- ਡਿਪਟੀ ਕਮਿਸ਼ਨਰ ਨੇ ਸੌਂਪੇ ਮੈਂਬਰਸ਼ਿਪ ਸਰਟੀਫਿਕੇਟ
ਹੁਸ਼ਿਆਰਪੁਰ, 2 ਫਰਵਰੀ: ਭਾਰਤੀ ਰੈਡ ਕਰਾਸ ਸੁਸਾਇਟੀ ਦੇ ਵਾਈਸ ਚੇਅਰਮੈਨ ਅਤੇ ਸਾਬਕਾ ਐਮ.ਪੀ. ਸ੍ਰੀ ਅਵਿਨਾਸ਼ ਰਾਏ ਖੰਨਾ ਨੇ ਧਰਮਪਤਨੀ ਸ੍ਰੀਮਤੀ ਮੀਨਾਕਸ਼ੀ ਖੰਨਾ, ਬੇਟਾ ਪਿਊਸ਼ ਖੰਨਾ ਅਤੇ ਬੇਟੀ ਸ਼ਿਖਾ ਖੰਨਾ ਸਮੇਤ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਵਿਪੁਲ ਉਜਵਲ ਤੋਂ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੀ ਲਾਈਫ ਮੈਂਬਰਸ਼ਿਪ ਸਬੰਧੀ ਸਰਟੀਫਿਕੇਟ ਹਾਸਲ ਕੀਤੇ ਹਨ। ਇਸ ਮੌਕੇ ਸ੍ਰੀ ਸੰਜੀਵ ਤਲਵਾੜ ਵਲੋਂ ਵੀ ਸੁਸਾਇਟੀ ਦੀ ਲਾਈਫ ਮੈਂਬਰਸ਼ਿਪ ਦਾ ਸਰਟੀਫਿਕੇਟ ਹਾਸਲ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਗੁਪਤਾ ਨੇ ਦੱਸਿਆ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੀ ਲਾਈਫ ਮੈਂਬਰਸ਼ਿਪ ਦੇ ਸਰਟੀਫਿਕੇਟ ਭਾਰਤੀ ਰੈਡ ਕਰਾਸ ਸੁਸਾਇਟੀ ਦੇ ਨੈਸ਼ਨਲ ਹੈਡਕੁਆਟਰ ਨਵੀਂ ਦਿੱਲੀ ਵਲੋਂ ਜਾਰੀ ਕੀਤੇ ਜਾਂਦੇ ਹਨ। ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੂੰ ਲਾਈਫ਼ ਮੈਂਬਰਸ਼ਿਪ ਦੇ ਇਹ ਸਰਟੀਫਿਕੇਟ ਮਿਲਣ ਉਪਰੰਤ ਮਾਨਯੋਗ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਵਿਪੁਲ ਉਜਵਲ ਵਲੋਂ ਉਕਤ ਮੈਂਬਰਾਂ ਨੂੰ ਸੌਂਪ ਦਿੱਤੇ ਗਏ ਹਨ। ਸ੍ਰੀ ਗੁਪਤਾ ਨੇ ਦੱਸਿਆ ਕਿ ਜਿਥੇ ਰੈਡ ਕਰਾਸ ਸੁਸਾਇਟੀ ਵਲੋਂ ਬਹੁਤ ਸਾਰੀਆਂ ਸਮਾਜ ਭਲਾਈ ਸਕੀਮਾਂ ਸਫ਼ਲਤਾਪੂਰਵਕ ਜ਼ਿਲ੍ਹੇ ਵਿੱਚ ਚਲਾਈਆਂ ਜਾ ਰਹੀਆਂ ਹਨ, ਉਥੇ ਇਸ ਸੰਸਥਾ ਵਲੋਂ ਜ਼ਿਲ੍ਹਾ ਰੈਡ ਕਰਾਸ ਦੇ ਵੱਧ ਤੋਂ ਵੱਧ ਮੈਂਬਰ ਬਣਾਉਣ ਦਾ ਕੰਮ ਵੀ ਵੱਡੇ ਪੱਧਰ 'ਤੇ ਜਾਰੀ ਹੈ। ਇਸ ਮੌਕੇ ਮਿਊਂਸਪਲ ਕੌਂਸਲਰ ਸ੍ਰੀਮਤੀ ਨੀਤੀ ਤਲਵਾੜ ਵੀ ਮੌਜੂਦ ਸਨ।
No comments:
Post a Comment