- ਡਿਪਟੀ ਕਮਿਸ਼ਨਰ ਵਲੋਂ ਸ਼ਹੀਦ ਹੋਏ ਸੈਨਿਕਾਂ ਦੀਆਂ ਤਸਵੀਰਾਂ ਜਮ੍ਹਾਂ ਕਰਵਾਉਣ ਦੀ ਅਪੀਲ
ਹੁਸ਼ਿਆਰਪੁਰ, 13 ਫਰਵਰੀ: ਜ਼ਿਲ੍ਹਾ ਪ੍ਰਸ਼ਾਸ਼ਨ ਹੁਸ਼ਿਆਰਪੁਰ ਵਲੋਂ ਸ਼ਹੀਦਾਂ ਦੀ ਯਾਦ ਨੂੰ ਹਮੇਸ਼ਾ ਤਾਜ਼ਾ ਰੱਖਣ ਲਈ ਜ਼ਿਲ੍ਹੇ ਦੇ ਉਸ ਪਿੰਡ ਦੇ ਸਕੂਲ ਵਿੱਚ ਸ਼ਹੀਦ ਦੀ ਤਸਵੀਰ ਲਗਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਸਕੂਲ ਤੋਂ ਸਬੰਧਤ ਸ਼ਹੀਦ ਹੋਏ ਸੈਨਿਕ ਨੇ ਸਿੱਖਿਆ ਪ੍ਰਾਪਤ ਕੀਤੀ ਹੈ। ਇਹ ਉਪਰਾਲਾ ਇਸ ਲਈ ਕੀਤਾ ਜਾ ਰਿਹਾ ਹੈ, ਤਾਂ ਜੋ ਸ਼ਹੀਦ ਹੋਏ ਸੈਨਿਕ ਦੇ ਸਕੂਲ ਦੇ ਵਿਦਿਆਰਥੀ ਸ਼ਹੀਦ ਦੀ ਕੁਰਬਾਨੀ ਨੂੰ ਜਾਣ ਸਕਣ। ਇਹ ਤਸਵੀਰਾਂ ਲਗਾਉਣ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਲੋਂ ਸ਼ਹੀਦ ਹੋਏ ਸੈਨਿਕਾਂ ਦੀਆਂ 2-2 ਤਸਵੀਰਾਂ ਜਮ੍ਹਾਂ ਕਰਵਾਉਣ ਲਈ ਅਪੀਲ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉੁਜਵਲ ਨੇ ਦੱਸਿਆ ਕਿ ਜ਼ਿਲ੍ਹੇ ਨਾਲ ਸਬੰਧਤ ਸ਼ਹੀਦ ਹੋਏ ਸੈਨਿਕਾਂ ਦੀਆਂ ਤਸਵੀਰਾਂ ਸ਼ਹੀਦ ਦੇ ਪਿੰਡ ਦੇ ਸਕੂਲ ਵਿੱਚ ਲਗਾਈਆਂ ਜਾਣਗੀਆਂ, ਜਿਥੋਂ ਉਸਨੇ ਸਿੱਖਿਆ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦ ਦੀ ਤਸਵੀਰ ਹੇਠ ਉਸ ਬਾਰੇ ਵਿਸ਼ੇਸ਼ ਜਾਣਕਾਰੀ ਵੀ ਲਿਖੀ ਜਾਵੇਗੀ, ਤਾਂ ਜੋ ਸਕੂਲ ਦੇ ਵਿਦਿਆਰਥੀਆਂ ਨੂੰ ਸ਼ਹੀਦਾਂ ਵਲੋਂ ਕੀਤੀਆਂ ਕੁਰਬਾਨੀਆਂ ਬਾਰੇ ਜਾਣੂ ਕਰਵਾਇਆ ਜਾ ਸਕੇ ਅਤੇ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕੀਤਾ ਜਾ ਸਕੇ।
ਸ੍ਰੀ ਵਿਪੁਲ ਉਜਵਲ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੰਸਾਰ ਯੁੱਧ ਤੋਂ ਲੈ ਕੇ 1962, 1965, 1971 ਦੀਆਂ ਜੰਗਾਂ ਅਤੇ ਵੱਖ-ਵੱਖ ਓਪ੍ਰੇਸ਼ਨਾਂ ਵਿੱਚ ਹੁਣ ਤੱਕ ਸ਼ਹੀਦ ਹੋਏ ਸੈਨਿਕਾਂ ਦੀਆਂ 2-2 ਤਸਵੀਰਾਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਹੁਸ਼ਿਆਰਪੁਰ ਜਾਂ ਦਫ਼ਤਰ ਦੇ ਸੈਨਿਕ ਭਲਾਈ ਪ੍ਰਬੰਧਕਾਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਮੁਹੱਈਆ ਕਰਵਾ ਦਿੱਤੀਆਂ ਜਾਣ। ਉਨ੍ਹਾਂ ਦੱਸਿਆ ਕਿ ਸ਼ਹੀਦ ਦੀਆਂ ਤਸਵੀਰਾਂ ਪਿਛੇ ਉਸਦੇ ਪਿੰਡ ਦਾ ਪਤਾ, ਓਪ੍ਰੇਸ਼ਨ ਦਾ ਨਾਮ, ਸ਼ਹੀਦ ਹੋਣ ਦੀ ਮਿਤੀ, ਸਕੂਲ ਦਾ ਨਾਮ, ਮੋਬਾਇਲ ਨੰਬਰ, ਜੇਕਰ ਸ਼ਹੀਦ ਪੁਰਸਕਾਰ ਵਿਜੇਤਾ ਹੈ ਤਾਂ ਉਸਦਾ ਵੇਰਵਾ ਵੀ ਫੋਟੋ ਦੇ ਪਿਛੇ ਦਿੱਤਾ ਜਾਵੇ। ਇਸ ਤੋਂ ਇਲਾਵਾ ਸਰਵਿਸ ਪਰਟੀਕੂਲਰ ਦੀ ਕਾਪੀ ਵੀ ਮੁਹੱਈਆ ਕਰਵਾਈ ਜਾਵੇ।
No comments:
Post a Comment