਨ੍ਹਾਂ ਸਟਰੱਕਚਰਾਂ ਨੂੰ ਸਰਕਾਰੀ ਖਰਚੇ 'ਤੇ ਹਟਾ ਦਿੱਤਾ ਜਾਵੇਗਾ, ਜਿਸ ਦੀ ਭਰਪਾਈ ਸਬੰਧਤ ਮਾਲਕਾਂ ਤੋਂ ਕੀਤੀ ਜਾਵੇਗੀ।

ਸੈਟੇਲਾਈਟ ਜ਼ਰੀਏ ਪਰਾਲੀ ਨੂੰ ਅੱਗ ਲਗਾਉਣ ਦੇ 39 ਕੇਸ ਫੜੇ


  • 1 ਲੱਖ 5 ਹਜ਼ਾਰ ਰੁਪਏ ਦੇ ਕੀਤੇ ਜ਼ੁਰਮਾਨੇ
  • ਉਪਗ੍ਰਹਿ ਰਾਹੀਂ ਆਕਾਸ਼ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲਿਆਂ 'ਤੇ ਤਿੱਖੀ ਨਜ਼ਰ
  • ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਅਤੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ, 27 ਅਕਤੂਬਰ: ਪੰਜਾਬ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਸਾੜਨ ਦੀਆਂ ਘਟਨਾਵਾਂ 'ਤੇ ਸੈਟੇਲਾਈਟ ਜ਼ਰੀਏ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਹੁਸ਼ਿਆਰਪੁਰ ਵਲੋਂ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ 'ਤੇ ਤੁਰੰਤ ਐਕਸ਼ਨ ਲਿਆ ਜਾ ਰਿਹਾ ਹੈ, ਜਿਸ ਸਦਕਾ ਜ਼ਿਲ੍ਹੇ ਵਿੱਚ ਹੁਣ ਤੱਕ ਪਰਾਲੀ ਸਾੜਨ ਦੇ 39 ਕੇਸ ਸਾਹਮਣੇ ਆਏ ਹਨ। ਫੜੇ ਗਏ ਇਨ੍ਹਾਂ ਕੇਸਾਂ ਵਿੱਚ ਸਬੰਧਤ ਵਿਅਕਤੀਆਂ ਨੂੰ 1 ਲੱਖ 5 ਹਜ਼ਾਰ ਰੁਪਏ ਤੱਕ ਦਾ ਜ਼ੁਰਮਾਨਾ ਵੀ ਕੀਤਾ ਗਿਆ ਹੈ।
          ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਲੁਧਿਆਣਾ ਤੋਂ ਚੱਲ ਰਹੇ ਸੈਟੇਲਾਈਟ (ਉਪਗ੍ਰਹਿ) ਰਾਹੀਂ ਜਿਸ ਸਥਾਨ 'ਤੇ ਅੱਗ ਲੱਗੀ ਹੈ, ਉਸ ਬਾਰੇ ਤੁਰੰਤ ਪਤਾ ਲੱਗ ਜਾਂਦਾ ਹੈ ਅਤੇ ਇਸ ਦੀ ਸੂਚਨਾ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਗਠਿਤ ਸਬੰਧਤ ਟੀਮਾਂ ਨੂੰ ਮੋਬਾਇਲ ਮੈਸੇਜ਼ ਜ਼ਰੀਏ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸੈਟੇਲਾਈਟ ਰਾਹੀਂ ਆਕਾਸ਼ ਤੋਂ ਨਿਗਰਾਨੀ ਰੱਖਣ ਨਾਲ ਜਿੱਥੇ ਕਿਤੇ ਵੀ ਕੋਈ ਝੋਨੇ ਦੀ ਪਰਾਲੀ/ਰਹਿੰਦ-ਖੂੰਹਦ ਨੂੰ ਅੱਗ ਲਗਾਏਗਾ, ਨਾਲੋ ਨਾਲ ਉਪਗ੍ਰਹਿ ਦੀਆਂ ਤਸਵੀਰਾਂ ਪ੍ਰਾਪਤ ਹੋ ਜਾਂਦੀਆਂ ਹਨ ਅਤੇ ਉਸੇ ਸਮੇਂ ਚੌਕਸੀ ਟੀਮ ਵਲੋਂ ਤੁਰੰਤ ਸਬੰਧਤ ਕਿਸਾਨ ਦੇ ਖੇਤ ਤੱਕ ਪਹੁੰਚ ਕੇ ਕਾਰਵਾਈ ਆਰੰਭੀ ਜਾਂਦੀ ਹੈ।

         ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਅਜਿਹੇ 39 ਕੇਸ ਫੜੇ ਗਏ ਹਨ, ਜਿਨ੍ਹਾਂ ਵਿੱਚ ਗੜ੍ਹਸ਼ੰਕਰ ਤਹਿਸੀਲ ਵਿੱਚ 25, ਦਸੂਹਾ ਤਹਿਸੀਲ ਵਿੱਚ 11, ਜਦਕਿ ਮੁਕੇਰੀਆਂ ਤਹਿਸੀਲ ਵਿੱਚ 3 ਕੇਸ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਸਾਂ ਵਿੱਚ ਸਬੰਧਤ ਵਿਅਕਤੀਆਂ ਨੂੰ 1 ਲੱਖ 5 ਹਜ਼ਾਰ ਰੁਪਏ ਜ਼ੁਰਮਾਨਾ ਵੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੜ੍ਹਸ਼ੰਕਰ ਦੇ 25 ਕੇਸਾਂ ਵਿੱਚ 67,500 ਰੁਪਏ, ਦਸੂਹਾ ਦੇ 11 ਕੇਸਾਂ ਵਿੱਚ 30,000 ਜਦਕਿ ਮੁਕੇਰੀਆਂ ਦੇ 3 ਕੇਸਾਂ ਵਿੱਚ 7,500 ਰੁਪਏ ਜ਼ੁਰਮਾਨਾ ਕੀਤਾ ਜਾ ਚੁੱਕਾ ਹੈ।
               ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੌਮੀ ਗਰੀਨ ਟ੍ਰਿਬਿਊਨਲ (ਐਨ.ਜੀ.ਟੀ.) ਦੇ ਹੁਕਮਾਂ 'ਤੇ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਬਲਾਕ ਪੱਧਰ 'ਤੇ 14 ਮੋਨੀਟਰਿੰਗ ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ 90 ਅਧਿਕਾਰੀ (ਅਫ਼ਸਰ ਇੰਚਾਰਜ) ਨਿਗਰਾਨੀ ਵਜੋਂ ਤਾਇਨਾਤ ਹਨ। ਉਨ੍ਹਾਂ ਦੱਸਿਆ ਕਿ ਇਹ ਮੋਨੀਟਰਿੰਗ ਟੀਮਾਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਖੇਤਰੀ ਦਫ਼ਤਰ ਹੁਸ਼ਿਆਰਪੁਰ ਦੀ ਅਗਵਾਈ ਵਿੱਚ ਕੰਮ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਐਨ.ਜੀ.ਟੀ. ਵਲੋਂ ਅੱਗ ਲਗਾਉਣ 'ਤੇ ਪੂਰਨ ਮਨਾਹੀ ਕੀਤੀ ਗਈ ਹੈ, ਤਾਂ ਜੋ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ 2 ਏਕੜ ਤੋਂ ਘੱਟ ਵਾਲੇ ਕਿਸਾਨ ਨੂੰ 25,00 ਰੁਪਏ, 2 ਤੋਂ 5 ਏਕੜ ਵਾਲੇ ਕਿਸਾਨ ਨੂੰ 5 ਹਜ਼ਾਰ ਰੁਪਏ ਅਤੇ 5 ਤੋਂ ਵੱਧ ਏਕੜ ਵਾਲੇ ਕਿਸਾਨ ਨੂੰ 15 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਜਾ ਰਿਹਾ ਹੈ।
                       ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਅਤੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਝੋਨੇ ਦੀ ਪਰਾਲੀ ਦੀ ਖੇਤ ਵਿਚ ਹੀ ਵਹਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਝੋਨੇ ਦੀ ਪਰਾਲੀ ਦੀ ਵਰਤੋਂ ਪਸ਼ੂਆਂ ਦੇ ਸੁੱਕੇ ਚਾਰੇ ਵਜੋਂ ਵੀ ਕੀਤੀ ਜਾ ਸਕਦੀ ਹੈ, ਇਸ ਲਈ ਜਿੱਥੇ ਪਰਾਲੀ ਦਾ ਨਿਪਟਾਰਾ ਅਸਾਨੀ ਨਾਲ ਹੋ ਸਕੇਗਾ, ਉਥੇ ਪਸ਼ੂ ਪਾਲਣ ਲਈ ਸਸਤਾ ਚਾਰਾ ਉਪਲੱਬਧ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਖੇਤਾਂ ਵਿੱਚ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਤਾਂ ਪ੍ਰਦੂਸ਼ਿਤ ਹੁੰਦਾ ਹੀ ਹੈ, ਜ਼ਮੀਨ ਵਿੱਚ ਮੌਜੂਦ ਮਿੱਤਰ ਕੀੜੇ ਅਤੇ ਹੋਰ ਉਪਜਾਊ ਤੱਤ ਵੀ ਨਸ਼ਟ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਪਰਾਲੀ ਨੂੰ ਅੱਗ ਲਗਾਉਣ 'ਤੇ ਪ੍ਰਤੀ ਏਕੜ 2856 ਕਿਲੋ ਕਾਰਬਨ ਡਾਈਆਕਸਾਈਡ, 120 ਕਿਲੋ ਕਾਰਬਨ ਮੋਨੋਆਕਸਾਈਡ, 4 ਕਿਲੋ ਸਲਫਰ ਡਾਈਆਕਸਾਈਡ ਅਤੇ 6 ਕਿਲੋ ਧੂੜ ਦੇ ਕਣ ਪੈਦਾ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਇਹ ਹਾਨੀਕਾਰਕ ਗੈਸਾਂ ਮਨੁੱਖ ਅਤੇ ਜਾਨਵਰਾਂ ਦੀ ਸਿਹਤ ਲਈ ਕਾਫ਼ੀ ਘਾਤਕ ਹਨ।

ਪਿਛਲੇ 6 ਮਹੀਨਿਆਂ ਦੌਰਾਨ 14 ਮਿਲਾਵਟਖੋਰਾਂ ਨੂੰ ਕੀਤੇ 93 ਹਜ਼ਾਰ ਰੁਪਏ ਦੇ ਜ਼ੁਰਮਾਨੇ


  • ਜ਼ਿਲ੍ਹੇ 'ਚ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਨੂੰ ਸਖ਼ਤੀ ਨਾਲ ਕੀਤਾ ਜਾ ਰਿਹਾ ਹੈ ਲਾਗੂ : ਅਨੁਪਮ ਕਲੇਰ
  • ਮਿਲਾਵਟ ਸਬੰਧੀ ਸਿਵਲ ਸਰਜਨ ਦਫ਼ਤਰ ਦੇ ਨੰਬਰ 01882-252170 'ਤੇ ਦਿੱਤੀ ਜਾ ਸਕਦੀ ਹੈ ਸੂਚਨਾ
ਹੁਸ਼ਿਆਰਪੁਰ, 26 ਅਕਤੂਬਰ: ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ ਵਲੋਂ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਦੇ ਤਹਿਤ ਪਿਛਲੇ 6 ਮਹੀਨਿਆਂ ਦੌਰਾਨ ਮਿਲਾਵਟੀ ਖਾਣ-ਪੀਣ ਦੀਆਂ ਚੀਜਾਂ ਵੇਚਣ ਵਾਲੇ 14 ਮਾਮਲਿਆਂ ਦੀ ਸੁਣਵਾਈ ਕਰਦੇ ਹੋਏ 93 ਹਜ਼ਾਰ ਰੁਪਏ ਦੇ ਜੁਰਮਾਨੇ ਕੀਤੇ ਗਏ ਹਨ।
       ਭੋਜਨ ਸੁਰੱਖਿਆ ਅਤੇ ਮਿਆਰ ਐਕਟ ਤਹਿਤ ਗੈਰ-ਮਿਆਰੀ ਖੁਰਾਕੀ ਨਮੂਨਿਆਂ ਦੇ ਮਾਮਲਿਆਂ ਦੀ ਸੁਣਵਾਈ ਕਰਨ ਲਈ ਨਾਮਜ਼ਦ ਅਧਿਕਾਰੀ ਵਧੀਕ ਡਿਪਟੀ ਕਮਿਸ਼ਨਰ ਜਨਰਲ (ਐਡਜੂਕੇਟਿੰਗ ਅਫ਼ਸਰ ਫੂਡ ਸੇਫਟੀ ਐਂਡ ਸਟੈਂਡਰਡ ਐਕਟ-2006) ਸ੍ਰੀਮਤੀ ਅਨੁਪਮ ਕਲੇਰ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਮਿਲਾਵਟਖੋਰੀ ਨੂੰ ਰੋਕਣ ਲਈ ਜ਼ਿਲ੍ਹੇ ਵਿੱਚ ਬਣਾਏ ਗਏ ਵਿੰਗ 'ਫੂਡ ਐਂਡ ਡਰੱਗਸ ਐਡਮਨਿਸਟ੍ਰੇਸ਼ਨ' ਦੁਆਰਾ ਪਿਛਲੇ 6 ਮਹੀਨਿਆਂ ਦੋਰਾਨ 14 ਅਲੱਗ-ਅਲੱਗ  ਮਾਮਲੇ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ
ਮਾਮਲਿਆਂ ਦੀ ਸੁਣਵਾਈ ਦੌਰਾਨ ਰਿਪੋਰਟ ਨੂੰ ਸਹੀ ਪਾਇਆ ਗਿਆ ਅਤੇ 14 ਮਿਲਾਵਟਖੋਰਾਂ ਖਿਲਾਫ਼ ਕਾਰਵਾਈ ਕਰਦੇ ਹੋਏ ਕੁੱਲ 93 ਹਜ਼ਾਰ ਰੁਪਏ ਦੇ ਜ਼ੁਰਮਾਨੇ ਕੀਤੇ ਗਏ ਹਨ।
            ਸ੍ਰੀਮਤੀ ਕਲੇਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਜ਼ਿਲ੍ਹਾ ਸਿਹਤ ਅਫ਼ਸਰ ਦੀ ਅਗਵਾਈ ਵਿੱਚ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ। ਸੂਚਨਾ ਮਿਲਣ 'ਤੇ ਇਹ ਟੀਮ ਜ਼ਿਲ੍ਹੇ ਵਿੱਚ ਵੱਖ-ਵੱਖ ਮਠਿਆਈਆਂ, ਡੇਅਰੀ ਪ੍ਰੋਡਕਟ ਅਤੇ ਖਾਣ-ਪੀਣ ਦੀਆਂ ਚੀਜਾਂ ਵੇਚਣ ਵਾਲਿਆਂ ਦੀਆਂ ਦੁਕਾਨਾਂ 'ਤੇ ਜਾ ਕੇ ਇਕ ਪ੍ਰੋਡਕਟ ਦੇ ਚਾਰ ਸੈਂਪਲ ਭਰਦੀ ਹੈ। ਸੈਂਪਲ ਲੈਣ ਤੋਂ ਬਾਅਦ ਇਸ ਨੂੰ ਖਰੜ ਵਿਖੇ ਸਰਕਾਰੀ ਲੈਬਾਰਟਰੀ ਵਿੱਚ ਟੈਸਟਿੰਗ ਲਈ ਭੇਜ ਦਿੱਤਾ ਜਾਂਦਾ ਹੈ, ਜੇਕਰ ਰਿਪੋਰਟ ਨੈਗਟਿਵ ਆਉਂਦੀ ਹੈ, ਤਾਂ ਇਸ ਦੀ ਕਾਨੂੰਨੀ ਨਿਯਮਾਂ ਅਨੁਸਾਰ ਸਿਹਤ ਤੇ ਪਰਿਵਾਰ ਭਲਾਈ ਦੇ ਵਿੰਗ ਫੂਡ ਐਂਡ ਡਰੱਗਜ਼ ਐਡਮਨਿਸਟ੍ਰੇਸ਼ਨ ਦੁਆਰਾ ਰਿਪੋਰਟ ਬਣਾ ਕੇ ਕੇਸ ਸੁਣਵਾਈ ਲਈ ਭੇਜ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਖਰੜ ਵਿਖੇ ਨੈਗਟਿਵ ਰਿਪੋਰਟ ਆਉਣ 'ਤੇ ਜੇਕਰ ਫਿਰ ਵੀ ਦੁਕਾਨਦਾਰ ਨੂੰ ਲੱਗਦਾ ਹੈ ਕਿ ਉਸਦਾ ਪ੍ਰੋਡਕਟ ਸਹੀ ਹੈ, ਤਾਂ ਇਸ ਲਈ ਲਏ ਗਏ ਸੈਂਪਲ ਨੂੰ ਦੁਬਾਰਾ ਜਾਂਚ ਲਈ ਗਾਜੀਆਬਾਦ ਵਿਖੇ ਸਥਾਪਤ ਸੈਂਟਰਲ ਲਾਇਬ੍ਰੇਰੀ ਨੂੰ ਭੇਜ ਦਿੱਤਾ ਜਾਂਦਾ ਹੈ, ਜੇਕਰ ਉਥੇ ਵੀ ਰਿਪੋਰਟ ਨੈਗਟਿਵ ਆਉਂਦੀ ਹੈ, ਤਾਂ ਸਬੰਧਤ ਦੁਕਾਨਦਾਰ ਦੇ ਖਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ।
        ਏ.ਡੀ.ਸੀ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਫੂਡ ਐਂਡ ਸੇਫਟੀ ਐਕਟ 2006 ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਅਤੇ ਕਿਸੇ ਵੀ ਵਿਕਰੇਤਾ ਨੂੰ ਖਰਾਬ ਜਾਂ ਮਿਲਾਵਟੀ ਸਮਾਨ ਵੇਚਣ ਦੀ ਇਜ਼ਾਜਤ ਨਹੀਂ ਹੈ। ਉਨ੍ਹਾਂ ਦੱਸਿਆ ਜੇਕਰ ਕਿਸੇ ਵਿਅਕਤੀ ਨੂੰ ਲੱਗਦਾ ਹੈ ਕਿ ਕੋਈ ਦੁਕਾਨਦਾਰ ਖਰਾਬ ਜਾਂ ਮਿਲਾਵਟੀ ਸਮਾਨ ਵੇਚਦਾ ਹੈ, ਤਾਂ ਇਸ ਸਬੰਧੀ ਗੁਪਤ ਜਾਣਕਾਰੀ ਸਿਵਲ ਸਰਜਨ ਦਫ਼ਤਰ ਦੇ ਫੋਨ ਨੰਬਰ 01882-252170 'ਤੇ ਦਿੱਤੀ ਜਾ ਸਕਦੀ ਹੈ।

ਲੋੜਵੰਦਾਂ ਤੱਕ ਮੁਫ਼ਤ ਕਾਨੂੰਨੀ ਸਹਾਇਤਾ ਪਹੁੰਚਾਉਣ ਲਈ ਫੈਲਾਈ ਜਾ ਰਹੀ ਹੈ ਜਾਗਰੂਕਤਾ


  •  ਜ਼ਿਲ੍ਹਾ ਤੇ ਸੈਸ਼ਨ ਜੱਜ-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਹੋਈ ਬੈਠਕ
ਹੁਸ਼ਿਆਰਪੁਰ, 26 ਅਕਤੂਬਰ:ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਐਸ.ਕੇ. ਅਰੋੜਾ ਨੇ ਕਿਹਾ ਕਿ ਲੋੜਵੰਦ ਵਿਅਕਤੀਆਂ ਤੱਕ ਮੁਫ਼ਤ ਕਾਨੂੰਨੀ ਸਹਾਇਤਾ ਪਹੁੰਚਾਉਣ ਲਈ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾ ਰਹੀ ਹੈ। ਉਹ ਅੱਜ  ਕੋਰਟ ਕੰਪਲੈਕਸ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਬੈਠਕ ਨੂੰ ਸੰਬੋਧਨ ਕਰ ਰਹੇ ਸਨ, ਜਿਸ ਵਿੱਚ ਨਿਆਂਇਕ, ਸਿਵਲ ਅਤੇ ਪੁਲਿਸ ਦੇ ਅਧਿਕਾਰੀ ਮੌਜੂਦ ਸਨ।
ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਕਿਹਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦਾ ਲਾਭ ਉਠਾਉਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਦੇ ਸਮੇਂ ਅਤੇ ਧਨ ਦੀ ਬੱਚਤ ਹੋ ਸਕੇ। ਉਨ੍ਹਾਂ ਕਿਹਾ ਕਿ ਨਾਲਸਾ ਦੀਆਂ ਸਕੀਮਾਂ ਸਬੰਧੀ ਜਾਗਰੂਕ ਕਰਨ ਲਈ ਵੱਖ-ਵੱਖ ਪਿੰਡਾਂ
ਵਿੱਚ ਲੀਗਲ ਏਡ ਕਲੀਨਿਕ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅਤੇ ਸਬ-ਡਵੀਜ਼ਨ ਪੱਧਰ 'ਤੇ ਵੀ ਲੀਗਲ ਏਡ ਕਲੀਨਿਕ ਖੋਲ੍ਹ ਕੇ ਵੱਧ ਤੋਂ ਵੱਧ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ (ਨਾਲਸਾ) ਸਬੰਧੀ ਜਾਗਰੂਕਤਾ ਫੈਲਾਈ ਜਾ ਰਹੀ ਹੈ, ਤਾਂ ਜੋ ਲੋੜਵੰਦ ਵਿਅਕਤੀ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਣ। ਉਨ੍ਹਾਂ ਕਿਹਾ ਕਿ ਇਹ ਉਪਰਾਲੇ ਕਾਨੂੰਨੀ ਸਲਾਹ ਲੈਣ ਵਾਲਿਆਂ ਨੂੰ ਸਮੇਂ ਸਿਰ ਜਾਣਕਾਰੀ ਮੁਹੱਈਆ ਕਰਵਾਉਣ ਲਈ ਕੀਤੇ ਜਾ ਰਹੇ  ਹਨ। ਉਨ੍ਹਾਂ ਪੁਲਿਸ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਾਂਝ ਕੇਂਦਰਾਂ ਵਿੱਚ ਵੀ ਵਿਸ਼ੇਸ਼ ਹੈਲਪ ਡੈਸਕ ਬਣਾ ਕੇ ਕਾਨੂੰਨੀ ਸਹਾਇਤਾ ਸਬੰਧੀ ਜਾਣਕਾਰੀ ਮੁਹੱਈਆ ਕਰਾਉਣ ਨੂੰ ਯਕੀਨੀ ਬਣਾਇਆ ਜਾਵੇ।
ਇਸ ਦੌਰਾਨ  ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਰਵੀ ਗੁਲਾਟੀ, ਸੀ.ਜੇ.ਐਮ.ਸ੍ਰੀ ਅਸ਼ੀਸ਼ ਸਾਲਦੀ, ਸਹਾਇਕ ਕਮਿਸ਼ਨਰ ਅਮਰਜੀਤ ਸਿੰਘ, ਜ਼ਿਲ੍ਹਾ ਅਟਾਰਨੀ ਸ੍ਰੀ ਜਗੀਰ ਸਿੰਘ, ਡੀ.ਐਸ.ਪੀ. ਸ੍ਰੀ ਗੁਰਜੀਤ ਪਾਲ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਬਾਰ ਐਸੋਸੀਏਸ਼ਨ ਸ੍ਰੀ ਆਰ.ਪੀ. ਧੀਰ ਵੀ ਮੌਜੂਦ ਸਨ।

ਜਹਾਨਖੇਲ੍ਹਾਂ 'ਚ ਦੋ ਰੋਜ਼ਾ ਸਪੋਰਟਸ ਅਤੇ ਐਥਲੈਟਿਕਸ ਮੀਟ ਸ਼ਾਨਦਾਰ ਤਰੀਕੇ ਨਾਲ ਸਮਾਪਤ


  • ਸਿਖਿਆਰਥੀਆਂ ਦੀ ਸਖ਼ਸ਼ੀਅਤ ਨਿਖਾਰਨ ਲਈ ਖੇਡਾਂ ਦਾ ਅਹਿਮ ਯੋਗਦਾਨ : ਵਧੀਕ ਡਾਇਰੈਕਟਰ ਜਨਰਲ ਪੁਲਿਸ ਆਰਮਡ ਬਟਾਲੀਅਨਜ
ਹੁਸ਼ਿਆਰਪੁਰ, 26 ਅਕਤੂਬਰ: ਪੁਲਿਸ ਰਿਕਰੂਟਸ ਟਰੇਨਿੰਗ ਸੈਂਟਰ ਜਹਾਨਖੇਲ੍ਹਾਂ ਵਿਖੇ ਦੋ ਰੋਜ਼ਾ ਸਪੋਰਟਸ ਅਤੇ ਐਥਲੈਟਿਕਸ ਮੀਟ-2017 17 ਦੀ ਸ਼ਾਨਦਾਰ ਤਰੀਕੇ ਨਾਲ ਸਮਾਪਤੀ ਹੋ ਗਈ ਹੈ। ਮੁੱਖ ਮਹਿਮਾਨ ਵਜੋਂ ਪੁੱਜੇ ਸ੍ਰੀ ਕੁਲਦੀਪ ਸਿੰਘ, ਆਈ.ਪੀ.ਐਸ. ਵਧੀਕ ਡਾਇਰੈਕਟਰ ਜਨਰਲ ਪੁਲਿਸ, ਆਰਮਡ ਬਟਾਲੀਅਨਜ ਨੇ ਰਸਮੀ ਤੌਰ 'ਤੇ ਸਮਾਪਨ ਸੈਰੇਮਨੀ ਅਦਾ ਕੀਤੀ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆ ਕਿਹਾ ਕਿ ਖੇਡਾਂ ਦੀ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਹੁੰਦੀ ਹੈ ਅਤੇ ਖੇਡਾਂ ਹੀ ਬੁਰਾਈ ਵਲੋਂ ਹਟਾ ਕੇ ਅਛਾਈ ਵੱਲ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਪੁਲਿਸ ਟਰੇਨਿੰਗ ਵਿੱਚ ਖੇਡਾਂ ਨੂੰ ਟਰੇਨਿੰਗ ਸ਼ਡਿਊਲ ਦਾ ਅਹਿਮ ਅੰਗ ਬਣਾਇਆ ਗਿਆ ਹੈ, ਤਾਂ ਜੋ ਸਿੱਖਿਆਰਥੀਆਂ ਦੀ ਚਹੁੰਪੱਖੀ
ਸਖ਼ਸ਼ੀਅਤ ਦਾ ਵਿਕਾਸ ਹੋ ਸਕੇ। ਉਨ੍ਹਾਂ ਕਮਾਂਡੈਂਟ ਪੀ.ਆਰ.ਟੀ.ਸੀ. ਭੁਪਿੰਦਰ ਸਿੰਘ ਨੂੰ ਇਸ ਸਮਾਗਮ ਲਈ ਵਧਾਈ ਦਿੱਤੀ। ਉਨ੍ਹਾਂ ਸਮੂਹ ਪਦਕ ਜੇਤੂਆਂ ਅਤੇ ਭਾਗ ਲੈਣ ਵਾਲੇ ਸਿਖਿਆਰਥੀਆਂ ਨੂੰ ਵੀ ਇਸ ਉਦਮ ਲਈ ਸਾਬਾਸ਼ ਦਿੱਤੀ। ਸ੍ਰੀ ਅਵਿਨਾਸ਼ ਰਾਏ ਖੰਨਾ ਵਾਈਸ ਚੇਅਰਮੈਨ ਇੰਡੀਅਨ ਰੈਡ ਕਰਾਸ ਸੁਸਾਇਟੀ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਨੇ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਅਤੇ ਸਿਖਿਆਰਥੀਆਂ ਨੂੰ ਸਾਬਾਸ਼ ਦਿੱਤੀ।
ਇਸ ਮੌਕੇ 'ਤੇ ਇਸ ਕੇਂਦਰ ਦੇ ਕਮਾਂਡੈਂਟ ਭੁਪਿੰਦਰ ਸਿੰਘ ਪੀ.ਪੀ.ਐਸ. ਨੇ ਕਿਹਾ ਕਿ ਇਸ ਖੇਡ ਸਮਾਗਮ ਦੀ ਸ਼ੁਰੂਆਤ ਸਾਲ 2016 ਵਿੱਚ ਕੀਤੀ ਗਈ ਸੀ ਅਤੇ ਇਸ ਵਿੱਚ ਰਿਕਰੂਟ ਸਿਪਾਹੀਆਂ ਨੇ ਭਾਗ ਲਿਆ ਸੀ। ਉਨ੍ਹਾਂ ਦੱਸਿਆ ਕਿ ਇਸ ਕੇਂਦਰ ਦੇ ਖੇਡ ਸਟੇਡੀਅਮ ਵਿੱਚ ਇਕ ਨਵਾਂ ਪੈਵਿਲੀਅਨ ਬਣਾਇਆ ਗਿਆ ਹੈ, ਜਿਸ ਦਾ ਨਾਮ ਉਘੇ ਉਲੰਪਿਕ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੇ ਨਾਮ 'ਤੇ ਰੱਖਿਆ ਗਿਆ ਹੈ।
ਇਸ ਮੌਕੇ ਡੀ.ਐਸ.ਪੀ. ਹਰਜੀਤ ਸਿੰਘ, ਡੀ.ਐਸ.ਪੀ. ਮਲਕੀਤ ਸਿੰਘ, ਕੰਵਲਪ੍ਰੀਤ ਸਿੰਘ ਉਪ ਜਿਲ੍ਹਾ ਅਟਾਰਨੀ, ਦਿਨੇਸ਼ ਕਾਠੀਆ ਏ.ਡੀ.ਏ., ਅਮਿਤ ਧਵਨ ਏ.ਡੀ.ਏ., ਇੰਸਪੈਕਟਰ ਸਤਨਾਮ ਸਿੰਘ ਅਤੇ ਇੰਸਪੈਕਟਰ ਦਰਸ਼ਨ ਸਿੰਘ ਨੇ ਇਸ ਖੇਡ ਸਮਾਗਮ ਵਿੱਚ ਆਪਣਾ ਅਹਿਮ ਯੋਗਦਾਨ ਦਿੱਤਾ। ਇਸ ਖੇਡ ਸਮਾਗਮ ਦਾ ਹੁਸ਼ਿਆਰਪੁਰ ਸ਼ਹਿਰ, ਆਲੇ-ਦੁਆਲੇ ਦੇ ਪਿੰਡਾਂ ਅਤੇ ਕਸਬਿਆਂ ਦੇ ਵਸਨੀਕਾਂ ਨੇ ਵੀ ਭਰਪੂਰ ਆਨੰਦ ਮਾਣਿਆ। ਇਸ ਮੌਕੇ ਸੱਭਿਆਚਾਰਕ  ਪ੍ਰੋਗਰਾਮ ਵੀ ਖਿੱਚ ਦਾ ਕੇਂਦਰ ਰਹੇ।

ਭਰਤੀ ਰੈਲੀ ਲਈ ਚੱਲ ਰਹੇ ਸਪੈਸ਼ਲ ਪ੍ਰੀ ਰਿਕਰੂਟਮੈਂਟ ਟਰੇਨਿੰਗ ਕੇਡਰ ਦਾ ਲਿਆ ਜਾਵੇ ਲਾਹਾ


ਹੁਸ਼ਿਆਰਪੁਰ, 26 ਅਕਤੂਬਰ:  ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ (ਰਿਟਾ:) ਕਰਨਲ ਦਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਰਮੀ ਮੈਡੀਕਲ ਕੋਰ ਸੈਂਟਰ ਅਤੇ ਕਾਲਜ ਵਿਖੇ 4 ਦਸੰਬਰ 2017 ਤੋਂ ਸੋਲਜਰ ਜੀ.ਡੀ. (ਐਂਬੂਲੈਂਸ ਅਸਿਸਟੈਂਟ ਅਤੇ ਡਰਾਇਵਰ), ਸੋਲਜਰ ਨਰਸਿੰਗ ਅਸਿਸਟੈਂਟ, ਸੋਲਜਰ ਕਲਰਕ/ਸਟੋਰ ਕੀਪਰ ਟੈਕਨੀਕਲ ਅਤੇ ਸੋਲਜਰ ਟਰੇਡਮੈਨ (10ਵੀਂ ਅਤੇ 8ਵੀਂ ਪਾਸ) ਕੈਟਾਗਰੀ ਲਈ ਭਰਤੀ ਰੈਲੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਹੁਸ਼ਿਆਰਪੁਰ ਵਿਖੇ ਇਕ ਸਪੈਸ਼ਲ ਪ੍ਰੀ-ਰਿਕਰੂਟਮੈਂਟ ਟ੍ਰੇਨਿੰਗ ਕੇਡਰ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਆਪਣੀ ਅਸਲ ਵਿਦਿਅਕ ਯੋਗਤਾ ਸਰਟੀਫਿਕੇਟ, ਉਮਰ ਦਾ ਸਬੂਤ, ਐਸ.ਸੀ./ਐਸ.ਟੀ. ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ ਅਤੇ ਸਾਬਕਾ ਸੈਨਿਕ ਦੇ ਆਸ਼ਰਿਤ ਹੋਣ ਦੀ ਸੂਰਤ ਵਿੱਚ ਡਿਸਚਾਰਜ ਬੁੱਕ ਜਾਂ ਰਿਲੇਸ਼ਨਸ਼ਿਪ ਸਰਟੀਫਿਕੇਟ ਦੀ ਕਾਪੀ ਨਾਲ ਲਿਆ ਕੇ ਆਪਣਾ ਨਾਂ ਰਜਿਸਟਰ ਕਰਵਾ ਸਕਦੇ ਹਨ।
            ਉਨ੍ਹਾਂ ਦੱਸਿਆ ਕਿ ਭਰਤੀ ਲਈ ਸੋਲਜਰ ਜੀ.ਡੀ. (ਐਂਬੂਲੈਂਸ ਅਸਿਸਟੈਂਟ ਅਤੇ ਡਰਾਇਵਰ) ਲਈ ਉਮਰ ਹੱਦ ਸਾਢੇ 17 ਸਾਲ ਤੋਂ 21 ਸਾਲ, ਜਦਕਿ ਸੋਲਜਰ ਨਰਸਿੰਗ ਅਸਿਸਟੈਂਟ ਸੋਲਜਰ ਕਲਰਕ/ਸਟੋਰ ਕੀਪਰ ਟੈਕਨੀਕਲ ਅਤੇ ਸੋਲਜਰ ਟਰੇਡਮੈਨ ਲਈ ਉਮਰ ਹੱਦ ਸਾਢੇ 17 ਸਾਲ ਤੋਂ 23 ਸਾਲ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਸੋਲਜਰ ਜੀ.ਡੀ. ਅਤੇ ਸੋਲਜਰ ਨਰਸਿੰਗ ਅਸਿਸਟੈਂਟ ਲਈ ਕੱਦ 170 ਸੈਂਟੀਮੀਟਰ, ਸੋਲਜਰ ਕਲਰਕ/ਐਸ.ਕੇ.ਟੀ. ਲਈ ਕੱਦ 162 ਸੈਂਟੀਮੀਟਰ ਹੋਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਛਾਤੀ 77 ਇੰਚ ਅਤੇ ਭਾਰ 50 ਕਿਲੋ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੋਲਜਰ ਟੈਕਨੀਕਲ ਸੋਲਜਰ ਕਲਰਕ ਲਈ 12ਵੀਂ 50 ਪ੍ਰਤੀਸ਼ਤ ਅੰਕਾਂ ਨਾਲ ਪਾਸ ਕੀਤੀ ਹੋਵੇ ਅਤੇ ਹਰੇਕ ਵਿਸ਼ੇ ਵਿੱਚੋਂ 40 ਪ੍ਰਤੀਸ਼ਤ ਨੰਬਰ ਹੋਣ। ਉਨ੍ਹਾਂ ਦੱਸਿਆ ਕਿ ਸੋਲਜਰ ਟ੍ਰੇਡਮੈਨ ਅਤੇ ਸੋਲਜਰ ਜੀ.ਡੀ. ਲਈ 10ਵੀਂ 45 ਪ੍ਰਤੀਸ਼ਤ ਨੰਬਰਾਂ ਨਾਲ ਪਾਸ ਕੀਤੀ ਹੋਵੇ ਅਤੇ ਹਰੇਕ ਵਿਸ਼ੇ ਵਿਚੋਂ 33 ਪ੍ਰਤੀਸ਼ਤ ਨੰਬਰ ਹੋਣਾ ਜ਼ਰੂਰੀ ਹਨ।

ਜ਼ਿਲ੍ਹੇ ਦੇ ਪੋਲਿੰਗ ਸਟੇਸ਼ਨਾਂ ਦੀ ਗਿਣਤੀ ਵੱਧ ਕੇ 1517 ਹੋਈ : ਜ਼ਿਲ੍ਹਾ ਚੋਣ ਅਫਸਰ


  •  ਵਧੇ ਹੋਏ ਬੂਥਾਂ 'ਤੇ ਨਿਯੁਕਤ ਕੀਤੇ ਬੂਥ ਲੈਵਲ ਅਫ਼ਸਰ ਯੋਗਤਾ ਮਿਤੀ 01-01-2018 ਦੇ ਅਧਾਰ 'ਤੇ 19 ਅਤੇ 26 ਨਵੰਬਰ ਨੂੰ ਵਿਸ਼ੇਸ਼ ਕੈਂਪ ਦੌਰਾਨ ਪ੍ਰਾਪਤ ਕਰਨਗੇ ਵੋਟਰ ਸੂਚੀਆਂ ਦੇ ਦਾਅਵੇ/ਇਤਰਾਜ਼
ਹੁਸ਼ਿਆਰਪੁਰ,  26 ਅਕਤੂਬਰ: ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਕਰ ਕੇ ਤਜਵੀਜ਼ਾਂ ਮੁੱਖ ਚੋਣ ਅਫ਼ਸਰ ਪੰਜਾਬ ਨੂੰ ਭੇਜੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਜਵੀਜ਼ਤ ਪੋਲਿੰਗ ਸਟੇਸ਼ਨਾਂ ਦੀ ਭਾਰਤ ਚੋਣ ਕਮਿਸ਼ਨ ਵਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ, ਜਿਸ ਤਹਿਤ ਹੁਣ ਜ਼ਿਲ੍ਹੇ ਵਿੱਚ ਕੁੱਲ 9 ਪੋਲਿੰਗ ਸਟੇਸ਼ਨ ਵੱਧਣ ਨਾਲ 1517 ਪੋਲਿੰਗ ਸਟੇਸ਼ਨ ਹੋ ਗਏ ਹਨ, ਜਦਕਿ ਪਹਿਲਾਂ 1508 ਪੋਲਿੰਗ ਸਟੇਸ਼ਨ ਸਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 39-ਮੁਕੇਰੀਆਂ ਵਿੱਚ 1 ਪੋਲਿੰਗ ਸਟੇਸ਼ਨ ਵੱਧਣ ਨਾਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 241 ਹੋ ਗਈ ਹੈ, ਜਦਕਿ ਵਿਧਾਨ ਸਭਾ ਚੋਣ ਹਲਕਾ 40-ਦਸੂਹਾ ਵਿੱਚ 2 ਪੋਲਿੰਗ ਸਟੇਸ਼ਨਾਂ ਦੇ
ਵਾਧੇ ਨਾਲ 214, 43-ਹੁਸ਼ਿਆਰਪੁਰ ਵਿੱਚ 4 ਪੋਲਿੰਗ ਸਟੇਸ਼ਨ ਵਧਣ ਨਾਲ 203 ਅਤੇ 44-ਚੱਬੇਵਾਲ ਵਿੱਚ 2 ਪੋਲਿੰਗ ਸਟੇਸ਼ਨ ਵਧਣ ਨਾਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 205 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 41-ਉੜਮੁੜ, 42-ਸ਼ਾਮ ਚੁਰਾਸੀ ਅਤੇ 45-ਗੜ੍ਹਸ਼ੰਕਰ ਦੇ ਪੋਲਿੰਗ ਸਟੇਸ਼ਨਾਂ ਵਿੱਚ ਕੋਈ ਵਾਧਾ ਨਹੀਂ ਹੋਇਆ ਅਤੇ ਇਨ੍ਹਾਂ ਦੀ ਗਿਣਤੀ ਕ੍ਰਮਵਾਰ 214, 213 ਅਤੇ 227 ਹੀ ਹੈ।
         ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਸਬੰਧੀ ਹਦਾਇਤਾਂ ਪ੍ਰਾਪਤ ਹੋਈਆਂ ਸਨ ਕਿ ਪੇਂਡੂ ਏਰੀਏ ਵਿੱਚ 1200 ਅਤੇ ਸ਼ਹਿਰੀ ਏਰੀਏ ਵਿੱਚ 1400 ਤੋਂ ਵੱਧ ਵੋਟਰਾਂ ਵਾਲੇ ਪੋਲਿੰਗ ਸਟੇਸ਼ਨਾਂ ਨੂੰ 2 ਪੋਲਿੰਗ ਸਟੇਸ਼ਨਾਂ ਵਿੱਚ ਵੰਡਿਆ ਜਾਵੇ, ਜਾਂ ਇਸ ਦੀ ਲਿਮਟ ਤੋਂ ਉਪਰ ਦੇ ਵੋਟਰਾਂ ਨੂੰ ਉਸ ਏਰੀਏ ਵਿੱਚ ਸਥਾਪਿਤ ਦੂਜੇ ਪੋਲਿੰਗ ਸਟੇਸ਼ਨਾਂ ਵਿੱਚ ਸਥਾਪਿਤ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਧੇ ਹੋਏ ਬੂਥਾਂ 'ਤੇ ਵੱਖਰਾ-ਵੱਖਰਾ ਬੂਥ ਲੈਵਲ ਅਫ਼ਸਰ ਨਿਯੁਕਤ ਕਰ ਦਿੱਤਾ ਗਿਆ ਹੈ ਅਤੇ ਯੋਗਤਾ ਮਿਤੀ 01-01-2018 ਦੇ ਅਧਾਰ 'ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਸਬੰਧੀ ਵਿਸ਼ੇਸ਼ ਕੈਂਪ 19 ਨਵੰਬਰ ਅਤੇ 26 ਨਵੰਬਰ ਐਤਵਾਰ ਵਾਲੇ ਦਿਨ ਸਮੂਹ ਪੋਲਿੰਗ ਸਟੇਸ਼ਨਾਂ 'ਤੇ ਲੱਗਣਗੇ, ਜਿਸ ਦੌਰਾਨ ਬੂਥ ਲੈਵਲ ਅਫ਼ਸਰ ਵੋਟਰ ਸੂਚੀਆਂ ਦੇ ਦਾਅਵੇ/ਇਤਰਾਜ਼ ਪ੍ਰਾਪਤ ਕਰਨਗੇ। ਉਨ੍ਹਾਂ ਦੱਸਿਆ ਕਿ ਪੋਲਿੰਗ ਸਟੇਸ਼ਨਾਂ ਦੀਆਂ ਨਵੀਆਂ ਸੂਚੀਆਂ ਜ਼ਿਲ੍ਹਾ ਚੋਣ ਦਫ਼ਤਰ ਅਤੇ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਦੇਖੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ 15 ਨਵੰਬਰ 2017 ਤੋਂ ਪੋਲਿੰਗ ਸਟੇਸ਼ਨਾਂ ਦੀਆਂ ਨਵੀਆਂ ਸੂਚੀਆਂ ਅਤੇ ਵੋਟਰ ਸੂਚੀਆਂ ਮੁੱਖ ਚੋਣ ਅਫ਼ਸਰ ਦੀ ਵੈਬਸਾਈਟ www. ceopunjab.nic.in  'ਤੇ ਵੀ ਵੇਖੀਆਂ ਜਾ ਸਕਦੀਆਂ ਹਨ।

ਜ਼ਿਲ੍ਹਾ ਮੈਜਿਸਟਰੇਟ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਹੁਸ਼ਿਆਰਪੁਰ, 25 ਅਕਤੂਬਰ: ਜ਼ਿਲ੍ਹਾ ਮੈਜਿਸਟਰੇਟ ਸ੍ਰੀ ਵਿਪੁਲ ਉਜਵਲ ਨੇ ਜ਼ਿਲ੍ਹੇ ਵਿੱਚ ਇਤਿਹਾਸਕ ਸਮਾਰਕ ਪੁਰਾਤਤਵ ਸਾਈਟਾਂ ਦੀ ਚਾਰਦੀਵਾਰੀ ਦੇ 300 ਮੀਟਰ ਦੇ ਘੇਰੇ ਅੰਦਰ ਪੋਲੀਥੀਨ ਦੀ ਵਰਤੋਂ ਕਰਨ 'ਤੇ ਪਾਬੰਦੀ ਲਗਾਈ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਫੌਜਦਾਰੀ ਜ਼ਾਬਤਾ ਸੰਘ 1973 (1974 ਦਾ ਐਕਟ ਨੰ:2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇਹ ਹੁਕਮ Jhandewala Temple Dholbaha, Exacavated Temple Dholbaha, Mansa Devi Temple Dholbaha, Ancient Temple Dholbaha, Octagonal Well Dholbaha, Temple Hari Devi Bhawanipur, Temple Thakurdwara Ram Tatwali  ਦੇ ਇਤਿਹਾਸਕ ਪੁਰਾਤੱਤਵ ਸਮਾਰਕਾਂ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਜਾਰੀ ਕੀਤੇ ਹਨ। ਇਹ ਹੁਕਮ 21 ਦਸੰਬਰ 2017 ਤੱਕ ਲਾਗੂ ਰਹੇਗਾ।

                       ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਸ੍ਰੀ ਵਿਪੁਲ ਉਜਵਲ ਨੇ ਧਾਰਾ 144 ਸੀ.ਆਰ.ਪੀ.ਸੀ. 1973 ਦੇ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸੀਮਨ ਦਾ ਅਣ ਅਧਿਕਾਰਤ ਤੌਰ 'ਤੇ ਭੰਡਾਰਨ ਕਰਨ, ਟਰਾਂਸਪੋਰਟੇਸ਼ਨ ਕਰਨ, ਵਰਤਣ ਜਾਂ ਵੇਚਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਪਸ਼ੂ ਪਾਲਣ ਵਿਭਾਗ, ਪੰਜਾਬ ਦੀਆਂ ਸਮੂਹ ਵੈਟਨਰੀ ਸੰਸਥਾਵਾਂ ਸਮੇਤ ਪਸ਼ੂ ਹਸਪਤਾਲ/ ਡਿਸਪੈਂਸਰੀਆਂ ਅਤੇ ਪੋਲੀਕਲੀਨਿਕ, ਪਸ਼ੂ ਪਾਲਣ ਵਿਭਾਗ, ਪੰਜਾਬ ਮਿਲਕਫੈਡ ਅਤੇ ਕਾਲਜ ਆਫ਼ ਵੈਟਨਰੀ ਸਾਇੰਸ, ਗਡਵਾਸੂ ਲੁਧਿਆਣਾ ਵੱਲੋਂ ਚਲਾਏ ਜਾ ਰਹੇ ਆਰਟੀਫੀਸ਼ਲ ਇਨਸੈਮੀਨੇਸ਼ਨ ਸੈਂਟਰ, ਕੋਈ ਹੋਰ ਆਰਟੀਫੀਸ਼ਲ ਇਨਸੈਮੀਨੇਸ਼ਨ ਸੈਂਟਰ ਜੋ ਕਿ ਪਸ਼ੂ ਪਾਲਣ ਵਿਭਾਗ, ਪੰਜਾਬ ਵੱਲੋਂ ਪ੍ਰੋਸੈਸ ਅਤੇ ਸਪਲਾਈ ਜਾਂ ਇੰਪੋਰਟ ਕੀਤੇ ਗਏ ਬੋਵਾਇਨ ਸੀਮਨ ਨੂੰ ਵਰਤ ਰਹੇ ਹਨ, ਪ੍ਰੋਗਰੈਸਿਵ ਡੇਅਰੀ ਫਾਰਮਜ਼ ਐਸੋਸੀਏਸ਼ਨ, ਪੰਜਾਬ ਦੇ ਮੈਂਬਰ ਜਿਨ੍ਹਾਂ ਨੇ ਕੇਵਲ ਆਪਣੇ ਪਸ਼ੂਆਂ ਦੀ ਵਰਤੋਂ ਲਈ ਬੋਵਾਇਨ ਸੀਮਨ ਇੰਪੋਰਟ ਕੀਤਾ ਹੋਵੇ 'ਤੇ ਲਾਗੂ ਨਹੀਂ ਹੋਵੇਗੀ।
                       ਜ਼ਿਲ੍ਹਾ ਮੈਜਿਸਟਰੇਟ ਨੇ ਫੌਜਦਾਰੀ ਜਾਬਤਾ ਸੰਘਤਾ 1973(1974 ਦਾ ਐਕਟ-2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਦੀ ਹਦੂਦ ਅੰਦਰ ਹਰੇ ਅੰਬ ਦੇ ਬਹੁਤ ਹੀ ਮਹੱਤਵਪੂਰਨ ਦਰਖੱਤਾਂ ਦੀ ਕਟਾਈ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾ ਦਿੱਤੀ ਹੈ। ਜੇਕਰ ਉਕਤ ਦਰੱਖਤਾਂ ਨੂੰ ਵਿਸ਼ੇਸ਼ ਹਾਲਾਤ ਵਿੱਚ ਕੱਟਣਾ ਜ਼ਰੂਰੀ ਹੋਵੇ ਤਾਂ ਜੰਗਲਾਤ ਵਿਭਾਗ ਦੀ ਪ੍ਰਵਾਨਗੀ ਨਾਲ ਹੀ ਕੱਟੇ ਜਾਣ। ਇਸ ਮੰਤਵ ਲਈ ਵਣ ਵਿਭਾਗ ਵੱਲੋਂ ਉਹ ਹੀ ਪ੍ਰਕ੍ਰਿਆ ਅਪਨਾਈ ਜਾਵੇਗੀ, ਜਿਹੜੀ ਕਿ ਪੰਜਾਬ ਭੂਮੀ ਸੁਰੱਖਿਆ ਐਕਟ-1900 ਦਫਾ-4 ਅਤੇ 5 ਅਧੀਨ ਬੰਦ ਰਕਬੇ ਵਿੱਚ ਪਰਮਿੱਟ ਦੇਣ ਲਈ ਅਪਣਾਈ ਜਾਂਦੀ ਹੈ। 
                       ਇਸ ਤੋਂ ਇਲਾਵਾ ਇਕ ਹੋਰ ਹੁਕਮ ਜਾਰੀ ਕਰਦਿਆਂ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਵਿਪੁਲ ਉਜਵਲ ਨੇ ਜ਼ਿਲ੍ਹੇ ਦੀ ਹਦੂਦ ਅੰਦਰ ਗੱਡੀਆਂ ਵਿੱਚ ਕਾਲੀ ਫ਼ਿਲਮ ਦੀ ਦੁਰਵਰਤੋਂ ਕਰਨ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਕੀਤੇ ਹੁਕਮ ਵਿੱਚ ਉਨ੍ਹਾਂ ਦੱਸਿਆ ਕਿ ਇਹ ਦੇਖਣ ਵਿੱਚ ਆਇਆ ਹੈ ਕਿ ਕੁਝ ਪ੍ਰਭਾਵਸ਼ਾਲੀ ਲੋਕ, ਅਫ਼ਸਰ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਆਪਣੀਆਂ ਗੱਡੀਆਂ 'ਤੇ ਕਾਲੀ ਫ਼ਿਲਮ ਦੀ ਦੁਰਵਰਤੋਂ ਕਰਦੇ ਹਨ। ਇਸ ਲਈ ਫੌਜਦਾਰੀ ਜ਼ਾਬਤਾ ਸੰਘ 1973 (1974 ਦਾ ਐਕਟ ਨੰ:2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇਹ ਹੁਕਮ ਜਾਰੀ ਕੀਤੇ ਜਾਂਦੇ ਹਨ। ਉਕਤ ਤਿੰਨੋਂ ਹੁਕਮ 22 ਦਸੰਬਰ 2017 ਤੱਕ ਲਾਗੂ ਰਹਿਣਗੇ।

ਪ੍ਰਧਾਨ ਮੰਤਰੀ ਵਜ਼ੀਫਾ ਸਕੀਮ ਲਈ ਸਾਬਕਾ ਸੈਨਿਕਾਂ ਦੇ ਬੱਚੇ 10 ਨਵੰਬਰ ਤੱਕ ਆਨ ਲਾਈਨ ਅਪਲਾਈ ਕਰਨ

ਹੁਸ਼ਿਆਰਪੁਰ, 25 ਅਕਤੂਬਰ  ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ (ਰਿਟਾ:) ਕਰਨਲ ਦਲਵਿੰਦਰ ਸਿੰਘ ਨੇ ਦੱਸਿਆ ਕਿ ਕੇਂਦਰੀ ਸੈਨਿਕ ਬੋਰਡ ਨਵੀਂ ਦਿੱਲੀ ਦੀ ਵੈਬਸਾਈਟ www.ksb.gov.gov.in 'ਤੇ ਪ੍ਰਧਾਨ ਮੰਤਰੀ ਸਕਾਲਰਸ਼ਿਪ ਸਕੀਮ ਸਾਲ 2017-18 ਦੇ ਫਾਰਮ ਅਤੇ ਹਦਾਇਤਾਂ ਉਪਲਬੱਧ ਹਨ, ਜ਼ਿਨ੍ਹਾਂ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਸਬੰਧੀ  ਲਾਭਪਾਤਰਾਂ ਵਲੋਂ ਪ੍ਰਤੀ ਬੇਨਤੀ ਫਾਰਮ ਸਮੇਤ ਅਸਲ ਦਸਤਾਵੇਜ਼ ਜਿਵੇਂ ਕਿ ਸਾਬਕਾ ਸੈਨਿਕ/ਸਾਬਕਾ ਕੋਸਟ ਗਾਰਡ ਸਰਟੀਫਿਕੇਟ ਅਨੈਕਚਰ-1, ਪਿੰ੍ਰਸੀਪਲ ਤੋਂ ਬੋਨਾਫਾਇਡ ਸਰਟੀਫਿਕੇਟ ਅਨੈਕਚਰ-2, ਬੈਂਕ ਤੋਂ ਆਧਾਰ ਕਾਰਡ ਲਿੰਕ ਕਰਨ ਬਾਰੇ ਸਰਟੀਫਿਕੇਟ ਅਨੈਕਚਰ -3, ਤਸਦੀਕਸ਼ੁਦਾ ਘੱਟੋ-ਘੱਟ ਯੋਗਤਾ ਸਰਟੀਫਿਕੇਟ, ਸਵੈ-ਤਸਦੀਕਸ਼ੁਦਾ ਮੈਟ੍ਰਿਕੁਲੇਸ਼ਨ ਸਰਟੀਫਿਕੇਟ, ਵਿਦਿਆਰਥੀ ਦੀ ਬੈਂਕ ਪਾਸ ਬੁੱਕ ਦਾ ਪਹਿਲਾਂ ਪੰਨਾ, ਖਾਤਾ ਨੰਬਰ, ਆਧਾਰ ਕਾਰਡ, ਪੀ.ਪੀ.ਓ. ਨੇਵੀ ਅਤੇ ਏਅਰ ਫੋਰਸ ਬੱਚਿਆਂ ਦੇ ਪਾਰਟ ਟੂ ਆਡਰ ਸਕੈਨ ਕਰਕੇ  10 ਨਵੰਬਰ 2017 ਤੱਕ ਕੇਵਲ ਆਨ-ਲਾਈਨ ਰਾਹੀਂ ਇਸ ਦਫ਼ਤਰ ਵਿਖੇ ਭੇਜੇ ਜਾਣ। ਉਨ੍ਹਾਂ ਦੱਸਿਆ ਕਿ ਇਸ ਸਕਾਲਰਸ਼ਿਪ ਲਈ 12ਵੀਂ ਕਲਾਸ ਵਿਚੋਂ ਘੱਟ ਤੋਂ ਘੱਟ 60 ਪ੍ਰਤੀਸ਼ਤ ਨੰਬਰ ਹੋਣੇ ਜ਼ਰੂਰੀ ਹਨ ਅਤੇ ਸਾਲ 2017 ਵਿੱਚ ਕਿੱਤਾਮੁੱਖੀ ਕੋਰਸਾਂ ਵਿੱਚ ਦਾਖਲਾ ਲਿਆ ਹੋਵੇ।
                       ਉਨ੍ਹਾਂ ਦੱਸਿਆ ਕਿ ਸਾਬਕਾ ਸੈਨਿਕ ਇਸ ਸਕੀਮ ਦਾ ਲਾਭ ਲੈਣ ਲਈ ਜਲਦੀ ਤੋਂ ਜਲਦੀ ਇਸ ਦਫ਼ਤਰ ਵਿਖੇ ਦਰਖਾਸਤਾਂ ਆਨ-ਲਾਈਨ ਭੇਜਣ। ਉਨ੍ਹਾਂ ਦੱਆਿ ਕਿ 10 ਨਵੰਬਰ 2017 ਤੋਂ ਬਾਅਦ ਪ੍ਰਾਪਤ ਹੋਈਆਂ ਅਰਜ਼ੀਆਂ 'ਤੇ ਕੋਈ ਗੌਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਆਨ-ਲਾਈਨ ਅਪਲਾਈ ਕੀਤੇ ਫਾਰਮ ਦੀ ਕਾਪੀ ਅਤੇ ਅਸਲ ਦਸਤਾਵੇਜ਼ ਇਸ ਦਫ਼ਤਰ ਵਿਖੇ ਅਪਲਾਈ ਕਰਨ ਵਾਲੇ ਦਿਨ ਹੀ ਜਮ੍ਹਾਂ ਕਰਵਾਏ ਜਾਣ, ਤਾਂ ਜੋ ਪ੍ਰਤੀ ਬੇਨਤੀ ਬਿਨ੍ਹਾਂ ਕਿਸੇ ਦੇਰੀ ਦੇ ਮੁੱਖ ਦਫ਼ਤਰ ਨੂੰ ਭੇਜੀ ਜਾ ਸਕੇ।

ਪੀ.ਆਰ.ਟੀ.ਸੀ. ਜਹਾਨਖੇਲਾਂ ਵਿਖੇ ਦੂਸਰੀ ਇੰਟਰ ਹਾਊਸ ਸਪੋਰਟਸ ਐਂਡ ਐਥਲੈਟਿਕਸ ਮੀਟ-2017 ਦੀ ਹੋਈ ਸ਼ੁਰੂਆਤ

ਹੁਸ਼ਿਆਰਪੁਰ, 25 ਅਕਤੂਬਰ:  ਪੁਲਿਸ ਰਿਕਰੂਟਸ ਟਰੇਨਿੰਗ ਸੈਂਟਰ ਜਹਾਨਖੇਲਾਂ ਵਿਖੇ ਦੂਸਰੀ ਇੰਟਰ ਹਾਊਸ ਸਪੋਰਟਸ ਐਂਡ ਐਥਲੈਟਿਕਸ ਮੀਟ-2017 ਦੀ ਸ਼ੁਰੂਆਤ ਕੇਂਦਰ ਦੇ ਵੀਰ ਜਵਾਨ ਸਟੇਡੀਅਮ ਵਿੱਚ ਹੋਈ। ਇਸ ਐਥਲੈਟਿਕਸ ਮੀਟ ਵਿੱਚ ਓਪਨਿੰਗ ਸੈਰੇਮਨੀ ਲਈ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਹ ਦੂਸਰੀ ਸਪੋਰਟਸ ਮੀਟ ਕਮਾਂਡੈਂਟ ਪੁਲਿਸ ਰਿਕਰੂਟਸ ਟਰੇਨਿੰਗ ਸੈਂਟਰ ਜਹਾਨਖੇਲਾਂ ਸ੍ਰੀ ਭੁਪਿੰਦਰ ਸਿੰਘ ਦੇ ਉਦਮ ਸਦਕਾ ਇਸ ਕੇਂਦਰ ਦੇ ਸਿਖਿਆਰਥੀਆਂ ਨੂੰ 4 ਹਾਊਸ ਸਤਲੁੱਜ, ਰਾਵੀ, ਜਿਹਲਮ ਅਤੇ ਚਨਾਬ ਵਿੱਚ ਵੰਡ ਕੇ ਆਯੋਜਿਤ ਕੀਤੀ ਗਈ। ਇਸ ਸਪੋਰਟਸ ਮੀਟ ਵਿੱਚ ਐਥਲੈਟਿਕਸ ਦੇ ਕੁੱਲ 13 ਅਤੇ 4 ਗੇਮਜ਼, ਫੁੱਟਬਾਲ, ਬਾਲੀਵਾਲ, ਕਬੱਡੀ ਅਤੇ ਬਾਸਕਿਟਬਾਲ ਦੇ ਈਵੈਂਟ ਹਨ।
                       ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਪੁਲਿਸ ਟਰੇਨਿੰਗ ਵਿੱਚ ਖੇਡਾਂ ਦੇ ਮਹੱਤਵ ਨੂੰ ਦਰਸਾਉਂਦੇ ਹੋਏ ਦੱਸਿਆ ਕਿ ਖੇਡਾਂ ਨਾ ਸਿਰਫ ਸਰੀਰਕ ਤੌਰ 'ਤੇ ਬਲਕਿ ਆਤਮਿਕ ਤੌਰ 'ਤੇ ਵੀ ਮਨੁੱਖ ਦੇ ਵਿਕਾਸ ਲਈ ਲਾਹੇਵੰਦ ਹਨ। ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਵਿਜੇਤਾ ਖਿਡਾਰੀਆਂ ਨੂੰ ਪੁਰਸਕਾਰ ਵੀ ਪ੍ਰਦਾਨ ਕੀਤੇ। ਇਸ 2 ਦਿਨਾਂ ਇੰਟਰ ਹਾਊਸ ਸਪੋਰਟਸ ਐਂਡ ਐਥਲੈਟਿਕਸ ਮੀਟ-2017 ਦੇ ਅੱਜ ਪਹਿਲੇ ਦਿਨ ਖੇਡਾਂ ਦੇ ਪ੍ਰਦਰਸ਼ਨ ਤੋਂ ਇਲਾਵਾ ਸਿਖਿਆਰਥੀਆਂ ਵਲੋਂ ਸੱਭਿਆਚਾਰਕ ਪ੍ਰਦਰਸ਼ਨ ਦੇ ਤਹਿਤ ਲੋਕ ਗੀਤ, ਰਾਈਫਲ ਸੁੱਪਰ ਕੋਮ ਡਰਿਲ ਦਾ ਪ੍ਰਦਰਸ਼ਨ, ਮਲਵੱਈ ਗਿੱਧੇ ਦਾ ਪ੍ਰਦਰਸ਼ਨ ਕੀਤਾ ਗਿਆ, ਜਿਸ ਨੂੰ ਮੁੱਖ ਮਹਿਮਾਨ ਅਤੇ ਪਤਵੰਤਿਆਂ ਨੇ ਸਰਾਇਆ ਅਤੇ ਇਸ ਇਤਿਹਾਸਕ ਉਪਰਾਲੇ ਲਈ ਕਮਾਂਡੈਂਟ ਪੀ.ਆਰ.ਟੀ.ਸੀ. ਜਹਾਨਖੇਲਾਂ ਅਤੇ ਸਟਾਫ਼ ਨੂੰ ਵਧਾਈ ਦਿੱਤੀ।
                       ਇਸ ਮੌਕੇ ਸਹਾਇਕ ਕਮਾਂਡੈਂਟ ਬੀ.ਐਸ.ਐਫ. ਖੜਕਾਂ ਕੈਂਪ ਸ੍ਰੀ ਵਿਕਾਸ ਸੁੰਦਰੀਆਲ, ਡੀ.ਐਸ.ਪੀ. ਸ੍ਰੀ ਹਰਜੀਤ ਸਿੰਘ, ਡੀ.ਐਸ.ਪੀ. ਸ੍ਰੀ ਮਲਕੀਤ ਸਿੰਘ, ਡਿਪਟੀ ਡੀ.ਏ. ਸ੍ਰੀ ਕਮਲਪ੍ਰੀਤ ਸਿੰਘ, ਸ੍ਰੀ ਮਨਦੀਪ ਸਿੰਘ ਗਿੱਲ ਅਤੇ ਹੋਰ ਪਤਵੰਤੇ ਵਿਅਕਤੀ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

ਪੰਜਾਬ ਦੇ ਰਾਜਪਾਲ ਨੇ ਸ਼ਹੀਦ ਅਮਰਜੀਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ


  • ਪੰਜਾਬ ਦੇ ਰਾਜਪਾਲ ਨੇ ਸ਼ਹੀਦ ਅਮਰਜੀਤ ਸਿੰਘ ਦੀ ਯਾਦ ਤਾਜ਼ਾ ਰੱਖਣ ਲਈ ਸਕਾਲਰਸ਼ਿਪ ਸਕੀਮ ਦੀ ਕੀਤੀ ਸ਼ੁਰੂਆਤ
  • ਕਿਹਾ, ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ
ਹੁਸ਼ਿਆਰਪੁਰ, 25 ਅਕਤੂਬਰ:  ਪੰਜਾਬ ਦੇ ਰਾਜਪਾਲ ਅਤੇ ਐਡਮਨਿਸਟ੍ਰੇਟਰ ਯੂ.ਟੀ. ਚੰਡੀਗੜ੍ਹ ਸ਼੍ਰੀ ਵੀ.ਪੀ. ਸਿੰਘ ਬਦਨੌਰ ਨੇ ਅੱਜ ਖਾਲਸਾ ਕਾਲਜ ਗੜ੍ਹਦੀਵਾਲਾ ਹੁਸ਼ਿਆਰਪੁਰ ਵਿਖੇ ਚੰਡੀਗੜ੍ਹ ਪੁਲਿਸ ਦੇ ਸ਼ਹੀਦ ਏ.ਐਸ.ਆਈ. ਅਮਰਜੀਤ ਸਿੰਘ ਨੂੰ ਸ਼ਰਧਾਂਜਲੀ ਦੇਣ ਉਪਰੰਤ ਸ਼ਹੀਦ ਦੀ ਯਾਦ ਨੂੰ ਹਮੇਸ਼ਾਂ ਤਾਜ਼ਾ ਰੱਖਣ ਲਈ ਸਕਾਲਰਸ਼ਿਪ ਸਕੀਮ ਦੀ ਸ਼ੁਰੂਆਤ ਵੀ ਕੀਤੀ। ਉਨ੍ਹਾਂ ਸਭ ਤੋਂ ਪਹਿਲਾਂ ਸ਼ਹੀਦ ਦੀ ਤਸਵੀਰ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ, ਉਪਰੰਤ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਅਮਰਜੀਤ ਸਿੰਘ ਵਰਗੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਸ਼ਹੀਦ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਹੀ ਸਕਾਲਰਸ਼ਿਪ ਸਕੀਮ ਸ਼ੁਰੂ ਕੀਤੀ ਗਈ ਹੈ, ਜੋ ਹਰ ਸਾਲ ਕਾਲਜ ਦੇ ਟਾਪਰ ਨੂੰ ਦਿੱਤੀ ਜਾਵੇਗੀ।

           ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਕਿਹਾ ਕਿ ਸ੍ਰੀ ਅਮਰਜੀਤ ਸਿੰਘ ਡਿਊਟੀ ਦੌਰਾਨ ਚੰਡੀਗੜ੍ਹ ਵਿਖੇ 8 ਦਸੰਬਰ 1989 ਨੂੰ ਮਾੜੇ ਅਨਸਰਾਂ ਨਾਲ ਲੋਹਾ ਲੈਂਦਿਆਂ ਸ਼ਹਾਦਤ ਦਾ ਜਾਮ ਪੀ ਗਏ ਸਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੁਲਿਸ ਜਿਥੇ 21 ਅਕਤੂਬਰ ਨੂੰ 'ਪੁਲਿਸ ਯਾਦਗਾਰ ਦਿਵਸ' ਮਨਾਉਂਦੀ ਹੈ, ਉਥੇ ਇਸ ਵਾਰ ਇਹ ਫੈਸਲਾ ਵੀ ਕੀਤਾ ਗਿਆ ਹੈ ਕਿ ਸ਼ਹੀਦਾਂ ਨੂੰ ਸ਼ਰਧਾਂਜਲੀ ਉਥੇ ਹੀ ਦਿੱਤੀ ਜਾਵੇਗੀ, ਜਿਸ ਵਿਦਿੱਅਕ ਅਦਾਰੇ ਵਿੱਚ ਉਨ੍ਹਾਂ ਨੇ ਸਿੱਖਿਆ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸ਼੍ਰੀ ਅਮਰਜੀਤ ਸਿੰਘ ਨੇ ਖਾਲਸਾ ਕਾਲਜ ਗੜ੍ਹਦੀਵਾਲਾ ਤੋਂ ਹੀ ਸਿੱਖਿਆ ਹਾਸਲ ਕੀਤੀ ਸੀ। ਉਨ੍ਹਾਂ ਕਿਹਾ ਕਿ ਜਦੋਂ ਏ.ਐਸ.ਆਈ ਅਮਰਜੀਤ ਸਿੰਘ ਪੁਲਿਸ ਪੋਸਟ-36 ਚੰਡੀਗੜ੍ਹ ਵਿਖੇ ਤਾਇਨਾਤ ਸਨ, ਤਾਂ 08 ਦਸੰਬਰ 1989 ਨੂੰ ਨਹਿਰੂ ਕਲੋਨੀ ਪਿੰਡ ਕਜੇਹਰੀ, ਚੰਡੀਗੜ੍ਹ ਵਿਖੇ ਰਾਤ ਦੀ ਗਸ਼ਤ ਦੌਰਾਨ ਦੋ ਅੱਤਵਾਦੀਆਂ ਵਲੋਂ ਹਮਲਾ ਕਰਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ।
               ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ.ਸਿੰਘ ਬਦਨੌਰ ਨੇ ਸ਼ਹੀਦ ਦੇ ਪਰਿਵਾਰ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ  ਕੀਤਾ। ਉਨ੍ਹਾਂ ਇਸ ਮੌਕੇ ਸ਼ਹੀਦ ਅਮਰਜੀਤ ਸਿੰਘ ਨੂੰ ਸਮਰਪਿਤ ਸ਼ੁਰੂ ਕੀਤੀ ਸਕਾਲਰਸ਼ਿਪ ਸਕੀਮ ਤਹਿਤ ਪਹਿਲਾ ਚੈਕ ਕਾਲਜ ਦੀ 10ਵੀਂ ਕਲਾਸ ਦੀ ਟਾਪਰ ਰਹਿਣ ਵਾਲੀ ਵਿਦਿਆਰਥਣ ਅੰਜਲੀ ਨੂੰ 11 ਹਜ਼ਾਰ ਰੁਪਏ ਦਾ ਚੈਕ ਦੇ ਕੇ ਕੀਤਾ। ਉਨ੍ਹਾਂ ਸ਼ਹੀਦ ਅਮਰਜੀਤ ਸਿੰਘ ਦੀ ਧਰਮ ਪਤਨੀ ਬੀਬੀ ਸੁਖਵਿੰਦਰ ਕੌਰ, ਬੇਟੀਆਂ ਕੁਲਬੀਰ ਕੌਰ ਅਤੇ ਹਰਜੀਤ ਕੌਰ ਨੂੰ ਸਨਮਾਨਿਤ ਕਰਨ ਉਪਰੰਤ ਉਨ੍ਹਾਂ ਨਾਲ ਮੁਖਾਤਿਬ ਹੁੰਦਿਆਂ ਕਿਹਾ ਕਿ ਇਹ ਸਨਮਾਨ ਕੇਵਲ ਸ਼ਹੀਦ ਦੇ ਪਰਿਵਾਰ ਪ੍ਰਤੀ ਆਭਾਰ ਪ੍ਰਗਟਾਉਣ ਦਾ ਮਾਤਰ ਯਤਨ ਹੀ ਹੈ ਅਤੇ ਸ਼ਹੀਦਾਂ ਦੀ ਕੁਰਬਾਨੀ ਦਾ ਮੁੱਲ ਕਦੇ ਮੋੜਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਇਹਨਾਂ ਮਹਾਨ ਸ਼ਹੀਦਾਂ ਦੀ ਸ਼ਹਾਦਤ ਦੇਸ਼ ਵਾਸੀਆਂ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਕਿਹਾ ਕਿ ਸਮੁੱਚਾ ਦੇਸ਼ ਅਜਿਹੇ ਬਹਾਦਰ ਯੋਧਿਆ ਦੀ ਕੁਰਬਾਨੀ ਦਾ ਸਦਾ ਰਿਣੀ ਰਹੇਗਾ। ਇਸ ਤੋਂ ਪਹਿਲਾਂ ਮਾਨਯੋਗ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਪੁਲਿਸ ਦੇ ਸ਼ਹੀਦਾਂ ਦੀ ਯਾਦ ਵਿਚ ਇਕ ਕਿਤਾਬਚਾ ਵੀ ਰਲੀਜ਼ ਕੀਤਾ।
           ਡਾਇਰੈਕਟਰ ਜਨਰਲ ਪੁਲਿਸ ਚੰਡੀਗੜ੍ਹ ਸ੍ਰੀ ਤੇਜਿੰਦਰ ਸਿੰਘ ਲੂਥਰਾ ਨੇ ਸ਼ਹੀਦ ਅਮਰਜੀਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਚੰਡੀਗੜ੍ਹ ਪੁਲਿਸ ਦੀ ਸ਼ਹੀਦਾਂ ਨੂੰ ਉਨ੍ਹਾਂ ਦੇ ਸਿੱਖਿਆ ਸਥਾਨਾਂ 'ਚ ਜਾ ਕੇ ਸ਼ਰਧਾਂਜਲੀ ਭੇਟ ਕਰਨ ਦੀ ਇਹ ਨਿਵੇਕਲੀ ਪਹਿਲ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਅਮਰਜੀਤ ਸਿੰਘ ਪਿੰਡ ਸਰਹਾਲਾ (ਗੜ੍ਹਦੀਵਾਲਾ), ਜ਼ਿਲ੍ਹਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ ਅਤੇ ਉਨ੍ਹਾਂ ਦਾ ਜਨਮ 18 ਮਈ 1956 ਨੂੰ ਹੋਇਆ ਸੀ। ਉਨ੍ਹਾਂ ਨੇ ਚੰਡੀਗੜ੍ਹ ਪੁਲਿਸ ਵਿਚ 26 ਜੁਲਾਈ 1976 ਨੂੰ ਸਿਪਾਹੀ ਵਜੋਂ ਜੁਆਇਨ ਕੀਤਾ ਸੀ ਅਤੇ ਏ.ਐਸ.ਆਈ ਵਜੋਂ ਉਹ 2 ਸਤੰਬਰ 1988 ਨੂੰ ਪਦਉਨਤ ਹੋਏ ਸਨ। ਉਨ੍ਹਾਂ ਕਿਹਾ ਕਿ ਸ੍ਰੀ ਅਮਰਜੀਤ ਸਿੰਘ ਵੱਲੋਂ ਚੰਡੀਗੜ੍ਹ ਪੁਲਿਸ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਈਆਂ ਗਈਆਂ।
          ਇਸ ਮੌਕੇ ਇੰਡੀਅਨ ਰੈਡ ਕਰਾਸ ਸੁਸਾਇਟੀ ਦੇ ਵਾਇਸ ਚੇਅਰਮੈਨ ਸ੍ਰੀ ਅਵਿਨਾਸ਼ ਰਾਏ ਖੰਨਾ, ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ, ਐਸ.ਐਸ.ਪੀ. ਸ੍ਰੀ ਜੇ. ਇਲੈਨਚੇਜ਼ੀਅਨ, ਐਸ.ਡੀ.ਐਮ. ਦਸੂਹਾ ਸ੍ਰੀ ਹਿਮਾਂਸ਼ੂ ਅਗਰਵਾਲ, ਪ੍ਰਿੰਸੀਪਲ ਖਾਲਸਾ ਕਾਲਜ ਡਾ. ਸਤਵਿੰਦਰ ਸਿੰਘ ਢਿੱਲੋਂ ਤੋਂ ਇਲਾਵਾ ਹੋਰ ਵੀ ਸਖਸ਼ੀਅਤਾਂ ਸ਼ਾਮਲ ਸਨ।  

ਬਾਬਾ ਦੀਪ ਸਿੰਘ ਜੀ ਸ਼ਹੀਦ ਯਾਦਗਾਰੀ ਸਮਾਗਮ ਕਰਵਾਇਆ


  • ਸ਼ਹੀਦਾਂ ਦਾ ਜੀਵਨ ਦਰਸ਼ਨ ਕੌਮ ਦਾ ਸਰਮਾਇਆ: ਐਡਵੋਕੇਟ ਸਿੱਧੂ

ਤਲਵਾੜਾ, 23 ਅਕਤੂਬਰ: ਬਾਬਾ ਦੀਪ ਸਿੰਘ ਜੀ ਸ਼ਹੀਦ ਯਾਦਗਾਰੀ ਸੁਸਾਇਟੀ (ਰਜਿ:) ਤਲਵਾੜਾ ਵੱਲੋਂ 25ਵਾਂ ਯਾਦਾਗਾਰੀ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਨੇ ਕਿਹਾ ਸ਼ਹੀਦ ਦਾ ਸਮੁੱਚਾ ਜੀਵਨ-ਦਰਸ਼ਨ ਦੇਸ਼ ਕੌਮ ਦਾ ਕੀਮਤੀ ਸਰਮਾਇਆ ਹੁੰਦਾ ਹੈ ਅਤੇ ਅਜੋਕੇ ਸਮੇਂ ਵਿੱਚ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਅਤੇ ਜੀਵਨ ਚਾਨਣ ਮੁਨਾਰਾ ਹੈ। ਇਸ ਮੌਕੇ ਡਾ. ਅਮਰਜੀਤ ਅਨੀਸ ਵੱਲੋਂ ਬਾਬਾ ਦੀਪ ਸਿੰਘ ਜੀ ਉੱਤੇ ਪ੍ਰਭਾਵਸ਼ਾਲੀ ਅੰਦਾਜ਼ ਵਿਚ ਕਵਿਤਾ ਪੇਸ਼ ਕੀਤੀ ਗਈ। ਢਾਡੀ ਕੁਲਜੀਤ ਸਿੰਘ ਤੇ ਅਵਤਾਰ ਸਿੰਘ ਸਨੌਰਾ ਤੇ ਜੱਥੇ ਵੱਲੋਂ ਜੋਸ਼ੀਲੀਆਂ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਇਤਿਹਾਸ ਦੇ ਪੰਨਿਆਂ ਨਾਲ ਸਾਂਝ ਪਵਾਈ ਗਈ ਅਤੇ ਭਾਈ ਜਸਵੀਰ ਸਿੰਘ ਗੇਰਾ ਤੇ ਰਾਗੀ ਜਥੇ ਗੁਰਬਾਣੀ ਦੇ ਮਨੋਹਰ ਕੀਰਤਨ ਨਾਲ ਨਿਹਾਲ ਕੀਤਾ ਗਿਆ। ਸੁਸਾਇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਤਲਵਾੜਾ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਸਮਰਜੀਤ ਸਿੰਘ ਸ਼ਮੀ ਵੱਲੋਂ ਕੀਤਾ ਗਿਆ।
ਜਿਕਰਯੋਗ ਹੈ ਕਿ ਇਸ ਸਮਾਗਮ ਸਿੱਧਾ ਪ੍ਰਸਾਰਣ ਦੋਆਬਾ ਰੇਡੀਉ ਵੱਲੋਂ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਪ੍ਰੀਤ ਸਿੰਘ ਸਾਹੀ, ਕੁਲਜੀਤ ਸਿੰਘ ਸਾਹੀ, ਅਮਰੀਕ ਸਿੰਘ ਚੀਮਾ, ਅਕਸ਼ੇ ਸ਼ਰਮਾ, ਸੁਰਜੀਤ ਸਿੰਘ ਸਰਪੰਚ ਹਿੰਮਤਪੁਰ, ਮਨਜੀਤ ਸਿੰਘ ਚੀਮਾ, ਪਵਿੱਤਰ ਸਿੰਘ, ਗੁਰਨਾਮ ਸਿੰਘ, ਦੇਵ ਧੀਮਾਨ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਪੌਂਟੀ, ਜਸਵਿੰਦਰ ਸਿੰਘ ਢੁਲਾਲ, ਸਰਬਜੀਤ ਡਡਵਾਲ, ਰਾਜ ਕੁਮਾਰ, ਕੁਲਵੰਤ ਸਿੰਘ, ਗੁਰਚਰਨ ਸਿੰਘ ਜੌਹਰ, ਯੁੱਧਵੀਰ ਸਿੰਘ, ਗੁਰਜੀਤ ਸਿੰਘ ਭੰਮਰਾ, ਮੰਗਲ ਸਿੰਘ ਹਾਜੀਪੁਰ, ਭੁਪਿੰਦਰ ਸਿੰਘ ਹਲੇੜ੍ਹ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਵਿਦੇਸ਼ ਜਾਣ ਲਈ ਕੇਵਲ ਰਜਿਸਟਰਡ ਟਰੈਵਲ ਏਜੰਟਾਂ ਨਾਲ ਹੀ ਕੀਤਾ ਜਾਵੇ ਸੰਪਰਕ


  •   ਡੀ.ਸੀ.ਜ਼ਿਲ੍ਹੇ ਵਿੱਚ 32 ਟਰੈਵਲ ਏਜੰਟ/ਕਨਸਲਟੈਂਸੀ/ਟਿਕਟ ਏਜੰਟ/ਆਈਲੈਟਸ ਸੈਂਟਰਾਂ ਨੇ ਹੀ ਨਿਯਮਾਂ ਮੁਤਾਬਕ ਕਰਵਾਈ ਰਜਿਸਟਰੇਸ਼ਨ
  • ਅਣ-ਰਜਿਸਟਰਡ ਅਤੇ ਗੈਰ ਲਾਇਸੰਸੀ ਏਜੰਟਾਂ ਤੋਂ ਬਚਣ ਦੀ ਅਪੀਲ
ਹੁਸ਼ਿਆਰਪੁਰ, 24 ਅਕਤੂਬਰ: ਵਿਦੇਸ਼ ਭੇਜਣ ਦੇ ਨਾਂ 'ਤੇ ਬਹੁਤ ਸਾਰੇ ਅਣ-ਰਜਿਸਟਰਡ ਅਤੇ ਗੈਰ ਲਾਇਸੰਸੀ ਏਜੰਟ ਲੋਕਾਂ ਨਾਲ ਧੋਖਾਧੜੀ ਕਰਦੇ ਹਨ। ਇਸ ਨਾਲ ਲੋਕ ਆਪਣੇ ਪੈਸੇ ਤਾਂ ਖਰਾਬ ਕਰਦੇ ਹੀ ਹਨ, ਨਾਲ ਹੀ ਪਾਸਪੋਰਟ ਸਮੇਤ ਅਹਿਮ ਦਸਤਾਵੇਜ਼ ਅਣ-ਰਜਿਸਟਰਡ ਟਰੈਵਲ ਏਜੰਟਾਂ ਦੇ ਹਵਾਲੇ ਕਰਕੇ ਆਪਣਾ ਜੀਵਨ ਵੀ ਖਰਾਬ ਕਰ ਲੈਂਦੇ ਹਨ। ਇਸ ਲਈ ਵਿਦੇਸ਼ ਜਾਣ ਲਈ ਕੇਵਲ ਰਜਿਸਟਰਡ ਟਰੈਵਲ ਏਜੰਟਾਂ ਨਾਲ ਹੀ ਸੰਪਰਕ ਕੀਤਾ ਜਾਵੇ। ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਜਿਹੇ ਅਣ-ਰਜਿਸਟਰਡ ਅਤੇ ਗੈਰ ਲਾਇਸੰਸੀ ਏਜੰਟਾਂ ਤੋਂ ਬਚਣ ਸਬੰਧੀ ਅਪੀਲ ਕਰਦੇ ਹੋਏ ਕਿਹਾ ਕਿ ਜ਼ਿਲ੍ਹੇ ਵਿੱਚ 32 ਟਰੈਵਲ ਏਜੰਟ/ਕਨਸਲਟੈਂਸੀ/ਟਿਕਟ ਏਜੰਟ/ਆਈਲੈਟਸ ਸੈਂਟਰ ਹੀ ਸਰਕਾਰੀ ਨਿਯਮਾਂ ਮੁਤਾਬਕ ਰਜਿਸਟਰਡ ਹਨ। ਕੋਈ ਵੀ ਏਜੰਟ ਇਨ੍ਹਾਂ ਰਜਿਸਟਰਡ ਕੀਤੇ ਗਏ ਟਰੈਵਲ ਏਜੰਟਾਂ ਤੋਂ ਇਲਾਵਾ ਕਾਨੂੰਨੀ ਤੌਰ 'ਤੇ ਵਿਦੇਸ਼ ਨਹੀਂ ਭੇਜ ਸਕਦਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਬੇਦੀ ਇੰਟਰ ਨੈਸ਼ਨਲ ਸਰਵਿਸ ਹੁਸ਼ਿਆਰਪੁਰ, ਵਸ਼ਿਸ਼ਟ ਮੈਨ
ਪਾਵਰ ਕੰਸਲਟੈਂਟ ਮੁਕੇਰੀਆਂ, ਪੂਨਮ ਐਸੋਸੀਏਟ ਹੁਸ਼ਿਆਰਪੁਰ, ਰਾਏ ਟਰੇਡ ਐਂਡ ਟੈਸਟ ਸੈਂਟਰ ਹੁਸ਼ਿਆਰਪੁਰ, ਸੁਖਦੇਵ ਇੰਟਰ ਪ੍ਰਾਈਜਜ਼ ਗੜ੍ਹਦੀਵਾਲਾ, ਪਠਾਨੀਆ ਏਅਰ ਟਰੈਵਲਜ਼ ਹੁਸ਼ਿਆਰਪੁਰ, ਲਵਪ੍ਰੀਤ ਟਰੈਵਲ ਏਜੰਸੀ ਟਾਂਡਾ, ਸੁਖਮਣੀ ਐਜੂਕੇਸ਼ਨ ਸਰਵਿਸਜ਼ ਹੁਸ਼ਿਆਰਪੁਰ, ਕੈਨੇਡੀਅਨ ਟਰੈਵਲਜ਼ ਹੁਸ਼ਿਆਰਪੁਰ, ਕੋਂਟੀਨੈਂਟਲ ਟਰੈਵਲ ਸਰਵਿਸਜ਼ ਹੁਸ਼ਿਆਰਪੁਰ, ਪ੍ਰਥਮ ਐਸੋਸੀਏਟਸ ਮੁਕੇਰੀਆਂ, ਫਾਸਟ ਟਰੈਕ ਐਡਵਾਈਜ਼ਰ ਟਾਂਡਾ, ਘੁੰਮਣ ਇੰਟਰ ਪ੍ਰਾਈਜਜ਼ ਦਸੂਹਾ, ਸ਼ਿਵ ਸ਼ਕਤੀ ਏ ਕੇ ਇੰਟਰ ਪ੍ਰਾਈਜ਼ਜ਼ ਹੁਸ਼ਿਆਰਪੁਰ, ਪ੍ਰਿੰਸ ਟੂਰ ਐਂਡ ਟਰੈਵਲ ਹਾਜੀਪੁਰ, ਵੀ/ਜੇ ਟੂਰ ਟਰੈਵਲਜ਼ ਮੁਕੇਰੀਆਂ, ਦੀਪ ਐਂਡ ਟੂਰ ਟਰੈਵਲਜ ਹਾਜੀਪੁਰ, ਰੇਹਲ ਕੰਸਲਟੈਂਟ ਬੁਲੋਵਾਲ, ਸੁਖਮਣ ਇਮੀਗਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ ਮੁਕੇਰੀਆਂ, ਓਸੀਨ ਐਜੂਕੇਸ਼ਨ ਸਰਵਿਸ ਬੁਲੋਵਾਲ, ਕਲਾਸਿਕ ਟਰੈਵਲ ਕੰਸਲਟੈਂਟ ਹੁਸ਼ਿਆਰਪੁਰ, ਸਾਹਿਬ ਟਰੇਡ ਐਂਟ ਟੈਸਟ ਸੈਂਟਰ ਦਸੂਹਾ, ਗੁਰੂ ਨਾਨਕ ਟੂਰ ਐਂਡ ਟਰੈਵਲ ਹੁਸ਼ਿਆਰਪੁਰ, ਬ੍ਰਿਟਿਸ਼ ਐਕਸਪਰਟ ਟਾਂਡਾ, ਗੁਲਫ ਟਰੈਵਲਜ਼ ਕੋਟਫਤੂਹੀ, ਇੰਟਰ ਨੈਸ਼ਨਲ ਇਮੀਗਰੇਸ਼ਨ ਸਰਵਿਸ ਹੁਸ਼ਿਆਰਪੁਰ, ਪਾਰਸ ਮੈਨਪਾਵਰ ਸਰਵਿਸ ਹੁਸ਼ਿਆਰਪੁਰ, ਰੇਖੀ ਟਰੇਡ ਟੈਸਟ ਸੈਂਟਰ ਹੁਸ਼ਿਆਰਪੁਰ, ਸੁਪਰੀਮ ਐਜੂਕੇਸ਼ਨ ਸਰਵਿਸ ਹੁਸ਼ਿਆਰਪੁਰ, ਮਹਿਨ ਟਰੈਵਲ ਹੁਸ਼ਿਆਰਪੁਰ, ਬ੍ਰਿਟਿਸ ਆਕਸਫੋਰਡ ਐਜੂਕੇਸ਼ਨ ਪ੍ਰਾਈਵੇਟ ਲਿਮ: ਅਤੇ ਬ੍ਰਿਟਿਸ਼ ਓਵਰਸੀਜ਼ ਸੋਲਿਊਸ਼ਨ ਐਂਡ ਐਜੂਕੇਸ਼ਨ ਕਨਸਲਟੈਂਟ ਵਲੋਂ ਨਿਯਮਾਂ ਮੁਤਾਬਕ ਰਜਿਸਟਰੇਸ਼ਨ ਕਰਵਾਈ ਗਈ ਹੈ।

                       ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਵੇਖਣ ਵਿੱਚ ਆਉਂਦਾ ਹੈ ਕਿ ਅਣ-ਰਜਿਸਟਰਡ ਅਤੇ ਗੈਰ ਲਾਇਸੰਸੀ ਟਰੈਵਲ ਏਜੰਟ ਲੋਕਾਂ ਨੂੰ ਕੈਨੇਡਾ, ਅਮਰੀਕਾ ਅਤੇ ਹੋਰ ਵਿਦੇਸ਼ਾਂ ਵਿੱਚ ਭੇਜਣ ਲਈ ਧੋਖਾਧੜੀ ਨਾਲ ਮੋਟੀਆਂ ਰਕਮਾਂ ਬਟੋਰ ਲੈਂਦੇ ਹਨ। ਇਸ ਨਾਲ ਵਿਦੇਸ਼ ਜਾਣ ਵਾਲਿਆਂ ਨੂੰ ਆਰਥਿਕ ਅਤੇ ਸਮਾਜਿਕ ਤੌਰ ਤੋਂ ਇਲਾਵਾ ਮਾਨਸਿਕ ਪ੍ਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਿਦੇਸ਼ ਜਾਣ ਲਈ ਰਜਿਸਟਰਡ ਕੀਤੇ ਟਰੈਵਲ ਏਜੰਟਾਂ/ਕਨਸਲਟੈਂਸੀ/ਟਿਕਟ ਏਜੰਟ/ਆਈਲੈਟਸ ਸੈਂਟਰਾਂ ਨਾਲ ਹੀ ਰਾਬਤਾ ਕਾਇਮ ਕਰਨ।

ਜਿਲ੍ਹਾ ਤੇ ਸੈਸ਼ਨ ਜੱਜ ਨੇ ਬਿਰਧ, ਅਨਾਥ ਆਸ਼ਰਮ ਅਤੇ ਜੁਵਨਾਈਲ ਹੋਮ ਦੇ ਬੱਚਿਆਂ ਨੂੰ ਵੰਡੀ ਮਠਿਆਈ


ਹੁਸ਼ਿਆਰਪੁਰ, 21 ਅਕਤੂਬਰ:  ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਸੁਨੀਲ ਕੁਮਾਰ ਅਰੋੜਾ ਨੇ ਦੀਵਾਲੀ ਦੇ ਤਿਉਹਾਰ ਮੌਕੇ ਰਾਮ ਕਲੋਨੀ ਕੈਂਪ ਵਿਖੇ ਸਥਿਤ ਬਿਰਧ ਆਸ਼ਰਮ ਦੇ ਬਜ਼ੁਰਗਾਂ, ਅਨਾਥ ਆਸ਼ਰਮ ਅਤੇ ਜੁਵਨਾਈਲ ਹੋਮ ਦੇ ਬੱਚਿਆਂ
ਨੂੰ ਦੀਵਾਲੀ ਦੇ ਤਿਉਹਾਰ ਮੌਕੇ ਮਠਿਆਈਆਂ ਵੰਡੀਆਂ ਅਤੇ ਉਨ੍ਹਾਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਨੇ ਬਿਰਧ ਆਸ਼ਰਮ ਵਿੱਚ ਬਜ਼ੁਰਗਾਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਥੇ ਰਹਿਣ ਵਿੱਚ ਕੋਈ ਸਮੱਸਿਆ ਆਉਂਦੀ ਹੈ, ਤਾਂ ਉਹ ਬਿਨ੍ਹਾਂ ਝਿਜਕ ਦੱਸ ਸਕਦੇ ਹਨ। ਇਸ ਉਪਰੰਤ ਉਨ੍ਹਾਂ ਨੇ ਅਨਾਥ ਆਸ਼ਰਮ ਅਤੇ ਜੁਵਨਾਈਲ ਹੋਮ ਦੇ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਉਨ੍ਹਾਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਰਵੀ ਗੁਲਾਟੀ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਜਗਦੀਸ਼ ਮਿਤਰ, ਸੁਪਰਡੰਟ ਜੁਵਨਾਈਲ ਹੋਮ ਸ੍ਰੀ ਨਰੇਸ਼ ਕੁਮਾਰ, ਸੁਪਰਡੰਟ ਚਿਲਡਰਨ ਹੋਮ ਸ੍ਰੀ ਨਰੇਸ਼ ਕੁਮਾਰ ਅਤੇ ਹੋਰ ਪਤਵੰਤੇ ਉਨ੍ਹਾਂ ਦੇ ਨਾਲ ਸਨ।

ਸ਼ਹੀਦੀ ਯਾਦਗਾਰ ਦਿਵਸ 'ਤੇ ਸ਼ਹੀਦਾਂ ਨੂੰ ਸ਼ਰਧਾਂਜ਼ਲੀਆਂ ਭੇਟ


ਪੁਲਿਸ ਗਰਾਂਊਡ ਹੁਸ਼ਿਆਰਪੁਰ ਵਿਖੇ ਹੋਇਆ ਸ਼ਹੀਦੀ ਯਾਦਗਾਰ ਦਿਵਸ ਸਮਾਗਮ
ਹੁਸ਼ਿਆਰਪੁਰ, 21 ਅਕਤੂਬਰ:  ਪੰਜਾਬ ਪੁਲੀਸ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਅੱਜ ਪੁਲਿਸ ਲਾਇਨ ਹੁਸ਼ਿਆਰਪੁਰ ਵਿਖੇ ਐਸ.ਐਸ.ਪੀ. ਸ੍ਰੀ ਜੇ. ਇਲੈਨਚੇਜ਼ੀਅਨ ਦੀ ਅਗਵਾਈ ਵਿੱਚ ਦੇਸ਼ ਦੇ ਸ਼ਹੀਦ ਪੁਲੀਸ ਜੁਆਨਾਂ ਅਤੇ ਅਰਧ ਸੈਨਿਕ ਬਲਾਂ ਨੂੰ ਯਾਦ ਕਰਕੇ ਸ਼ਰਧਾ ਸੁਮਨ ਅਰਪਿਤ ਕੀਤੇ ਗਏ। ਇਸ ਮੌਕੇ ਡੀ.ਐਸ.ਪੀ. (ਸਿਟੀ) ਸ੍ਰੀ ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਪੁਲੀਸ ਜੁਆਨਾਂ ਵੱਲੋਂ ਹਥਿਆਰ ਉਲਟੇ ਕਰਕੇ ਸ਼ੋਕ ਸਲਾਮੀ ਦਿੱਤੀ ਗਈ ਅਤੇ ਸਾਰੇ ਅਧਿਕਾਰੀਆਂ ਅਤੇ ਮਹਿਮਾਨਾਂ ਵੱਲੋਂ ਦੋ ਮਿੰਟ ਦਾ ਮੌਨ ਧਾਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।


           ਸ਼ਹੀਦੀ ਦਿਵਸ ਮੌਕੇ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਮੈਡਮ ਪ੍ਰਿਆ ਸੂਦ, ਸ੍ਰੀ ਪੀ.ਐਸ. ਰਾਏ, ਸ੍ਰੀ ਕੇ. ਐਸ. ਚੀਮਾ, ਸ੍ਰੀ ਆਰ.ਕੇ. ਖੁੱਲਰ ਸਮੇਤ ਨਿਆਇਕ, ਸਿਵਲ ਅਤੇ ਜਿਲ੍ਹਾ ਪੁਲਿਸ ਦੇ ਅਧਿਕਾਰੀਆਂ ਤੋਂ ਇਲਾਵਾ ਜ਼ਿਲ੍ਹੇ ਦੇ ਸੇਵਾ ਮੁਕਤ ਪੁਲੀਸ ਅਫ਼ਸਰ ਤੇ ਜ਼ਿਲ੍ਹੇ ਦੇ ਸ਼ਹੀਦ ਪੁਲੀਸ ਕਰਮਚਾਰੀਆਂ ਦੇ ਪਰਿਵਾਰਾਂ ਨੇ ਭਾਗ ਲਿਆ।

           ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਜੇ. ਇਲੈਨਚੇਜ਼ੀਅਨ ਨੇ ਪੁਲੀਸ ਸ਼ਹੀਦੀ ਦਿਵਸ ਪਰੇਡ (ਪੁਲੀਸ ਕੋਮੈਮੋਰੇਸ਼ਨ ਡੇ ਪਰੇਡ) ਦੀ ਇਤਹਾਸਕ ਮਹੱਤਤਾ ਬਾਰੇ ਦੱਸਦਿਆਂ ਆਖਿਆ ਕਿ 21 ਅਕਤੂਬਰ 1959 ਨੂੰ ਹਾਟ ਸਪਰਿੰਗ (ਲੱਦਾਖ) ਵਿਖੇ ਚੀਨੀ ਫ਼ੌਜੀਆਂ ਵੱਲੋਂ ਘਾਤ ਲਾ ਕੇ ਕੀਤੇ ਹਮਲੇ ਵਿੱਚ ਸੀ.ਆਰ.ਪੀ.ਐਫ਼. ਦੇ 10 ਜੁਆਨਾਂ ਦੇ ਸ਼ਹੀਦ ਹੋਣ ਦੀ ਯਾਦ ਵਿੱਚ ਇਹ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹਰ ਸਾਲ ਦੇਸ਼ ਦੀ ਅੰਦਰੂਨੀ ਏਕਤਾ ਤੇ ਅਖੰਡਤਾ ਦੀ ਰਾਖੀ ਕਰਦਿਆਂ ਸ਼ਹਾਦਤ ਦਾ ਜਾਮ ਪੀਣ ਵਾਲੇ ਦੇਸ਼ ਦੇ ਸਮੂਹ ਪੁਲੀਸ ਅਤੇ ਅਰਧ ਸੈਨਿਕ ਬਲ ਜੁਆਨਾਂ ਦੀ ਕੁਰਬਾਨੀ ਨੂੰ ਸਿਜਦਾ ਕਰਨ ਲਈ ਵੀ ਇਸ ਸ਼ਹੀਦੀ ਦਿਵਸ 'ਤੇ ਸ਼ਹੀਦਾਂ ਨੂੰ ਸ਼ਰਧਾਂਜ਼ਲੀਆਂ ਭੇਟ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਨੇ ਦੇਸ਼ ਦੇ ਹਿੰਸਾਗ੍ਰਸਤ ਇਲਾਕਿਆਂ ਵਿੱਚ ਅਤੇ ਅਤਿਵਾਦ ਵਿਰੋਧੀ ਲੜਾਈ ਦੌਰਾਨ ਆਪਣੀਆਂ ਜਾਨਾਂ ਦੀ ਕੁਰਬਾਨੀ ਦੇ ਕੇ ਅਮਨ ਅਤੇ ਕਾਨੂੰਨ ਬਹਾਲ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ 1 ਸਤੰਬਰ 2016 ਤੋਂ 31 ਅਗਸਤ 2017 ਤੱਕ ਭਾਰਤ ਵਿੱਚ ਕੁੱਲ 383 ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਦੇ ਅਧਿਕਾਰੀ/ਕਰਮਚਾਰੀ ਆਪਣੀ ਡਿਊਟੀ ਦੌਰਾਨ ਸ਼ਹੀਦ ਹੋਏ ਹਨ।

           ਐਸ.ਐਸ.ਪੀ. ਨੇ ਕਿਹਾ ਕਿ ਪੂਰੇ ਭਾਰਤ ਵਿੱਚ ਡਿਊਟੀ ਦੌਰਾਨ ਸੈਂਕੜੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਅਤਿਵਾਦ ਖ਼ਿਲਾਫ਼ ਲੜਾਈ ਵਿੱਚ ਬਲੀਦਾਨ ਦਿੱਤਾ ਤੇ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਰਾਜ ਵਿੱਚ ਮੁੜ ਅਮਨ ਅਤੇ ਕਾਨੂੰਨ ਦੀ ਬਹਾਲੀ ਲਿਆਉਣ ਵਿੱਚ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਦੇ ਗੌਰਵ ਨੂੰ ਵਧਾਉਣ ਅਤੇ ਪੁਲੀਸ ਫ਼ੋਰਸ ਵੱਲੋਂ ਉਨ੍ਹਾਂ ਦੇ ਹਰ ਦੁੱਖ-ਸੁੱਖ ਵਿੱਚ ਡੱਟ ਕੇ ਖੜ੍ਹਨ ਦੇ ਪ੍ਰਣ ਨੂੰ ਦੁਹਰਾਉਣ ਲਈ ਵੀ ਮਨਾਇਆ ਜਾਂਦਾ ਹੈ। ਬਾਅਦ ਵਿੱਚ ਐਸ.ਐਸ.ਪੀ. ਨੇ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਦਰਬਾਰ ਵੀ ਲਾਇਆ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰਨ ਲਈ ਪੁਲੀਸ ਅਧਿਕਾਰੀਆਂ ਨੂੰ ਹਦਾਇਤਾਂ ਵੀ ਦਿੱਤੀਆਂ।

           ਇਸ ਮੌਕੇ 1 ਸਤੰਬਰ 2016 ਤੋਂ 31 ਅਗਸਤ 2017 ਤੱਕ ਸ਼ਹੀਦ ਹੋਏ ਪੁਲਿਸ ਅਤੇ ਪੈਰਾ ਲਿਮਟਰੀ ਫੋਰਸ ਦੇ ਜਵਾਨਾਂ ਦੇ ਨਾਂ ਐਸ.ਪੀ. (ਹੈਡਕੁਆਟਰ) ਸ੍ਰੀ ਬਲਬੀਰ ਸਿੰਘ ਵਲੋਂ ਪੜ੍ਹੇ ਗਏ। ਇਸ ਦੌਰਾਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਆ ਵੀ ਗਿਆ। ਇਸ ਮੌਕੇ ਸੁਪਰਡੰਟ ਜੇਲ੍ਹ ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਡੀ.ਐਸ.ਪੀ. (ਸੀ.ਆਈ.ਡੀ.) ਸ੍ਰੀ ਰਾਮ ਜੀ ਦਾਸ, ਮੈਡੀਕਲ ਅਫ਼ਸਰ ਪੁਲਿਸ ਲਾਇਨਜ਼ ਡਾ. ਲਖਵੀਰ ਸਿੰਘ, ਸਾਬਕਾ ਡੀ.ਐਸ.ਪੀ. ਚੇਅਰਮੈਨ ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਸ੍ਰੀ ਅਵਤਾਰ ਸਿੰਘ, ਜੱਜ ਸਾਹਿਬਾਨ, ਹੋਰ ਵਿਭਾਗਾਂ ਦੇ ਅਧਿਕਾਰੀ ਅਤੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰ ਹਾਜ਼ਰ ਸਨ।

ਨਾਜ਼ਾਇਜ਼ ਸ਼ਰਾਬ ਫ਼ੜੀ, ਕੇਸ ਦਰਜ

ਤਲਵਾੜਾ, 18 ਅਕਤੂਬਰ: ਤਿਉਹਾਰਾਂ ਦੇ ਮੱਦੇਨਜ਼ਰ ਵਿਸ਼ੇਸ਼ ਚੈਕਿੰਗ ਦੌਰਾਨ ਤਲਵਾੜਾ ਪੁਲਿਸ ਵੱਲੋਂ ਭਾਰੀ ਮਾਤਰਾ
ਵਿਚ ਨਜਾਇਜ਼ ਸ਼ਰਾਬ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਏ. ਐੱਸ. ਆਈ. ਹਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਬਲਾਕ ਤਲਵਾੜਾ ਦੇ ਰਜਵਾਲ ਅੱਡੇ ਤੇ ਇੱਕ ਇਨੋਵਾ ਗੱਡੀ ਪੀ. ਬੀ. 08 ਡੀ. ਜੀ. 6667 ਨੂੰ ਰੋਕਿਆ ਗਿਆ ਤਾਂ ਇਸ ਵਿੱਚੋਂ 1, 79, 250 ਮਿ. ਲੀਟਰ ਅੰਗੇਰਜ਼ੀ ਸ਼ਰਾਬ ਬਰਾਮਦ ਕੀਤੀ ਗਈ। ਇਸ ਸਬੰਧ ਵਿੱਚ ਅਜੇ ਕੁਮਾਰ ਵਾਸੀ ਰੌਲੀ, ਦੀਪਕ ਕੁਮਾਰ ਤਲਵਾੜਾ ਅਤੇ ਸਨਮ ਕੁਮਾਰ ਤਲਵਾੜਾ ਵਿਰੁੱਧ ਮਾਮਲਾ ਦਰਜ਼ ਕਰ ਲਿਆ ਗਿਆ ਹੈ।

ਵੱਖ-ਵੱਖ ਸੰਸਥਾਵਾਂ ਵਲੋਂ 'ਸਾਂਝੀ ਰਸੋਈ' ਨੂੰ ਦਿੱਤਾ ਜਾ ਰਿਹਾ ਹੈ ਸਹਿਯੋਗ


  • -ਸਰਬੱਤ ਦਾ ਭਲਾ ਟਰੱਸਟ ਹੁਸ਼ਿਆਰਪੁਰ ਦੇ ਪ੍ਰਧਾਨ ਨੇ ਮਨਾਇਆ ਬੇਟੀ ਦਾ ਜਨਮ ਦਿਨ
ਹੁਸ਼ਿਆਰਪੁਰ, 18 ਅਕਤੂਬਰ: ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਵਿਪੁਲ ਉਜਵਲ ਦੀ ਰਹਿਨੁਮਾਈ ਹੇਠ ਮੁਹੱਲਾ ਈਸ਼ ਨਗਰ ਵਿਖੇ ਚਲਾਈ ਜਾ ਰਹੀ 'ਸਾਂਝੀ ਰਸੋਈ' ਨੂੰ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵਲੋਂ ਭਰਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਗੁਪਤਾ ਨੇ ਦੱਸਿਆ ਕਿ ਸਰਬੱਤ ਦਾ ਭਲਾ ਟਰੱਸਟ ਹੁਸ਼ਿਆਰਪੁਰ ਵਲੋਂ ਆਪਣੇ-ਆਪਣੇ ਪਰਿਵਾਰਕ ਮੈਂਬਰਾਂ ਦੇ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਅਤੇ ਹੋਰ ਯਾਦਗਾਰੀ ਸਮਾਗਮ 'ਸਾਂਝੀ ਰੋਸਈ' ਵਿੱਚ ਮਨਾ ਕੇ ਇਸ ਪ੍ਰੋਜੈਕਟ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ।

           ਉਨ੍ਹਾਂ ਦੱਸਿਆ ਕਿ ਅੱਜ ਟਰੱਸਟ ਦੇ ਪ੍ਰਧਾਨ ਸ੍ਰੀ ਆਗਿਆਪਾਲ ਸਿੰਘ ਸਾਹਨੀ ਵਲੋਂ ਆਪਣੀ ਬੇਟੀ ਕੁਮਾਰੀ ਇਸ਼ਲੀਨ ਕੌਰ ਦਾ ਜਨਮ ਦਿਨ 'ਸਾਂਝੀ ਰਸੋਈ' ਵਿੱਚ ਮਨਾਇਆ ਗਿਆ ਅਤੇ ਪਰਿਵਾਰ ਵਲੋਂ ਪੂਰੇ ਉਤਸ਼ਾਹ ਨਾਲ ਲੋੜਵੰਦਾਂ ਨੂੰ ਖਾਣਾ ਖੁਆਇਆ ਗਿਆ। ਉਨ੍ਹਾਂ ਦੱਸਿਆ ਕਿ ਸਾਂਝੀ ਰਸੋਈ ਵਿਚ ਰੋਜ਼ਾਨਾ ਕਰੀਬ 500 ਲੋੜਵੰਦ ਵਿਅਕਤੀ ਕੇਵਲ 10 ਰੁਪਏ ਵਿਚ ਪੌਸ਼ਟਿਕ ਖਾਣਾ ਖਾ ਰਹੇ ਹਨ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਦਾਨੀ-ਸੱਜਣ ਇਸ ਪ੍ਰੋਜੈਕਟ ਨੂੰ ਹੋਰ ਸਫਲ ਬਣਾਉਣ ਵਿਚ ਆਪਣਾ ਯੋਗਦਾਨ ਪਾਉਣ।
                       ਇਸ ਮੌਕੇ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵਲੋਂ ਸ੍ਰੀ ਸਾਹਨੀ ਨੂੰ ਇਕ ਸਨਮਾਨ ਚਿੰਨ੍ਹ ਵੀ ਭੇਟ ਕੀਤਾ ਗਿਆ। ਇਸ ਮੌਕੇ ਸ਼੍ਰੀ ਸਾਹਨੀ ਦੇ ਮਾਤਾ ਜੀ ਸ੍ਰੀਮਤੀ ਹਰਜੀਤ ਕੌਰ, ਧਰਮ ਪਤਨੀ ਸ੍ਰੀਮਤੀ ਹਰਪ੍ਰੀਤ ਕੌਰ, ਬੇਟਾ ਸ੍ਰੀ ਇਸ਼ਪ੍ਰੀਤ ਸਿੰਘ, ਸ੍ਰੀ ਸੁਦੀਪ ਗਰਗ, ਅਵਤਾਰ ਸਿੰਘ ਤੋਂ ਇਲਾਵਾ ਸ਼੍ਰੀ ਰਾਜੀਵ ਬਜਾਜ, ਸ਼੍ਰੀਮਤੀ ਵਿਨੋਦ ਓਹਰੀ, ਪ੍ਰੋ. ਕੁਲਦੀਪ ਕੋਹਲੀ, ਸ਼੍ਰੀਮਤੀ ਕੀਰਤੀ ਜੇ. ਸਿੰਘ, ਸ਼੍ਰੀਮਤੀ ਕੁਮ ਕੁਮ ਸੂਦ ਵੀ ਹਾਜ਼ਰ ਸਨ।

ਪਸ਼ੂ ਪਾਲਣ ਅਤੇ ਹੋਰ ਸਹਾਇਕ ਧੰਦਿਆਂ ਲਈ ਸੂਬਾ ਸਰਕਾਰ ਦੇ ਰਹੀ ਹੈ ਵਿਸ਼ੇਸ਼ ਸਹੂਲਤਾਂ : ਆਦੀਆ


  • ਪਸ਼ੂਆਂ ਦੀ ਨਸਲ ਅਤੇ ਦੁੱਧ ਚੁਆਈ ਮੁਕਾਬਲੇ ਦੇ ਜੇਤੂਆਂ ਨੂੰ ਕੀਤੀ ਇਨਾਮਾਂ ਦੀ ਵੰਡ
  • ਮੁਕੇਰੀਆਂ ਦੀ ਐਚ.ਐਫ. ਗਾਂ ਨੇ 35.973 ਕਿਲੋ, ਪਿੰਡ ਜਹੂਰਾ ਦੀ ਮੁਰ੍ਹਾ ਮੱਝ ਨੇ 14.55 ਕਿਲੋ ਅਤੇ ਨੀਲੀ ਰਾਵੀ ਮੱਝ ਨੇ 13.94 ਕਿਲੋ, ਪਿੰਡ ਸਤੌਰ ਦੀ ਜਰਸੀ ਗਾਂ ਨੇ 16.306 ਕਿਲੋ, ਜਦਕਿ ਗੜ੍ਹਸ਼ੰਕਰ ਦੀ ਬੱਕਰੀ ਨੇ 2.238 ਕਿਲੋ ਦੁੱਧ ਦੇ ਕੇ ਪਹਿਲੇ ਸਥਾਨ ਮੱਲ੍ਹੇ
ਹੁਸ਼ਿਆਰਪੁਰ, 18 ਅਕਤੂਬਰ: ਪਸ਼ੂ ਪਾਲਣ ਵਿਭਾਗ ਪੰਜਾਬ ਵਲੋਂ ਹਰਿਆਣਾ ਵਿਖੇ ਲਗਾਇਆ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਪਸ਼ੂਆਂ ਦੀ ਨਸਲ ਅਤੇ ਦੁੱਧ ਚੁਆਈ ਮੇਲਾ ਅੱਜ ਅਮਿੱਟ ਯਾਦਾਂ ਛੱਡਦੇ ਹੋਏ ਸਮਾਪਤ ਹੋ ਗਿਆ ਹੈ। ਸਮਾਪਤੀ ਸਮਾਰੋਹ ਮੌਕੇ ਹਲਕਾ ਵਿਧਾਇਕ ਸ਼ਾਮ ਚੁਰਾਸੀ ਅਤੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਸ਼੍ਰੀ ਪਵਨ ਕੁਮਾਰ ਆਦੀਆ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਮੁਕਾਬਲਿਆਂ ਦੇ ਜੇਤੂ ਪਸ਼ੂ ਪਾਲਕਾਂ ਨੂੰ ਇਨਾਮਾਂ ਦੀ ਵੰਡ ਕੀਤੀ।

           ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਆਦੀਆ ਨੇ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਕਿਸਾਨਾਂ ਦਾ ਜੀਵਨ ਪੱਧਰ Îਉੱਚਾ ਚੁੱਕਣ ਲਈ ਜੀਅ ਤੋੜ ਯਤਨ ਕਰ ਰਹੀ ਹੈ, ਉਥੇ ਪਸ਼ੂ ਪਾਲਣ ਅਤੇ ਹੋਰ ਸਹਾਇਕ ਧੰਦੇ ਖੋਲ੍ਹਣ ਲਈ ਸੂਬਾ ਸਰਕਾਰ ਵਲੋਂ ਸਬਸਿਡੀ ਅਤੇ ਸਿਖਲਾਈ ਤੋਂ ਇਲਾਵਾ ਹੋਰ ਵੀ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਸਬੰਧਿਤ ਵਿਅਕਤੀ ਨੂੰ ਸਹਾਇਕ ਧੰਦੇ ਖੋਲ੍ਹਣ ਲਈ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਨਾ ਆ ਸਕੇ। ਉਨ੍ਹਾਂ ਕਿਹਾ ਕਿ ਖੇਤੀ ਦੇ ਬਦਲਵੇਂ ਕਿੱਤੇ ਵਜੋਂ ਪਸ਼ੂ ਪਾਲਣ ਦਾ ਕਿੱਤਾ ਪਸ਼ੂ ਪਾਲਕਾਂ ਦੀ ਆਮਦਨ ਵਧਾਉਣ ਵਿੱਚ ਸਹਾਈ ਸਿੱਧ ਹੋ ਰਿਹਾ ਹੈ ਅਤੇ ਨਾਲ ਹੀ ਵਧੀਆ ਨਸਲਾਂ ਦੇ ਪਸ਼ੂਆਂ ਪ੍ਰਤੀ ਲੋਕਾਂ ਦਾ ਰੁਝਾਨ ਵੀ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਮੇਲੇ ਵਿੱਚ ਅੱਜ ਪਸ਼ੂ ਪਾਲਕ ਜਿਸ ਉਤਸ਼ਾਹ ਨਾਲ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੇ ਹਨ ਉਸ ਤੋਂ ਸਾਬਤ ਹੁੰਦਾ ਹੈ ਕਿ ਭਵਿੱਖ ਵਿੱਚ ਪੰਜਾਬ ਵਿੱਚ ਪਸ਼ੂ ਪਾਲਣ ਦਾ ਕਿੱਤਾ ਹੋਰ ਵੀ ਮਜ਼ਬੂਤ ਹੋਵੇਗਾ।
           ਹਲਕਾ ਵਿਧਾਇਕ ਨੇ ਕਿਹਾ ਕਿ ਪਿੰਡਾਂ ਦੇ ਨਾਲ ਨਾਲ ਸ਼ਹਿਰਾਂ ਦੇ ਨੌਜਵਾਨ ਵਰਗ ਵਿੱਚ ਵੀ ਇਨ੍ਹਾਂ ਪਸ਼ੂਆਂ ਨੂੰ ਦੇਖਣ ਦਾ ਚਾਅ ਇਸ ਮੇਲੇ ਦੌਰਾਨ ਨਜ਼ਰ ਆਇਆ ਹੈ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਸਮੇਤ ਹੋਰ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵਲੋਂ ਚਲਾਈਆਂ ਗਈਆਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਜ਼ਰੂਰ ਲੈਣਾ ਚਾਹੀਦਾ ਹੈ। ਸ਼੍ਰੀ ਪਵਨ ਕੁਮਾਰ ਆਦੀਆ ਨੇ ਵੱਖ-ਵੱਖ ਪ੍ਰਦਰਸ਼ਨੀ ਸਟਾਲਾਂ ਦਾ ਜਾਇਜ਼ਾ ਵੀ ਲਿਆ।

      ਉਧਰ ਅੱਜ ਹੋਏ ਦੁੱਧ ਚੁਆਈ ਦੇ ਮੁਕਾਬਲਿਆਂ ਵਿਚ ਮੁਕੇਰੀਆਂ ਦੇ ਹਰਦੀਪ ਸਿੰਘ ਦੀ ਐਚ.ਐਫ. ਗਾਂ ਨੇ 35.973 ਕਿਲੋ ਦੁੱਧ ਦੇ ਕੇ ਪਹਿਲਾ ਸਥਾਨ ਮੱਲ੍ਹਿਆ। ਇਸ ਤੋਂ ਇਲਾਵਾ ਪਿੰਡ ਜਹੂਰਾ ਦੇ ਕਮਲਜੀਤ ਸਿੰਘ ਦੀ ਮੁਰ੍ਹਾ ਮੱਝ ਨੇ 14.55 ਕਿਲੋ ਦੁੱਧ ਦੇ ਕੇ ਪਹਿਲਾ ਅਤੇ ਇਸੇ ਪਿੰਡ ਦੇ ਹੀ ਰੁਪਿੰਦਰ ਸਿੰਘ ਦੀ ਨੀਲੀ ਰਾਵੀ ਮੱਝ ਨੇ 13.94 ਕਿਲੋ ਦੁੱਧ ਦੇ ਕੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਪਿੰਡ ਸਤੌਰ ਦੀ ਸ਼੍ਰੀਮਤੀ ਰਗੀਨਾ ਤਲਵਾੜ ਦੀ ਜਰਸੀ ਗਾਂ 16.306 ਕਿਲੋ ਦੁੱਧ ਦੇਕੇ ਪਹਿਲੇ ਨੰਬਰ 'ਤੇ ਰਹੀ ਅਤੇ ਗੜ੍ਹਸ਼ੰਕਰ ਦੇ ਸੁਰਿੰਦਰ ਸਿੰਘ ਦੀ ਬੱਕਰੀ ਨੇ 2.238 ਕਿਲੋ ਦੁੱਧ ਦੇ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਦੇਸੀ ਮੁਰਗੇ, ਸੂਰ, ਕੁੱਤਿਆਂ ਦੇ ਨਸਲ ਮੁਕਾਬਲੇ ਅਤੇ ਹੋਰ ਵੀ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਜੋ ਖਿੱਚ ਦਾ ਕੇਂਦਰ ਰਹੇ।
         ਇਸ ਮੌਕੇ ਡਿਪਟੀ ਡਾਇਰੈਕਟਰ ਡਾ. ਹਰਮੇਸ਼ ਕੁਮਾਰ, ਵੈਟਰਨਰੀ ਡਾ. ਮਨਮੋਹਨ ਸਿੰਘ ਦਰਦੀ, ਡਾ. ਚਰਨਜੀਤ ਸਿੰਘ, ਡਾ.ਕੇ. ਬੀ. ਗਿਲਹੋਤਰਾ, ਡਾ.ਬੀ.ਐਸ.ਟੰਡਨ, ਡਾ. ਹਰਜੀਤ, ਡਾ. ਰਮੇਸ਼ ਸੈਣੀ, ਡਾ. ਆਰ.ਬਾਲੀ, ਡਾ. ਜਗਦੀਸ਼, ਡਾ. ਕਰਨੈਲ ਸਿੰਘ, ਡਾ. ਰਤਨ, ਡਾ. ਰਣਜੀਤ ਸਮੇਤ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਅਤੇ ਭਾਰੀ ਗਿਣਤੀ ਵਿਚ ਪਸ਼ੂ ਪਾਲਕ ਹਾਜ਼ਰ ਸਨ।

ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਸੈਮੀਨਾਰਾਂ ਲਈ ਜਾਗਰੂਕਤਾ ਵੈਨ ਨੂੰ ਕੀਤਾ ਰਵਾਨਾ

ਹੁਸ਼ਿਆਰਪੁਰ, 17 ਅਕਤੂਬਰ:ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਐਸ.ਕੇ. ਅਰੋੜਾ ਵਲੋਂ ਪਿੰਡਾਂ ਵਿੱਚ ਲਗਾਏ ਜਾ ਰਹੇ ਕਾਨੂੰਨੀ ਸੇਵਾਵਾਂ ਸਬੰਧੀ ਜਾਗਰੂਕਤਾ ਸੈਮੀਨਾਰਾਂ ਲਈ ਵਿਸ਼ੇਸ਼ ਮੋਬਾਇਲ ਵੈਨ ਨੂੰ ਰਵਾਨਾ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਐਸ.ਕੇ. ਅਰੋੜਾ ਨੇ ਕਿਹਾ ਕਿ ਆਮ ਲੋਕਾਂ ਨੂੰ ਲੀਗਲ ਏਡ ਸਬੰਧੀ ਸਹਾਇਤਾ ਮੁਹੱਈਆ ਕਰਵਾਉਣ ਲਈ ਪਿੰਡਾਂ ਵਿੱਚ ਸੈਮੀਨਾਰ ਕਰਵਾਏ ਜਾ ਰਹੇ ਹਨ। ਮਾਨਯੋਗ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ. ਨਗਰ ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਮੋਬਾਇਲ ਵੈਨ 31 ਅਕਤੂਬਰ ਤੱਕ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਮੁਫ਼ਤ ਕਾਨੂੰਨੀ ਸਹਾਇਤਾ ਅਤੇ ਅਥਾਰਟੀ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਸੈਮੀਨਾਰ ਲਗਾ ਕੇ ਜਾਣਕਾਰੀ ਮੁਹੱਈਆ ਕਰਵਾਏਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਮੀਨਾਰਾਂ ਨੂੰ ਲਗਾਉਣ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਇਕ ਪੈਨਲ ਐਡਵੋਕੇਟ ਅਤੇ ਇਕ ਪੀ.ਐਲ.ਵੀ. ਦੀ ਵਿਸ਼ੇਸ਼ ਤੌਰ 'ਤੇ ਡਿਊਟੀ ਲਗਾਈ ਗਈ ਹੈ। ਇਸ ਮੌਕੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਮ ਸੀ.ਜੇ.ਐਮ. ਸ੍ਰੀ ਰਵੀ ਗੁਲਾਟੀ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।

ਹੁਸ਼ਿਆਰਪੁਰ ਜ਼ਿਲ੍ਹੇ 'ਚ ਪਟਾਕੇ ਵੇਚਣ ਲਈ 57 ਆਰਜ਼ੀ ਲਾਇਸੰਸ ਜਾਰੀ


  • ਡਿਪਟੀ ਕਮਿਸ਼ਨਰ ਨੇ ਡਰਾਅ ਰਾਹੀਂ ਜਾਰੀ ਕੀਤੇ ਲਾਇਸੰਸ
  • ਪਟਾਕਾ ਰਹਿਤ ਗਰੀਨ ਦੀਵਾਲੀ ਮਨਾਉਣ ਦੀ ਕੀਤੀ ਅਪੀਲ
ਹੁਸ਼ਿਆਰਪੁਰ, 17 ਅਕਤੂਬਰ:  ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਦੀਵਾਲੀ ਦੇ ਤਿਉਹਾਰ ਦੌਰਾਨ ਪਟਾਕਿਆਂ ਦੀ ਵਿਕਰੀ ਲਈ ਜ਼ਿਲ੍ਹੇ ਵਿੱਚ 57 ਆਰਜ਼ੀ ਲਾਇਸੰਸ ਜਾਰੀ ਕੀਤੇ ਗਏ ਹਨ।
ਜਾਰੀ ਕੀਤੇ ਗਏ ਆਰਜ਼ੀ ਲਾਇਸੰਸ ਅਤੇ ਨਿਸ਼ਚਿਤ ਕੀਤੇ ਗਏ ਸਥਾਨ ਤੋਂ ਇਲਾਵਾ ਜੇ ਕੋਈ ਪਟਾਕਾ ਵਿਕਰੇਤਾ ਪਟਾਕੇ ਵੇਚਦਾ ਪਾਇਆ ਗਿਆ, ਤਾਂ ਉਸ ਦੇ ਖਿਲਾਫ਼ ਨਿਯਮਾਂ ਅਨੁਸਾਰ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਵਿਪੁਲ ਉਜਵਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਰਾਅ ਰਾਹੀਂ ਪਟਾਕਿਆਂ ਦੇ ਆਰਜ਼ੀ ਲਾਇਸੰਸ ਜਾਰੀ ਕਰਨ ਉਪਰੰਤ ਇਹ ਜਾਣਕਾਰੀ ਦਿੱਤੀ।

                       ਜ਼ਿਲ੍ਹਾ ਮੈਜਿਸਟਰੇਟ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਹੁਸ਼ਿਆਰਪੁਰ ਵਿੱਚ ਦੁਸਹਿਰਾ ਗਰਾਊਂਡ, ਰੌਸ਼ਨ ਗਰਾਊਂਡ, ਬਜਵਾੜਾ ਕੰਢੀ ਨਹਿਰ, ਗਰੀਨ ਵਿਊ ਪਾਰਕ, ਬੁਲੋਵਾਲ, ਚੱਬੇਵਾਲ, ਹਰਿਆਣਾ, ਰਾਮ ਲੀਲਾ ਗਰਾਊਂਡ ਹਰਿਆਣਾ ਅਤੇ ਦੁਸਹਿਰਾ ਗਰਾਊਂਡ ਹਰਿਆਣਾ ਵਿਖੇ ਪਟਾਕੇ ਵੇਚਣ ਲਈ 27 ਲਾਇਸੰਸ ਜਾਰੀ ਕੀਤੇ ਗਏ ਹਨ। ਇਸੇ ਤਰ੍ਹਾਂ ਤਹਿਸੀਲ ਦਸੂਹਾ ਵਿਖੇ ਮਹਾਂਰਿਸ਼ੀ ਬਾਲਮੀਕ ਪਾਰਕ, ਪੰਚਾਇਤ ਸੰਮਤੀ ਸਟੇਡੀਅਮ, ਰਾਮ ਲੀਲਾ ਗਰਾਊਂਡ ਉੜਮੁੜ, ਸ਼ਿਮਲਾ ਪਹਾੜੀ ਟਾਂਡਾ ਦੀ ਗਰਾਊਂਡ, ਦੁਸਹਿਰਾ ਗਰਾਊਂਡ ਗੜ੍ਹਦੀਵਾਲਾ ਵਿਖੇ ਪਟਾਕੇ ਵੇਚਣ ਲਈ 14 ਲਾਇਸੰਸ ਜਾਰੀ ਕੀਤੇ ਗਏ ਹਨ। ਤਹਿਸੀਲ ਗੜ੍ਹਸ਼ੰਕਰ ਵਿਖੇ ਮਿਲਟਰੀ ਪੜਾਅ (ਐਸ.ਡੀ.ਐਮ. ਦਫ਼ਤਰ ਦੇ ਸਾਹਮਣੇ), ਫਗਵਾੜਾ ਰੋਡ 'ਤੇ ਸਥਿਤ ਨਗਰ ਪੰਚਾਇਤ ਮਾਹਿਲਪੁਰ ਦੀ ਮਾਲਕੀ ਵਾਲੀ ਜਗ੍ਹਾ, ਸ਼ਹੀਦਾਂ ਰੋਡ ਦਾਣਾ ਮੰਡੀ ਮਾਹਿਲਪੁਰ, ਫਗਵਾੜਾ ਰੋਡ 'ਤੇ ਸਥਿਤ ਨਗਰ ਪੰਚਾਇਤ ਮਾਹਿਲਪੁਰ ਦੀ ਮਾਲਕੀ ਵਾਲੀ ਜਗ੍ਹਾ ਲਈ 9 ਲਾਇਸੰਸ ਜਾਰੀ ਕੀਤੇ ਗਏ ਹਨ। ਇਸੇ ਤਰ੍ਹਾਂ ਮੁਕੇਰੀਆਂ ਸਬਡਵੀਜ਼ਨ ਵਿਖੇ ਦੁਸਹਿਰਾ ਗਰਾਊਂਡ ਮੁਕੇਰੀਆਂ, ਦੁਸਹਿਰਾ ਗਰਾਊਂਡ ਹਾਜੀਪੁਰ, ਰਾਮ ਲੀਲਾ ਗਰਾਊਂਡ ਹਰਸਾ ਮਾਨਸਰ, ਰਾਮ ਲੀਲਾ ਗਰਾਊਂਡ ਦਾਤਾਰਪੁਰ ਅਤੇ ਕਮਿਊਂਨਿਟੀ ਸੈਂਟਰ ਕਮਾਹੀ ਦੇਵੀ ਵਿਖੇ ਪਟਾਕੇ ਵੇਚਣ ਲਈ 7 ਲਾਇਸੰਸ ਜਾਰੀ ਕੀਤੇ ਗਏ ਹਨ।
           ਸ੍ਰੀ ਵਿਪੁਲ ਉਜਵਲ ਨੇ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਉਕਤ ਸਥਾਨਾਂ ਅਤੇ ਆਰਜ਼ੀ ਲਾਇਸੰਸ ਤੋਂ ਬਿਨ੍ਹਾਂ ਕੋਈ ਵੀ ਦੁਕਾਨਦਾਰ ਪਟਾਕੇ ਨਹੀਂ ਵੇਚੇਗਾ ਅਤੇ ਜਾਰੀ ਕੀਤੇ ਗਏ ਇਕ ਲਾਇਸੰਸ 'ਤੇ ਕੇਵਲ ਇਕ ਜਗ੍ਹਾ 'ਤੇ ਹੀ ਪਟਾਕੇ ਵੇਚੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸ਼ਾਮ 6.30 ਵਜੇ ਤੋਂ ਲੈ ਕੇ ਰਾਤ 9.30 ਵਜੇ ਤੱਕ ਹੀ ਦੀਵਾਲੀ ਵਾਲੇ ਦਿਨ 19 ਅਕਤੂਬਰ ਨੂੰ ਪਟਾਕੇ ਚਲਾਏ ਜਾ ਸਕਦੇ ਹਨ। ਉਨ੍ਹਾ ਕਿਹਾ ਕਿ ਜੇਕਰ ਕੋਈ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰੇਗਾ, ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਵਿੱਚ ਲਿਆਂਦੀ ਜਾਵੇਗੀ। ਉਨ੍ਹਾ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪ੍ਰਦੂਸ਼ਣ ਰਹਿਤ ਗਰੀਨ ਦੀਵਾਲੀ ਮਨਾਉਣ ਨੂੰ ਤਰਜੀਹ ਦਿੱਤੀ ਜਾਵੇ, ਕਿਉਂਕਿ ਪਟਾਕਿਆਂ ਦਾ ਪ੍ਰਦੂਸ਼ਣ ਮਨੁੱਖੀ ਸਿਹਤ ਲਈ ਬਹੁਤ ਹਾਨੀਕਾਰਕ ਹੈ।

ਜ਼ਿਲ੍ਹੇ ਦੀਆਂ 62 ਮੰਡੀਆਂ 'ਚ ਨਿਰਵਿਘਨ ਕੀਤੀ ਜਾ ਰਹੀ ਹੈ ਝੋਨੇ ਦੀ ਖਰੀਦ : ਡਿਪਟੀ ਕਮਿਸ਼ਨਰ


  • ਕਿਹਾ, ਹੁਣ ਤੱਕ 1,17,557 ਮੀਟਰਕ ਟਨ ਝੋਨਾ ਮੰਡੀਆਂ 'ਚ ਪੁੱਜਿਆ
  • 117.530 ਕਰੋੜ ਰੁਪਏ ਦੀ ਕੀਤੀ ਜਾ ਚੁੱਕੀ ਹੈ ਅਦਾਇਗੀ
ਹੁਸ਼ਿਆਰਪੁਰ, 16 ਅਕਤੂਬਰ:ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ 62 ਮੰਡੀਆਂ ਵਿਚ ਵੱਖ-ਵੱਖ ਖਰੀਦ ਏਜੰਸੀਆਂ ਵਲੋਂ ਝੋਨੇ ਦੀ ਨਿਰਵਿਘਨ ਖਰੀਦ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 1,17,557 ਮੀਟਰਕ ਟਨ ਝੋਨਾ ਮੰਡੀਆਂ ਵਿਚ ਪਹੁੰਚ ਚੁੱਕਿਆ ਹੈ, ਜਿਸ ਵਿਚੋਂ 1,16,113 ਮੀਟਰਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ, ਜਿਸ ਵਿੱਚੋਂ ਪਨਗਰੇਨ ਵਲੋਂ 39,538 ਮੀਟ੍ਰਿਕ ਟਨ, ਮਾਰਕਫੈਡ ਵਲੋਂ 25,270 ਮੀਟ੍ਰਿਕ ਟਨ, ਪਨਸਪ ਵਲੋਂ 20,613 ਮੀਟ੍ਰਿਕ ਟਨ, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵਲੋਂ 7,666 ਮੀਟ੍ਰਿਕ ਟਨ, ਪੰਜਾਬ ਐਗਰੋ ਵਲੋਂ 7,885 ਮੀਟ੍ਰਿਕ ਟਨ, ਐਫ.ਸੀ.ਆਈ ਵਲੋਂ 14,650 ਮੀਟ੍ਰਿਕ ਟਨ ਅਤੇ ਪ੍ਰਾਈਵੇਟ ਵਪਾਰੀਆਂ ਵਲੋਂ 491 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨ ਤੱਕ 117.530 ਕਰੋੜ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ।
         ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਦਿੱਤੇ ਗਏ ਨਿਰਦੇਸ਼ਾਂ 'ਤੇ ਜਿੱਥੇ ਕਿਸਾਨਾਂ ਨੂੰ ਸਮੇਂ-ਸਿਰ ਅਦਾਇਗੀ ਕੀਤੀ ਜਾ ਰਹੀ ਹੈ, ਉਥੇ ਲਿਫਟਿੰਗ ਦਾ ਕੰਮ ਵੀ ਸੁਚੱਜੇ ਤਰੀਕੇ ਨਾਲ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 81 ਫੀਸਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਲਈ ਪੀਣ ਵਾਲੇ ਪਾਣੀ ਤੋਂ ਲੈਕੇ ਹਰੇਕ ਤਰ੍ਹਾਂ ਦੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵਲੋਂ ਪੁੱਤਾਂ ਵਾਂਗ ਪਾਲੀ ਫਸਲ ਦਾ ਇਕ-ਇਕ ਦਾਣਾ ਮੰਡੀਆਂ ਵਿਚੋਂ ਚੁੱਕਿਆ ਜਾਵੇਗਾ ਅਤੇ ਸਮੇਂ-ਸਿਰ ਅਦਾਇਗੀ ਵੀ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਸਮੇ-ਸਿਰ ਲਿਫਟਿੰਗ ਵੀ ਯਕੀਨੀ ਬਣਾ ਲਈ ਗਈ ਹੈ ਅਤੇ ਹੁਣ ਤੱਕ 68,742 ਮੀਟ੍ਰਿਕ ਟਨ (86 ਫੀਸਦੀ) ਲਿਫਟਿੰਗ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਨਿਰਵਿਘਨ ਖਰੀਦ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਕੋਈ ਕਸਰ ਬਾਕੀ ਨਹੀਂ ਛੱਡੇਗਾ। ਉਨ੍ਹਾਂ ਖਰੀਦ ਪ੍ਰਬੰਧਾਂ ਨਾਲ ਜੁੜੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੰਡੀਆਂ ਵਿਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਸਹਿਣ ਨਹੀਂ ਕੀਤੀ ਜਾਵੇਗੀ।
           ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀਆਂ ਵਿਚ ਝੋਨੇ ਦੀ ਫਸਲ ਸੁਕਾ ਕੇ ਹੀ ਲਿਆਂਦੀ ਜਾਵੇ। ਇਸ ਤੋਂ ਇਲਾਵਾ ਝੋਨੇ ਦੀ ਪਰਾਲੀ/ ਰਹਿੰਦ-ਖੂੰਹਦ ਨੂੰ ਬਿਲਕੁੱਲ ਨਾ ਸਾੜਿਆ ਜਾਵੇ। ਉਨ੍ਹਾਂ ਦੱਸਿਆ ਕਿ ਕੌਮੀ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਇਸ ਪ੍ਰਤੀ ਕਾਫੀ ਗੰਭੀਰ ਹੈ ਅਤੇ ਐਨ.ਜੀ.ਟੀ ਵਲੋਂ ਅੱਗ ਲਗਾਉਣ 'ਤੇ ਪੂਰਨ ਮਨਾਹੀ ਕੀਤੀ ਗਈ ਹੈ।

ਸ਼ਾਮ 6-30 ਵਜੇ ਤੋਂ ਪਹਿਲਾਂ ਅਤੇ ਰਾਤ 9-30 ਵਜੇ ਤੋਂ ਬਾਅਦ ਪਟਾਕੇ ਚਲਾਉਣ 'ਤੇ ਪੂਰਨ ਪਾਬੰਦੀ : ਜ਼ਿਲ੍ਹਾ ਮੈਜਿਸਟਰੇਟ

ਹੁਸ਼ਿਆਰਪੁਰ, 14 ਅਕਤੂਬਰ: ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (1974) ਦੇ ਐਕਟ ਨੰ: 2 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਅਤੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਦਿੱਤੇ ਹੁਕਮ ਦੀ ਪਾਲਣਾ ਕਰਦੇ ਹੋਏ ਪਹਿਲਾਂ ਜਾਰੀ ਕੀਤੇ ਹੁਕਮਾਂ ਦੀ ਲਗਾਤਾਰਤਾ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੀ ਹਦੂਦ ਅੰਦਰ ਮਿਤੀ 19 ਅਕਤੂਬਰ ਨੂੰ ਫਾਇਰ ਕਰੈਕਰਜ/ਪਟਾਕੇ ਸ਼ਾਮ 6-30 ਵਜੇ ਤੋਂ ਪਹਿਲਾਂ ਅਤੇ ਰਾਤ 9-30 ਵਜੇ ਤੋਂ ਬਾਅਦ ਚਲਾਉਣ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ 26 ਅਕਤੂਬਰ 2017 ਤੱਕ ਲਾਗੂ ਰਹੇਗਾ।
         ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋ ਜਾਰੀ ਹਦਾਇਤਾਂ ਅਨੁਸਾਰ ਐਸ.ਡੀ.ਐਮ ਦਫ਼ਤਰਾਂ ਵਲੋਂ ਜਾਰੀ ਕੀਤੇ ਗਏ ਰੀਟੇਲ ਪਟਾਕੇ ਵੇਚਣ ਵਾਲਿਆ ਦੇ ਲਾਇਸੰਸ ਰੱਦ ਸਮਝੇ ਜਾਣ। ਉਨ੍ਹਾਂ ਦੱਸਿਆ ਕਿ ਪਟਾਕੇ ਵੇਚਣ ਵਾਲਿਆਂ ਨੂੰ ਲਾਇਸੰਸ ਦਫ਼ਤਰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਲੋਂ ਜਾਰੀ ਕੀਤੇ ਜਾਣੇ ਹਨ, ਜਿਸ ਦੀਆਂ ਦਰਖਾਸਤਾਂ 16 ਅਕਤੂਬਰ ਦੁਪਹਿਰ 2 ਵਜੇ ਤੱਕ ਸਬੰਧਤ ਐਸ.ਡੀ.ਐਮ ਦਫ਼ਤਰਾਂ ਵਿੱਚ ਲਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪ੍ਰਾਪਤ ਹੋਈਆਂ ਦਰਖਾਸਤਾਂ ਵਿਰੁੱਧ ਲਾਇਸੰਸ ਜਾਰੀ ਕਰਨ ਲਈ ਡਰਾਅ ਦਫ਼ਤਰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਮੀਟਿੰਗ ਹਾਲ ਵਿੱਚ 16 ਅਕਤੂਬਰ ਨੂੰ ਸ਼ਾਮ 5 ਵਜੇ ਕੱਢਿਆ ਜਾਵੇਗਾ।  

ਪਸ਼ੂ ਮੇਲੇ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਹੁਸ਼ਿਆਰਪੁਰ, 13 ਅਕਤੂਬਰ: ਦੁਸਹਿਰਾ ਗਰਾਉਂਡ ਹਰਿਆਣਾ ਵਿਖੇ 17 ਅਕਤੂਬਰ ਤੋਂ ਲਗਾਏ ਜਾ ਰਹੇ 2 ਦਿਨਾ ਪਸ਼ੂ ਮੇਲੇ ਦੀਆਂ ਤਿਆਰੀਆਂ ਸਬੰਧੀ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਹਰਮੇਸ਼ ਕੁਮਾਰ ਵਲੋਂ ਜਾਇਜ਼ਾ ਲਿਆ ਗਿਆ। ਇਸ ਦੌਰਾਨ ਉਨ੍ਹਾਂ ਨੇ ਪਸ਼ੂ ਪਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਤੋਂ ਵੱਧ ਇਸ ਪਸ਼ੂ ਮੇਲੇ ਵਿੱਚ ਸ਼ਾਮਲ ਹੋ ਕੇ ਨਵੀਨਤਮ ਤਕਨੀਕਾਂ ਦੀ ਜਾਣਕਾਰੀ ਹਾਸਲ ਕਰਕੇ ਪਸ਼ੂ ਪਾਲਣ ਦੇ ਧੰਦੇ ਨੂੰ ਅਪਨਾਉਣ। ਉਨ੍ਹਾਂ ਕਿਹਾ ਕਿ ਇਸ ਪਸ਼ੂ ਮੇਲੇ ਵਿੱਚ ਵੱਖ-ਵੱਖ ਪਸ਼ੂਆਂ ਦੀ ਨਸਲ ਅਤੇ ਦੁੱਧ ਚੁਆਈ ਮੁਕਾਬਲੇ ਵੀ ਕਰਵਾਏ ਜਾਣਗੇ। ਇਸ ਮੌਕੇ ਡਾ. ਗਿਲਹੋਤਰਾ, ਡਾ. ਟੰਡਨ, ਡਾ. ਹਰਜੀਤ, ਡਾ. ਸੈਣੀ, ਡਾ. ਮਨਮੋਹਨ ਦਰਦੀ, ਡਾ. ਬਾਲੀ, ਡਾ. ਜਗਦੀਸ਼, ਡਾ. ਬਖਤਾਬਰ ਸਿੰਘ ਸਮੇਤ ਪਸ਼ੂ ਪਾਲਣ ਵਿਭਾਗ ਦੇ ਕਰਮਚਾਰੀ ਵੀ ਮੌਜੂਦ ਸਨ।

ਹੁਸ਼ਿਆਰਪੁਰ 'ਚ ਸਪੈਸ਼ਲ ਪ੍ਰੀ-ਰਿਕਰੂਟਮੈਂਟ ਟਰੇਨਿੰਗ ਕੇਡਰ 16 ਤੋਂ

4 ਦਸੰਬਰ ਤੋਂ ਸੋਲਜ਼ਰ ਜੀ.ਡੀ. ਅਤੇ ਸੋਲਜ਼ਰ ਟਰੇਡਮੈਨ ਦੀ ਹੋਵੇਗੀ ਭਰਤੀ
ਹੁਸ਼ਿਆਰਪੁਰ, 13 ਅਕਤੂਬਰ:  ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਰਨਲ (ਰਿਟਾ:) ਦਲਵਿੰਦਰ ਸਿੰਘ ਨੇ ਦੱਸਿਆ ਕਿ ਸੋਲਜ਼ਰ (ਜੀ.ਡੀ.) ਅਤੇ ਸੋਲਜ਼ਰ ਟਰੇਡਮੈਨ ਦੀ ਭਰਤੀ ਲਈ ਇਕ ਸਪੈਸ਼ਲ ਪ੍ਰੀ-ਰਿਕਰੂਟਮੈਂਟ ਟਰੇਨਿੰਗ ਕੇਡਰ 16 ਅਕਤੂਬਰ ਤੋਂ ਹੁਸ਼ਿਆਰਪੁਰ ਵਿਖੇ ਚਲਾਇਆ ਜਾ ਰਿਹਾ ਹੈ, ਜਿਸ ਦਾ ਲਾਹਾ ਵੱਧ ਤੋਂ ਵੱਧ ਨੌਜਵਾਨ ਲੈਣ। ਉਨ੍ਹਾਂ ਦੱਸਿਆ ਕਿ ਆਰਟੀਲਰੀ ਸੈਂਟਰ ਨਾਸਿਕ ਰੋਡ ਕੈਂਪ ਵਿਖੇ 4 ਤੋਂ 6 ਦਸੰਬਰ ਤੱਕ ਸੋਲਜ਼ਰ (ਜੀ.ਡੀ.) ਅਤੇ ਸੋਲਜ਼ਰ ਟਰੇਡਮੈਨ ਲਈ ਭਰਤੀ ਰੈਲੀ ਸਰਵਿਸ ਕਰ ਰਹੇ ਸੈਨਿਕਾਂ, ਸਾਬਕਾ ਸੈਨਿਕਾਂ, ਜੰਗੀ ਵਿਧਵਾਵਾਂ ਅਤੇ ਵਿਧਵਾਵਾਂ ਦੇ ਆਸ਼ਰਿਤਾਂ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਭਰਤੀ ਲਈ ਉਮਰ ਹੱਦ ਸਾਢੇ 17 ਸਾਲ ਤੋਂ 21 ਸਾਲ ਹੈ। ਉਨ੍ਹਾਂ ਦੱਸਿਆ ਕਿ ਸੋਲਜ਼ਰ ਜੀ.ਡੀ. ਲਈ ਕੱਦ 170 ਸੈਂਟੀਮੀਟਰ, ਛਾਤੀ 77 ਇੰਚ ਅਤੇ ਭਾਰ 50 ਕਿਲੋ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਉਮੀਦਵਾਰ ਦੀ ਵਿਦਿਅਕ ਯੋਗਤਾ 10ਵੀਂ 45 ਪ੍ਰਤੀਸ਼ਤ ਨੰਬਰਾਂ ਨਾਲ ਪਾਸ ਕੀਤੀ ਹੋਵੇ ਅਤੇ ਹਰੇਕ ਵਿਸ਼ੇ ਵਿੱਚੋਂ 33 ਪ੍ਰਤੀਸ਼ਤ ਨੰਬਰ ਹੋਣੇ ਲਾਜ਼ਮੀ ਹਨ।
                       ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਨੇ ਦੱਸਿਆ ਕਿ ਇਸੇ ਭਰਤੀ ਲਈ ਇਕ ਸਪੈਸ਼ਲ ਪ੍ਰੀ-ਰਿਕਰੂਟਮੈਂਟ ਟਰੇਨਿੰਗ ਕੇਡਰ 16 ਅਕਤੂਬਰ ਤੋਂ ਦਫ਼ਤਰ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਹੁਸ਼ਿਆਰਪੁਰ ਵਿਖੇ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਆਪਣੀ ਅਸਲ ਵਿਦਿਅਕ ਯੋਗਤਾ ਸਰਟੀਫਿਕੇਟ, ਉਮਰ ਦਾ ਸਬੂਤ, ਐਸ.ਸੀ./ਐਸ.ਟੀ. ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ ਅਤੇ ਸਾਬਕਾ ਸੈਨਿਕ ਦੇ ਆਸ਼ਰਿਤ ਹੋਣ ਦੀ ਸੂਰਤ ਵਿੱਚ ਡਿਸਚਾਰਜ ਬੁੱਕ ਜਾਂ ਰਿਲੇਸ਼ਨਸ਼ਿਪ ਸਰਟੀਫਿਕੇਟ ਦੀ ਕਾਪੀ ਨਾਲ ਲੈ ਕੇ ਆਉਣ ਅਤੇ ਆਪਣਾ ਨਾਮ ਰਜਿਸਟਰ ਕਰਵਾਉਣ।

ਝੋਨੇ ਦੀ ਪਰਾਲੀ ਪਸ਼ੂਆਂ ਦੇ ਸੁੱਕੇ ਚਾਰੇ ਵਜੋਂ ਵਰਤ ਸਕਦੇ ਨੇ ਕਿਸਾਨ

ਹੁਸ਼ਿਆਰਪੁਰ, 13 ਅਕਤੂਬਰ:  ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਦੀ ਵਰਤੋਂ ਪਸ਼ੂਆਂ ਦੇ ਸੁੱਕੇ ਚਾਰੇ ਵਜੋਂ ਕੀਤੀ ਜਾ ਸਕਦੀ ਹੈ, ਇਸ ਲਈ ਜਿੱਥੇ ਪਰਾਲੀ ਦਾ ਨਿਪਟਾਰਾ ਅਸਾਨੀ ਨਾਲ ਹੋ ਸਕੇਗਾ, ਉਥੇ ਪਸ਼ੂ ਪਾਲਣ ਲਈ ਸਸਤਾ ਚਾਰਾ ਉਪਲੱਬਧ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਖੇਤਾਂ ਵਿੱਚ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਤਾਂ ਪ੍ਰਦੂਸ਼ਿਤ ਹੁੰਦਾ ਹੀ ਹੈ, ਜ਼ਮੀਨ ਵਿੱਚ ਮੌਜੂਦ ਮਿੱਤਰ ਕੀੜੇ ਅਤੇ ਹੋਰ ਉਪਜਾਊ ਤੱਤ ਵੀ ਨਸ਼ਟ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਪਰਾਲੀ ਨੂੰ ਅੱਗ ਲਗਾਉਣ 'ਤੇ ਪ੍ਰਤੀ ਏਕੜ 2856 ਕਿਲੋ ਕਾਰਬਨ ਡਾਈਆਕਸਾਈਡ, 120 ਕਿਲੋ ਕਾਰਬਨ ਮੋਨੋਆਕਸਾਈਡ, 4 ਕਿਲੋ ਸਲਫਰ ਡਾਈਆਕਸਾਈਡ ਅਤੇ 6 ਕਿਲੋ ਧੂੜ ਦੇ ਕਣ ਪੈਦਾ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਇਹ ਹਾਨੀਕਾਰਕ ਗੈਸਾਂ ਮਨੁੱਖ ਅਤੇ ਜਾਨਵਰਾਂ ਦੀ ਸਿਹਤ ਲਈ ਕਾਫ਼ੀ ਘਾਤਕ ਹਨ।
           ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸਾਨਾਂ ਵਲੋਂ ਖੇਤੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਕਿੱਤਾ ਵੀ ਕੀਤਾ ਜਾਂਦਾ ਹੈ ਅਤੇ ਕਿਸਾਨ ਇਸ ਸਮੇਂ ਪਸ਼ੂਆਂ ਲਈ ਹਰੇ ਚਾਰੇ ਨਾਲ ਸੁੱਕੇ ਚਾਰੇ ਵਜੋਂ ਤੂੜੀ ਦੀ ਵਰਤੋਂ ਕਰਦੇ ਹਨ ਜੋ ਕਿ 350 ਰੁਪਏ ਪ੍ਰਤੀ ਕੁਇੰਟਲ ਹੈ। ਉਨ੍ਹਾਂ ਦੱਸਿਆ ਕਿ ਜੇਕਰ ਪਰਾਲੀ ਦੀ ਵਰਤੋਂ ਕੀਤੀ ਜਾਵੇ ਤਾਂ ਇਹ ਕੇਵਲ 100 ਰੁਪਏ ਪ੍ਰਤੀ ਕੁਇੰਟਲ ਹੀ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਪਰਾਲੀ ਦੇ ਪ੍ਰਬੰਧਨ ਦੇ ਕਈ ਤਰੀਕੇ ਹਨ ਪਰ ਚਾਰੇ ਵੱਜੋਂ ਵਰਤੋਂ ਕਿਸਾਨਾਂ ਲਈ ਸਭ ਤੋਂ ਸਸਤਾ ਅਤੇ ਲਾਭਕਾਰੀ ਤਰੀਕਾ ਹੈ, ਕਿਉਂਕਿ ਇਸ ਤਰੀਕੇ ਵਿੱਚ ਮਹਿੰਗੀ ਤੂੜੀ ਦੀ ਬੱਚਤ ਕਰਕੇ ਸਸਤੀ ਪਰਾਲੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪਰਾਲੀ ਦੇ ਪੌਸ਼ਟਿਕ ਗੁਣ ਹੋਰ ਫਸਲਾਂ ਦੀ ਤੂੜੀ ਦੇ ਲਗਭਗ ਬਰਾਬਰ ਹੀ ਹਨ।
           ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਮਾਹਿਰਾਂ ਅਨੁਸਾਰ ਪਰਾਲੀ ਨੂੰ ਕਟਾਈ ਤੋਂ 2 ਤੋਂ 10 ਦਿਨ ਵਿਚਕਾਰ ਸੰਭਾਲ ਲਿਆ ਜਾਵੇ ਤਾਂ ਇਸ ਨੂੰ ਪਸ਼ੂ ਜ਼ਿਆਦਾ ਪਸੰਦ ਕਰਦੇ ਹਨ। ਪਸ਼ੂ ਪਾਲਣ ਵਿਭਾਗ ਦੀ ਸਲਾਹ ਨਾਲ ਪਰਾਲੀ ਦਾ ਯੂਰੀਆ ਨਾਲ ਉਪਚਾਰ ਕਰਕੇ ਇਸ ਦਾ ਸੁਆਦ ਅਤੇ ਪੌਸ਼ਟਿਕਤਾ ਹੋਰ ਵਧਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪਸ਼ੂਆਂ ਲਈ ਪਰਾਲੀ ਦਾ ਅਚਾਰ ਵੀ ਬਣਾਇਆ ਜਾ ਸਕਦਾ ਹੈ।

ਬੇਟੀ ਬਚਾਓ, ਬੇਟੀ ਪੜ੍ਹਾਓ ਸੈਮੀਨਾਰ ਕਰਵਾਇਆ

ਤਲਵਾੜਾ, 12 ਅਕਤੂਬਰ: ਬੇਟੀ ਬਚਾਓ, ਬੇਟੀ ਪੜ੍ਹਾਓ ਸਕੀਮ ਤਹਿਤ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਬਲਾਕ ਤਲਵਾੜਾ ਦੇ ਦਾਤਾਰਪੁਰ ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।
ਸੈਮੀਨਾਰ ਦੌਰਾਨ ਸੁਰਿੰਦਰ ਕੌਰ ਸੁਪਰਵਾਈਜ਼ਰ ਵੱਲੋਂ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਸੀ. ਡੀ. ਪੀ. ਓ. ਪੂਰਨ ਪੰਕਜ ਸ਼ਰਮਾ ਵੱਲੋਂ ਯੋਜਨਾ ਸਬੰਧੀ ਪ੍ਰਭਾਵਸ਼ਾਲੀ ਢੰਗ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਘਟਦਾ ਲਿੰਗ ਅਨੁਪਾਤ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਲਈ ਵਿਆਪਕ ਚੇਤਨਾ ਦੀ ਲੋੜ ਹੈ। ਇਸ ਮੌਕੇ ਆਂਗਨਵਾੜੀ ਵਿਖੇ ਨੰਨ੍ਹੀ ਬੱਚੀ ਲਛਮੀ ਦਾ ਜਨਮ ਦਿਨ ਮਨਾਇਆ ਅਤੇ ਬੱਚੀ ਦੀ ਮਾਤਾ ਰਮਨਦੀਪ ਕੌਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਸਮਲਤਾ, ਮਹਿਲਾ ਮੰਡਲ ਪ੍ਰਧਾਨ ਅਨੀਤਾ ਸ਼ਰਮਾ, ਪ੍ਰਭਾਤ ਸ਼ਰਮਾ, ਰਵਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਆਸ਼ਾ ਵਰਕਰ, ਆਂਗਨਵਾੜੀ ਕਾਮੇ ਹਾਜਰ ਸਨ।

ਬੱਚਿਆਂ ਦੀ ਸੁਰੱਖਿਆ ਦੇਸ਼ ਦੇ ਭਵਿੱਖ ਦੀ ਸੁਰੱਖਿਆ : ਡਿਪਟੀ ਕਮਿਸ਼ਨਰ


  • ਹੁਸ਼ਿਆਰਪੁਰ 'ਚ ਸ਼ਿਸ਼ੂ ਸੁਰੱਖਿਆ ਘਰ (ਪੰਘੂੜਾ) ਦਾ ਕੀਤਾ ਉਦਘਾਟਨ
ਹੁਸ਼ਿਆਰਪੁਰ, 12 ਅਕਤੂਬਰ: ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਹੀ ਦੇਸ਼ ਦੀ ਸੁਰੱਖਿਆ ਹੈ। ਉਨ੍ਹਾਂ ਇਹ ਵਿਚਾਰ ਅੱਜ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿਖੇ ਸ਼ਿਸ਼ੂ ਸੁਰੱਖਿਆ ਘਰ (ਪੰਘੂੜਾ) ਦਾ ਉਦਘਾਟਨ ਕਰਨ ਦੌਰਾਨ ਪ੍ਰਗਟਾਏ। ਡਿਪਟੀ ਕਮਿਸ਼ਨਰ ਨੇ ਇਹ ਉਦਘਾਟਨ ਏ.ਡੀ.ਸੀ. ਸ੍ਰੀਮਤੀ ਅਨੁਪਮ ਕਲੇਰ ਕੋਲੋਂ ਕਰਵਾਇਆ।
ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਇਹ ਪੰਘੂੜਾ ਲਵਾਰਸ ਬੱਚਿਆਂ ਲਈ ਵਰਦਾਨ ਸਾਬਤ ਹੋਵੇਗਾ, ਕਿਉਂਕਿ ਇਸ ਉਪਰਾਲੇ ਨਾਲ ਜਿਥੇ ਬੱਚਿਆਂ ਨੂੰ ਤੁਰੰਤ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ, ਉਥੇ ਉਸ ਦਾ ਭਵਿੱਖ ਸੰਵਾਰਨ ਦੇ ਯਤਨ ਵੀ ਕੀਤੇ ਜਾਣਗੇ।

           ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਜਿਹੜਾ ਵੀ ਕੋਈ ਵਿਅਕਤੀ ਲਵਾਰਸ ਬੱਚਾ ਦੇਖਦਾ ਹੈ, ਤਾਂ ਉਹ ਬੱਚੇ ਨੂੰ ਇਸ ਪੰਘੂੜੇ ਵਿੱਚ ਰੱਖ ਸਕਦਾ ਹੈ। ਅਜਿਹਾ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਪੁੱਛ-ਪੜਤਾਲ ਨਹੀਂ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਲੋੜੀਂਦੀ ਮੈਡੀਕਲ ਸਹਾਇਤਾ ਅਤੇ ਟੀਕਾਕਰਨ ਦੀ ਸਹੂਲਤ ਦੇਣ ਉਪਰੰਤ ਨਾਰੀ ਨਿਕੇਤਨ ਵਿੱਚ ਭੇਜਿਆ ਜਾਵੇਗਾ, ਤਾਂ ਕਿ ਬੱਚੇ ਗੋਦ ਲੈਣ ਦੀ ਪ੍ਰਕ੍ਰਿਆ ਵਿੱਚੋਂ ਲੰਘ ਕੇ ਮਾਪਿਆ ਦੀ ਛਤਰ ਛਾਇਆ ਹੇਠ ਵਿਕਸਤ ਹੋ ਸਕਣ। ਉਨ੍ਹਾਂ ਕਿਹਾ ਕਿ ਇਸ ਸਹੂਲਤ ਨਾਲ ਸਮਾਜ ਵਿੱਚ ਹਰੇਕ ਬੱਚਾ ਸੁਰੱਖਿਅਤ ਅਤੇ ਹਿਫਾਜ਼ਤ ਵਾਲਾ ਜੀਵਨ ਬਤੀਤ ਕਰ ਸਕੇਗਾ। ਉਨ੍ਹਾਂ ਕਿਹਾ ਕਿ ਅਜਿਹੇ ਬੱਚਿਆਂ ਲਈ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਚਿਲਡਰਨ ਹੋਮ ਵੀ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਬੱਚਿਆਂ ਨੂੰ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਕਿੱਤਾ ਮੁੱਖੀ ਸਿੱਖਿਆ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ।
           ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ, ਸਿਵਲ ਸਰਜਨ ਡਾ. ਰੇਨੂ ਸੂਦ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ. ਕੁਲਦੀਪ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਹਰਪ੍ਰੀਤ ਕੌਰ, ਸੀਨੀਅਰ ਮੈਡੀਕਲ ਅਫ਼ਸਰ ਡਾ. ਓ.ਪੀ. ਗੋਜਰਾ, ਸਹਾਇਕ ਫੂਡ ਤੇ ਸਪਲਾਈ ਅਫ਼ਸਰ ਸ੍ਰੀ ਅਮਿਤ ਕੁਮਾਰ ਭੱਟੀ, ਜ਼ਿਲ੍ਹਾ ਪ੍ਰੀਵਾਰ ਭਲਾਈ ਅਫ਼ਸਰ ਡਾ. ਰਜਿੰਦਰ ਰਾਜ ਤੋਂ ਇਲਾਵਾ ਹੋਰ ਵੀ ਅਧਿਕਾਰੀ ਹਾਜ਼ਰ ਸਨ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)