ਹੁਸ਼ਿਆਰਪੁਰ, 16 ਫਰਵਰੀ: ਬੇਟੀ ਬਚਾਓ-ਬੇਟੀ ਪੜ੍ਹਾਓ ਸਕੀਮ ਅਧੀਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅੱਜ ਇਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿੱਚ ਜ਼ਿਲ੍ਹੇ ਦੇ 9 ਵੱਖ-ਵੱਖ ਸਕੂਲਾਂ ਦੇ
ਬਾਲਿਕਾ ਮੰਚ ਦੀਆਂ ਅਹੁਦੇਦਾਰ ਵਿਦਿਆਰਥਣਾਂ, ਕੋਆਰਡੀਨੇਟਰ ਅਧਿਆਪਕਾਂ ਅਤੇ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਘਰੇਲੂ ਹਿੰਸਾ ਰੋਕਣ ਲਈ ਵਿਦਿਆਰਥਣਾਂ ਅਹਿਮ ਰੋਲ ਅਦਾ ਕਰ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਘਰੇਲੂ ਹਿੰਸਾ ਰੋਕਣ ਲਈ ਹੀ ਬਾਲਿਕਾ ਮੰਚ ਦੀ ਸ਼ੁਰੂਆਤ ਕੀਤੀ ਗਈ ਹੈ, ਇਸ ਲਈ ਲੜਕੀਆਂ ਨੂੰ ਬਿਨ੍ਹਾਂ ਝਿਜਕ ਇਸ ਸਬੰਧੀ ਆਵਾਜ਼ ਉਠਾਉਣੀ ਚਾਹੀਦੀ ਹੈ।
ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਕਿਸ਼ੋਰ ਅਵਸਥਾ ਵਿੱਚੋਂ ਗੁਜ਼ਰ ਰਹੀਆਂ ਲੜਕੀਆਂ ਨੂੰ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਸਮੇਂ ਦੌਰਾਨ ਗਿਆਨ ਨਾਲ ਹੀ ਲੜਕੀਆਂ ਸਵੱਸਥ ਜੀਵਨ ਬਤੀਤ ਕਰ ਸਕਦੀਆਂ ਹਨ। ਉਨ੍ਹਾਂ ਬਾਲਿਕਾ ਮੰਚ ਦੀਆਂ ਅਹੁਦੇਦਾਰ ਵਿਦਿਆਰਥਣਾਂ ਨੂੰ ਅਪੀਲ ਕੀਤੀ ਕਿ ਉਹ ਕਿਸ਼ੋਰ ਅਵਸਥਾ ਵਿੱਚੋਂ ਲੰਘ ਰਹੀਆਂ ਵਿਦਿਆਰਥਣਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਪ੍ਰਦਾਨ ਕਰਨ। ਇਸ ਤੋਂ ਇਲਾਵਾ ਉਨ੍ਹਾਂ ਮਹਿਲਾ ਅਧਿਆਪਕਾਂ ਨੂੰ ਵੀ ਇਸ ਸਬੰਧੀ ਵਿਦਿਆਰਥਣਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਾਗਰੂਕਤਾ ਨਾਲ ਹੀ ਲੜਕੀਆਂ ਦੇ ਸਰੀਰਕ ਅਤੇ ਮਾਨਸਿਕ ਪੱਧਰ 'ਤੇ ਆਉਂਦੇ ਬਦਲਾਵਾਂ ਬਾਰੇ ਦੁਬਿਧਾ ਦੂਰ ਹੋ ਸਕਦੀ ਹੈ ਅਤੇ ਅਜਿਹੇ ਸਮੇਂ ਵਿੱਚ ਲੜਕੀਆਂ ਤਣਾਅ ਮੁਕਤ ਹੋ ਸਕਦੀਆਂ ਹਨ।
ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸ਼ੋਰ ਅਵਸਥਾ ਦੌਰਾਨ ਲੜਕੀਆਂ ਨੂੰ ਆਪਣੇ ਅਧਿਆਪਕਾਂ, ਸਹੇਲੀਆਂ ਅਤੇ ਪਰਿਵਾਰ ਦੀਆਂ ਵੱਡੀ ਉਮਰ ਦੀਆਂ ਔਰਤਾਂ ਨਾਲ ਵਿਚਾਰ-ਵਟਾਂਦਰਾ ਜ਼ਰੂਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਜੇਕਰ ਤਣਾਅ ਮੁਕਤ ਹੋਣਗੀਆਂ, ਤਾਂ ਹੀ ਉਨ੍ਹਾਂ ਦੀ ਪੜ੍ਹਾਈ ਵਿੱਚ ਰੁਚੀ ਪੈਦਾ ਹੋ ਸਕਦੀ ਹੈ।
ਮੀਟਿੰਗ ਦੌਰਾਨ ਕਿਸ਼ੋਰੀਆਂ ਲਈ ਸੰਤੁਲਤ ਭੋਜਨ ਦੀ ਮਹੱਤਤਾ, ਸਰੀਰਕ ਅਤੇ ਮਾਨਸਿਕ ਬਦਲਾਵਾਂ ਦੌਰਾਨ ਸਰੀਰਕ ਸੰਭਾਲ, ਮਹਾਵਾਰੀ ਬਾਰੇ ਗਲਤ ਵਿਚਾਰਧਰਾਵਾਂ, ਲੜਕੀਆਂ ਦੇ ਅਧਿਕਾਰਾਂ ਅਤੇ ਘਰੇਲੂ ਹਿੰਸਾ ਵਿਸ਼ਿਆਂ 'ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ. ਕੁਲਦੀਪ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਹਰਪ੍ਰੀਤ ਕੌਰ, ਪ੍ਰਿੰਸੀਪਲ ਸੀਮਾ ਸ਼ਰਮਾ, ਡਾ. ਰਾਣਾ ਪ੍ਰੀਤ ਗਿੱਲ ਤੋਂ ਇਲਾਵਾ ਬਾਲਿਕਾ ਮੰਚ ਦੀਆਂ ਵਿਦਿਆਰਥਣਾਂ ਵਲੋਂ ਵੀ ਵਿਚਾਰ ਪੇਸ਼ ਕੀਤੇ ਗਏ।
No comments:
Post a Comment