- 'ਸਮਰਪਣ' ਤੋਂ ਸੇਧ ਲੈਂਦਿਆਂ ਪਿੰਡ ਧਾਮੀਆਂ ਦੇ ਵਸਨੀਕ ਖੁਦ ਬਣਾਉਣਗੇ ਪ੍ਰਾਇਮਰੀ ਸਕੂਲ ਦੀ ਨਵੀਂ ਇਮਾਰਤ
- ਮੰਤਰੀ ਸਾਹਿਬਾਨ ਅਤੇ ਹੋਰ ਦਾਨੀ ਸੱਜਣਾਂ ਸਮੇਤ ਕਰੀਬ 12 ਹਜ਼ਾਰ ਵਿਅਕਤੀ ਬਣ ਚੁੱਕੇ ਨੇ 'ਸਮਰਪਣ' ਦੇ ਮੈਂਬਰ
ਹੁਸ਼ਿਆਰਪੁਰ, 2 ਫਰਵਰੀ: ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਸ਼ੁਰੂ ਕੀਤਾ ਗਿਆ 'ਸਮਰਪਣ' ਪ੍ਰੋਜੈਕਟ ਉਦੋਂ ਸਿਖਰ 'ਤੇ ਪਹੁੰਚ ਗਿਆ ਜਦੋਂ ਪਿੰਡ ਧਾਮੀਆਂ ਦੇ ਵਸਨੀਕਾਂ ਨੇ 'ਸਮਰਪਣ' ਤੋਂ ਸੇਧ ਲੈਂਦਿਆਂ ਖੁਦ ਪ੍ਰਾਇਮਰੀ ਸਕੂਲ ਦੀ ਨਵੀਂ ਇਮਾਰਤ ਬਣਾਉਣ ਲਈ ਉਪਰਾਲਾ ਸ਼ੁਰੂ ਕਰ ਦਿੱਤਾ। ਧਾਮੀਆਂ ਪਿੰਡ ਦੇ ਵਸਨੀਕਾਂ ਨੇ 'ਸਮਰਪਣ' ਪ੍ਰੋਜੈਕਟ ਦੀ ਸ਼ਲਾਘਾ ਕਰਦਿਆਂ ਆਪਣੇ ਪੱਧਰ 'ਤੇ ਹੀ ਪ੍ਰਾਇਮਰੀ ਸਕੂਲ ਦੀ ਨਵੀਂ ਇਮਾਰਤ ਬਣਾਉਣ ਲਈ ਬੀੜਾ ਚੁੱਕ ਲਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਅਜਿਹੀ ਸਿੱਖਿਆ ਸੰਸਥਾ ਬਣਾਉਣਾ ਚਾਹੁੰਦੇ ਹਨ, ਜਿਸ ਵਿੱਚ ਗਰੀਬ ਅਤੇ ਅਮੀਰ ਦਾ ਬੱਚਾ ਇਕੱਠੇ ਬੈਠ ਕੇ ਸਿੱਖਿਆ ਪ੍ਰਾਪਤ ਕਰ ਸਕੇ। ਸਕੂਲ ਵਿੱਚ ਸਮਾਰਟ ਰੂਮ ਅਤੇ ਕੰਪਿਊਟਰ ਲੈਬ ਬਣਾਉਣ ਦੀ ਵੀ ਯੋਜਨਾ ਹੈ, ਜਿਸ ਲਈ ਸਵਰਗੀ ਜਗਤ ਸਿੰਘ ਦੇ ਪਰਿਵਾਰ ਵਲੋਂ ਇਕ ਕਮਰਾ ਬਣਾਉਣ ਦੀ ਸੇਵਾ ਅਤੇ ਮਾਤਾ ਸੰਤੋਖ ਕੌਰ ਦੇ ਪਰਿਵਾਰ ਵਲੋਂ 50 ਹਜ਼ਾਰ ਰੁਪਏ ਦੀ ਸੇਵਾ ਕੀਤੀ ਜਾ ਰਹੀ ਹੈ। ਉਕਤ ਤੋਂ ਇਲਾਵਾ ਜਿਥੇ ਨਵੇਂ ਵਿਆਹੇ ਜੋੜੇ ਵੀ 'ਸਮਰਪਣ' ਦੇ ਮੈਂਬਰ ਬਣ ਰਹੇ ਹਨ, ਉਥੇ ਮੰਤਰੀ ਸਾਹਿਬਾਨ ਅਤੇ ਸਿੱਖਿਆ ਵਿਭਾਗ ਦੇ ਉਚ ਅਧਿਕਾਰੀ ਵੀ 'ਸਮਰਪਣ' ਵਿੱਚ ਯੋਗਦਾਨ ਪਾਉਣ ਲਈ ਅੱਗੇ ਆ ਗਏ ਹਨ।
ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਧਾਮੀਆਂ ਵਲੋਂ 'ਸਮਰਪਣ' ਤਹਿਤ ਕੀਤਾ ਜਾ ਰਿਹਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਇਹ ਉਪਰਾਲਾ 'ਸਮਰਪਣ' ਪ੍ਰੋਜੈਕਟ ਲਈ ਇਕ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਰੀਬ 12 ਹਜ਼ਾਰ ਦਾਨੀ ਸੱਜਣ 'ਸਮਰਪਣ' ਦੇ ਮੈਂਬਰ ਬਣ ਚੁੱਕੇ ਹਨ, ਜਿਨ੍ਹਾਂ ਵਿੱਚ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਸ੍ਰ: ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਵਾਈਸ ਚੇਅਰਮੈਨ ਇੰਡੀਅਨ ਰੈਡ ਕਰਾਸ ਸੁਸਾਇਟੀ ਸ੍ਰੀ ਅਵਿਨਾਸ਼ ਰਾਏ ਖੰਨਾ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ ਆਈ.ਏ.ਐਸ. ਅਤੇ ਪੀ.ਸੀ.ਐਸ. ਅਧਿਕਾਰੀ ਵੀ 'ਸਮਰਪਣ' ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਿੱਖਿਆ ਵਿਭਾਗ ਦੀ ਪਹਿਲ ਕਦਮੀ ਨਾਲ ਚਲਾਏ ਜਾ ਰਹੇ ਇਸ ਪ੍ਰੋਜੈਕਟ ਸਦਕਾ ਡਾਇਰੈਕਟਰ ਸਿੱਖਿਆ ਵਿਭਾਗ ਐਲੀਮੈਂਟਰੀ ਸ੍ਰੀ ਇੰਦਰਜੀਤ ਸਿੰਘ ਵੀ 'ਸਮਰਪਣ' ਦੇ ਮੈਂਬਰ ਬਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਦੇ ਨਵ-ਵਿਆਹੇ ਜੋੜੇ ਸ੍ਰੀ ਅਜੇ ਕੁਮਾਰ ਅਤੇ ਸ੍ਰੀਮਤੀ ਬਲਜਿੰਦਰ ਕੌਰ ਨੇ 'ਸਮਰਪਣ' ਦਾ ਮੈਂਬਰ ਬਣ ਕੇ ਇਕ ਨਵੀਂ ਮਿਸਾਲ ਕਾਇਮ ਕਰ ਦਿੱਤੀ ਹੈ। ਇਸ ਤੋਂ ਇਲਾਵਾ ਜਿਥੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਰਾਕੇਸ਼ ਕੁਮਾਰ ਵਲੋਂ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਸਹਿਯੋਗ ਨਾਲ 9125 ਰੁਪਏ ਦਾ ਯੋਗਦਾਨ ਵੀ ਪਾਇਆ ਗਿਆ ਹੈ, ਉਥੇ ਵਿਜਿਆ ਬੈਂਕ ਮਾਹਿਲਪੁਰ ਦੇ ਮੈਨੇਜਰ ਸ੍ਰੀ ਅਸ਼ਵਨੀ ਸ਼ਰਮਾ ਪਰਿਵਾਰ ਦੇ 6 ਮੈਂਬਰਾਂ ਸਮੇਤ 'ਸਪਰਪਣ' ਦੇ ਮੈਂਬਰ ਬਣ ਚੁੱਕੇ ਹਨ।
ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਦਾਨੀ ਸੱਜਣ ਇਹ ਦਾਨ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਜਾਂ ਹੋਰ ਵਿਸ਼ੇਸ਼ ਯਾਦ ਲਈ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਕ ਪਰਚੀ 365 ਰੁਪਏ ਦੀ ਹੋਵੇਗੀ ਅਤੇ ਇਕ ਦਿਨ ਦੇ ਇਕ ਰੁਪਏ ਦੇ ਹਿਸਾਬ ਨਾਲ ਇਕ ਦਾਨੀ ਸੱਜਣ 365 ਰੁਪਏ ਕਿਸੇ ਵਿਸ਼ੇਸ਼ ਦਿਨ ਲਈ ਦਾਨ ਕਰ ਸਕਦਾ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ 'ਸਮਰਪਣ' ਵਿੱਚ ਸਮਰਪਣ ਭਾਵਨਾ ਨਾਲ ਜੁੜਨ ਲਈ ਅੱਗੇ ਆਉਣ ਦੀ ਲੋੜ ਹੈ, ਤਾਂ ਜੋ ਸਰਕਾਰੀ ਸਕੂਲਾਂ ਦੀਆਂ ਬੁਨਿਆਦੀ ਕਮੀਆਂ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ 'ਸਮਰਪਣ' ਪ੍ਰੋਜੈਕਟ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸ਼ੁਰੂ ਕੀਤਾ ਗਿਆ ਹੈ, ਜਿਸ ਲਈ ਭਾਰੀ ਗਿਣਤੀ ਵਿੱਚ 'ਸਮਰਪਣ' ਨਾਲ ਦਾਨੀ ਸੱਜਣਾਂ ਦਾ ਜੁੜਨਾ ਇਸ ਗੱਲ ਦਾ ਸੰਕੇਤ ਹੈ ਕਿ ਇਹ ਪ੍ਰੋਜੈਕਟ ਸਰਕਾਰੀ ਸਕੂਲਾਂ ਲਈ ਇਕ ਮਿਸਾਲ ਹੋਵੇਗਾ।
No comments:
Post a Comment